ਔਰਤਾਂ ਬਾਰੇ ਟਿੱਪਣੀਆਂ ਲਈ ਭਗਵੰਤ ਮਾਨ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ ਕੇਜਰੀਵਾਲ: ਜਾਖੜ
Thursday, Mar 12, 2026 - 03:27 PM (IST)
ਚੰਡੀਗੜ੍ਹ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਉਹ ਭਗਵੰਤ ਸਿੰਘ ਮਾਨ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ? ਜਾਖੜ ਨੇ ਇਹ ਵੀ ਆਖਿਆ ਜੇ ਕੇਜਰੀਵਾਲ ਇਸ ਮਾਮਲੇ ਵਿਚ ਭਗਵੰਤ ਮਾਨ ਦੇ ਖ਼ਿਲਾਫ਼ ਬੋਲਦੇ ਹਨ ਤਾਂ ਭਗਵੰਤ ਮਾਨ ਅਗਲੇ ਦਿਨ ਹੀ ਦਿੱਲੀ ਤੋਂ ਲਿਆ ਕੇ ਪੰਜਾਬ ਵਿਚ ਬਿਠਾਏ ਵੈਭਵ ਬਾਰੇ ਪੁੱਛਣ ਲੱਗ ਪੈਣਗੇ।
ਇੱਥੇ ਪੱਤਰਕਾਰਾਂ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਸੁਖਪਾਲ ਖਹਿਰਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ 'ਤੇ ਹੋਏ ਹੰਗਾਮੇ ਬਾਰੇ ਪੁੱਛੇ ਜਾਣ 'ਤੇ ਸੁਨੀਲ ਜਾਖੜ ਨੇ ਕਿਹਾ ਕਿ ਸੁਖਪਾਲ ਖਹਿਰਾ ਤਾਂ ਕਿਸੇ ਸੰਵਿਧਾਨਕ ਅਹੁਦੇ 'ਤੇ ਨਹੀਂ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਇਕ ਸੰਵਿਧਾਨਕ ਅਹੁਦੇ 'ਤੇ ਹੁੰਦੇ ਹੋਏ ਅਜਿਹੀਆਂ 'ਘਟੀਆ' ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਂ ਪਾਰਟੀ ਦੇ ਸੁਪਰੀਮੋ ਹਨ, ਉਹ ਅਜਿਹੀਆਂ ਟਿੱਪਣੀਆਂ ਸਾਹਮਣੇ ਆਉਣ 'ਤੇ ਭਗਵੰਤ ਮਾਨ ਨੂੰ ਬਾਹਰ ਕਿਉਂ ਨਹੀਂ ਕੱਢਦੇ। ਇਸ ਲਈ ਉਨ੍ਹਾਂ ਨੂੰ ਕੋਈ ਮਤਾ ਪਾਉਣ ਦੀ ਵੀ ਲੋੜ ਨਹੀਂ ਪਵੇਗੀ।
ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਲਈ ਮੁਆਫ਼ੀ ਮੰਗ ਲਈ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਲਈ ਮੁਆਫ਼ੀ ਕਿਉਂ ਨਹੀਂ ਮੰਗਦੇ? ਉਨ੍ਹਾਂ ਆਖਿਆ ਕਿ ਕੇਜਰੀਵਾਲ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਫ਼ਿਰ ਭਗਵੰਤ ਮਾਨ ਅਗਲੇ ਦਿਨ ਹੀ ਦਿੱਲੀ ਤੋਂ ਲਿਆ ਕੇ ਇੱਥੇ ਬਿਠਾਏ ਵੈਭਵ ਬਾਰੇ ਪੁੱਛਣ ਲੱਗ ਪੈਣਗੇ। ਜਾਖੜ ਨੇ ਕਿਹਾ ਕਿ ਇਸੇ ਵੈਭਵ ਨੇ ਸਵਾਤੀ ਮਾਲੀਵਾਲ ਦੇ ਨਾਲ ਦਿੱਲੀ ਵਿਚ ਬਦਸਲੂਕੀ ਕੀਤੀ ਸੀ, ਉਸ ਵੇਲੇ ਮਹਿਲਾਵਾਂ ਦੇ ਸਨਮਾਨ ਦੀ ਗੱਲ ਕਿਉਂ ਨਹੀਂ ਹੋਈ? ਜਾਖੜ ਨੇ ਕਿਹਾ ਕਿ ਇਹ ਸਾਰੇ ਇੱਕੋ ਵਰਗੇ ਹਨ ਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਅਜਿਹੇ ਮਤੇ ਲਿਆਂਦੇ ਜਾ ਰਹੇ ਹਨ।
