ਹਰਿਆਣਾ ’ਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਵੋਟਿੰਗ ਖ਼ਤਮ, ਗਿਣਤੀ ਜਾਰੀ

06/10/2022 6:24:34 PM

ਚੰਡੀਗੜ੍ਹ– ਹਰਿਆਣਾ ਤੋਂ ਰਾਜ ਸਭਾ ਦੀਆਂ ਦੋ ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਖ਼ਤਮ ਹੋ ਗਈ ਹੈ ਅਤੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਵੋਟਿੰਗ ਤੋਂ ਦੂਰ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿਧਾਨ ਸਭਾ ’ਚ ਕੁੱਲ 90 ਸੀਟਾਂ ਹਨ ਅਤੇ 89 ਵਿਧਾਇਕਾਂ ਨੇ ਵੋਟ ਪਾਈ ਹੈ। ਵੋਟਿੰਗ ਸਵੇਰੇ 9 ਵਜੇ ਸ਼ੁਰੂ ਹੋਈ ਸੀ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਨੂੰ ਖੜ੍ਹਾ ਕੀਤਾ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਕਾਂਗਰਸ ਦੇ ਉਮੀਦਵਾਰ ਹਨ। ਮੀਡੀਆ ਕਾਰੋਬਾਰੀ ਕਾਰਤਿਕੇਸ਼ ਸ਼ਰਮਾ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ’ਚ ਹਨ। 

ਭਾਜਪਾ ਤਿੰਨ ਸੂਬਾ ਸਰਕਾਰ ਖਿਲਾਫ ਆਵਾਜ਼ ਚੁੱਕਣ ਵਾਲੇ ਆਜ਼ਾਦ ਵਿਧਾਇਕ ਕੁੰਡੂ ਵੋਟਿੰਗ ’ਚ ਹਿੱਸਾ ਨਾ ਲੈਣ ਦੇ ਆਪਣੇ ਫੈਸਲੇ ’ਤੇ ਅੜੇ ਰਹੇ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਓ.ਪੀ. ਧਨਖੜ ਨੇ ਕੁੰਡੂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਮਹਿਮ ਦੇ ਵਿਧਾਇਕ ਕੁੰਡੂ ਨੇ ਪੱਤਰਕਾਰਾਂ ਨੂੰ ਕਿਹਾ, ‘ਮੈਨੂੰ ਪੈਸਿਆਂ ਸਮੇਤ ਕਈ ਤਰ੍ਹਾਂ ਦੀਆਂ ਪੇਸ਼ਕਸ਼ਾਂ ਦਿੱਤੀਆਂ ਗਈਆਂ ਪਰ ਮੈਂ ਆਪਣੀ ਮਰਜ਼ੀ ਨਾਲ ਫੈਸਲਾ ਲਿਆ ਹੈ।’ ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ’ਚ ਭਾਜਪਾ-ਜਜਪਾ ਦੀ ਸਰਕਾਰ ’ਚ ਕਈ ਘਪਲੇ ਹੋਏ ਹਨ ਅਤੇ ਉਹ ਭਾਜਪਾ ਜਾਂ ਉਸਦੀ ਕਿਸੇ ਸਹਿਯੋਗੀ ਪਾਰਟੀ ਦੇ ਸਮਰਥਨ ਵਾਲੇ ਉਮੀਦਵਾਰ ਲਈ ਵੋਟਿੰਗ ਨਹੀਂ ਕਰ ਸਕਦੇ। ਉਨ੍ਹਾਂ ਕਾਂਗਰਸ ’ਤੇ ਵੀ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਸਨੇ ਬਾਹਰੀ ਉਮੀਦਵਾਰ ਅਜੇ ਮਾਕਨ ਨੂੰ ਖੜ੍ਹਾ ਕਰਕੇ ਲੋਕਾਂ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ, ‘ਇਨ੍ਹਾਂ ਸਾਰੇ ਕਾਰਨਾਂ ਕਰਕੇ ਮੈਂ ਵੋਟਿੰਗ ਤੋਂ ਦੂਰ ਰਹਿਣ ਅਤੇ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਹੈ।’

ਹਰਿਆਣਾ ’ਚ 90 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਦੇ 31 ਵਿਧਾਇਕ ਹਨ। ਸੀਨੀਅਰ ਕਾਂਗਰਸ ਨੇਤਾ ਅਤੇ ਵਿਧਾਇਕ ਰਘੁਵੀਰ ਸਿੰਘ ਕਾਦਿਆਨ ਨੇ ਕਿਹਾ ਕਿ ਕਾਂਗਰਸ ਕੋਲ ਆਪਣੇ ਉਮੀਦਵਾਰ ਦੀ ਜਿੱਤ ਲਈ ਲੋੜੀਂਦੀ ਗਿਣਤੀ ਹੈ। ਉਨ੍ਹਾਂ ਕਿਹਾ, ‘ਸਾਡੇ ਉਮੀਦਵਾਰ ਨੂੰ ਕਾਂਗਰਸ ਦੀਆਂ 31 ਵੋਟਾਂ ਮਿਲਣਗੀਆਂ। ਇਸਤੋਂ ਇਲਾਵਾ ਉਨ੍ਹਾਂ ਨੂੰ ਦੋ-ਤਿੰਨ ਵੋਟਾਂ ਹੋਰ ਵੀ ਮਿਲਣਗੀਆਂ।’ ਕਾਂਗਰਸ ਨੇ ਖਰੀਦ-ਫਰੋਖਤ ਦੇ ਡਰ ਤੋਂ ਇਕ ਹਫਤਾ ਪਹਿਲਾਂ ਆਪਣੇ ਵਿਧਾਇਕਾਂ ਨੂੰ ਰਾਏਪੁਰ ਭੇਜ ਦਿੱਤਾ ਸੀ। ਉਹ ਸ਼ੁੱਕਰਵਾਰ ਨੂੰ ਵੋਟਾਂ ਤੋਂ ਪਹਿਲਾਂ ਚੰਡੀਗੜ੍ਹ ਪਹੁੰਚੇ। 

ਭਾਜਪਾ-ਜਜਪਾ ਅਤੇ ਕੁਝ ਆਜ਼ਾਦ ਨੇਤਾਵਾਂ ਨੇ ਦਾਅਵਾ ਕੀਤਾ ਸੀ ਭਾਜਪਾ ਉਮੀਦਵਾਰ ਪੰਵਾਰ ਅਤੇ ਆਜ਼ਾਦ ਕਾਰਤੀਕੇਯ ਸ਼ਰਮਾ ਜਿੱਤਣਗੇ। ਹਰਿਆਣਾ ’ਚ 90 ਮੈਂਬਰੀ ਵਿਧਾਨ ਸਭਾ ’ਚ 40 ਵਿਧਾਇਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਕੋਲ ਜਿੱਤ ਲਈ ਲੋੜੀਆਂ 31 ਵੋਟਾਂ ’ਚੋਂ 9 ਜ਼ਿਆਦਾ ਵੋਟਾਂ ਹਨ, ਜਦਕਿ ਮੀਡੀਆ ਕਾਰੋਬਾਰੀ ਕਾਰਤੀਕੇਯ ਸ਼ਰਮਾ ਦੇ ਆਜ਼ਾਦ ਖੜ੍ਹੇ ਹੋਣ ਨਾਲ ਦੂਜੀ ਸੀਟ ਲਈ ਮੁਕਾਬਲਾ ਦਿਲਚਸਪ ਹੋ ਗਿਆ ਹੈ। ਉਨ੍ਹਾਂ ਨੂੰ ਭਾਜਪਾ-ਜਜਪਾ ਗਠਜੋੜ, ਆਜ਼ਾਦ ਉਮੀਦਵਾਰਾਂ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਇਕਲੌਤੇ ਵਿਧਾਇਕ ਗੋਪਾਲ ਕਾਂਡਾ ਦਾ ਸਮਰਥਨ ਪ੍ਰਾਪਤ ਹੈ। ਕਾਂਗਰਸ ਦੇ ਰਾਜ ਵਿਧਾਨ ਸਭਾ ’ਚ 31 ਮੈਂਬਰ ਹਨ, ਜੋ ਇਕ ਸੀਟ ਲਈ ਉਸਦੇ ਉਮੀਦਵਾਰ ਨੂੰ ਜਿਤਾਉਣ ਲਈ ਲੋੜੀਂਦੇ ਹਨ ਪਰ ‘ਕ੍ਰਾਸ-ਵੋਟਿੰਗ’ ਹੋਣ ’ਤੇ ਉਸ ਦੀਆਂ ਸੰਭਾਵਨਾਵਾਂ ਘੱਟ ਹੋ ਸਕਦੀਆਂ ਹਨ।


Rakesh

Content Editor

Related News