ਪਿਤਾ ਤੇ ਧੀ ਭੱਦੀ ਟਿੱਪਣੀਆਂ ਸੁਣੇ ਬਿਨਾਂ ਇਕੱਠੇ ਸੜਕ ’ਤੇ ਨਹੀਂ ਚੱਲ ਸਕਦੇ : ਹਾਈ ਕੋਰਟ

Friday, Mar 25, 2022 - 12:44 PM (IST)

ਕੋਚੀ (ਕੇਰਲ)– ਕੇਰਲ ਹਾਈ ਕੋਰਟ ਨੇ ਉਸ ਵਿਅਕਤੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਨੇ ਕਥਿਤ ਤੌਰ ’ਤੇ ਸੜਕ ’ਤੇ ਇਕ ਲੜਕੇ ’ਤੇ ਅਣਉਚਿਤ ਟਿੱਪਣੀ ਕੀਤੀ ਸੀ ਅਤੇ ਵਿਰੋਧ ਕਰਨ ’ਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ। ਅਦਾਲਤ ਨੇ ਕਿਹਾ ਕਿ ਇਹ 'ਮੰਦਭਾਗਾ' ਹੈ ਕਿ ਇੱਕ ਪਿਤਾ ਅਤੇ ਇੱਕ ਧੀ ਅਸ਼ਲੀਲ ਟਿੱਪਣੀਆਂ ਸੁਣੇ ਬਿਨਾਂ ਇਕੱਠੇ ਸੜਕ ’ਤੇ ਨਹੀਂ ਚੱਲ ਸਕਦੇ। ਹਾਈ ਕੋਰਟ ਨੇ ਕਿਹਾ ਕਿ ਦੋਸ਼ੀ ਨੇ 14 ਸਾਲ ਦੀ ਧੀ ਖਿਲਾਫ ਅਸ਼ਲੀਲ ਟਿੱਪਣੀਆਂ ’ਤੇ ਇਤਰਾਜ਼ ਜਤਾਉਂਦਿਆਂ ਕਥਿਤ ਤੌਰ ’ਤੇ ਪਿਤਾ ਨੂੰ ਹੈਲਮੇਟ ਨਾਲ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਨਾਬਾਲਗ ਲੜਕੀ ਦੇ ਪਿਤਾ ਸੇਵਾਮੁਕਤ ਪੁਲਸ ਸਬ-ਇੰਸਪੈਕਟਰ ਹਨ।

ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਜੇਕਰ ਕੋਈ ਆਦਮੀ ਅਤੇ ਉਸ ਦੀ ਧੀ ਅਸ਼ਲੀਲ ਟਿੱਪਣੀਆਂ ਸੁਣੇ ਬਿਨਾਂ ਸੜਕ ’ਤੇ ਇਕੱਠੇ ਨਹੀਂ ਚੱਲ ਸਕਦੇ। ਇਹ ਸਭ ਬੰਦ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੋਸ਼ੀ ਨੇ ਦਾਅਵਾ ਕੀਤਾ ਕਿ ਲੜਕੀ ਦੇ ਪਿਤਾ ਨੇ ਉਸ ’ਤੇ ਅਤੇ ਉਸ ਦੇ ਨਾਲ ਮੌਜੂਦ ਇਕ ਹੋਰ ਵਿਅਕਤੀ ’ਤੇ ਹਮਲਾ ਕੀਤਾ ਸੀ। ਇਸ ’ਤੇ ਅਦਾਲਤ ਨੇ ਕਿਹਾ ਕਿ ਜੋ ਵੀ ਮਾਤਾ-ਪਿਤਾ ਆਪਣੇ ਬੱਚੇ ਖਿਲਾਫ ਅਜਿਹੀ ਭੱਦੀ ਟਿੱਪਣੀ ਸੁਣਦਾ ਹੈ, ਉਹ ਉਸੇ ਤਰ੍ਹਾਂ ਦੀ ਪ੍ਰਤੀਕਿਰਿਆ ਕਰੇਗਾ। ਦੋਸ਼ੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 308 (ਕਤਲ ਦੀ ਕੋਸ਼ਿਸ਼) ਦੇ ਤਹਿਤ ਇਕਮਾਤਰ ਗੈਰ-ਜ਼ਮਾਨਤੀ ਅਪਰਾਧ ਸੀ, ਜਿਸ ਨੂੰ ਤੁਰੰਤ ਮਾਮਲੇ ਵਿਚ ਨਹੀਂ ਲਿਆ ਗਿਆ ਸੀ। ਅਗਾਊਂ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਸੇਵਾਮੁਕਤ ਪੁਲਸ ਅਧਿਕਾਰੀ ਆਪਣੀ 14 ਸਾਲਾ ਬੇਟੀ ਨਾਲ ਸੜਕ ’ਤੇ ਸੈਰ ਕਰ ਰਿਹਾ ਸੀ ਜਦੋਂ ਪਟੀਸ਼ਨਰ ਅਤੇ ਇਕ ਹੋਰ ਦੋਸ਼ੀ ਨੇ ਉਨ੍ਹਾਂ ਖਿਲਾਫ ਭੱਦੀ ਟਿੱਪਣੀ ਕੀਤੀ।


Rakesh

Content Editor

Related News