ਚੋਣ ਕਮਿਸ਼ਨ ਨੇ ਜ਼ਬਤ ਕੀਤਾ ਹਿਮਾਚਲ ਸਿੱਖਿਆ ਬੋਰਡ ਪ੍ਰਧਾਨ ਦਾ ਸਰਕਾਰੀ ਵਾਹਨ

10/19/2019 4:43:40 PM

ਧਰਮਸ਼ਾਲਾ—ਚੋਣ ਜ਼ਾਬਤੇ ਦੀ ਉਲੰਘਣਾ ਕਰ ਕੇ ਸਰਕਾਰੀ ਵਾਹਨ ਦੀ ਦੁਰਵਰਤੋਂ ਕਰਨ ’ਤੇ ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਦੇ ਪ੍ਰਧਾਨ ’ਤੇ ਗਾਜ ਡਿੱਗੀ ਹੈ। ਵੀਰਵਾਰ ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਦਿੱਤੇ ਜਵਾਬ ਤੋਂ ਅਸਤੁੰਸ਼ਟੀ ਜਤਾਉਂਦੇ ਹੋਏ ਚੋਣ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਗੱਡੀ ਜ਼ਬਤ ਕਰ ਲਈ ਹੈ। ਇਸ ਦੇ ਨਾਲ ਹੀ ਸਰਕਾਰੀ ਗੱਡੀ ਦੀ ਲਾਗ ਬੁੱਕ ਨੂੰ ਵੀ ਜਾਂਚ ਲਈ ਕਬਜੇ ’ਚ ਲੈ ਲਿਆ ਹੈ। 

ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਧਰਮਸ਼ਾਲਾ ’ਚ ਜ਼ਿਮਨੀ ਚੋਣਾਂ ਲਈ ਪ੍ਰਚਾਰ ਚੱਲ ਰਿਹਾ ਹੈ। ਜ਼ਿਲਾ ਚੋਣ ਅਧਿਕਾਰੀ ਨੇ ਸਿੱਖਿਆ ਬੋਰਡ ਦੇ ਪ੍ਰਧਾਨ ਨੂੰ ਆਪਣੇ ਸਰਕਾਰੀ ਵਾਹਨ ਦੀ ਵਰਤੋਂ ਕਰਨ ’ਤੇ ਨੋਟਿਸ ਜਾਰੀ ਕਰ ਕੇ ਪੱਖ ਰੱਖਣ ਨੂੰ ਕਿਹਾ ਸੀ। ਪਿਛਲੇ ਦਿਨੀਂ ਕਿਸੇ ਅਣਜਾਣ ਵਿਅਕਤੀ ਨੇ ਚੋਣ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਬੋਰਡ ਪ੍ਰਧਾਨ ਚੋਣ ਜ਼ਾਬਤੇ ਦੌਰਾਨ ਆਪਣੀ ਸਰਕਾਰੀ ਗੱਡੀ ਦੀ ਦੁਰਵਰਤੋਂ ਕਰ ਰਹੇ ਹਨ। ਸ਼ੁਰੂਆਤੀ ਜਾਂਚ ’ਚ ਦੱਸਿਆ ਗਿਆ ਹੈ ਕਿ ਸ਼ਿਕਾਇਤ ’ਚ ਲੱਗੇ ਦੋਸ਼ ਸਹੀ ਹਨ। ਇਸ ਦੇ ਆਧਾਰ ’ਤੇ ਵੀਰਵਾਰ ਨੂੰ ਬੋਰਡ ਪ੍ਰਧਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਜਵਾਬ ਦੇਣ ਲਈ 24 ਘੰਟਿਆਂ ਦਾ ਅਲਟੀਮੇਟ ਦਿੱਤਾ ਗਿਆ ਸੀ। ਬੋਰਡ ਪ੍ਰਧਾਨ ਨੇ ਜਵਾਬ ’ਚ ਕਿਹਾ ਹੈ ਕਿ ਉਨ੍ਹਾਂ ਨੇ ਸਰਕਾਰੀ ਗੱਡੀ ਨੂੰ ਨਿਯਮਾਂ ਮੁਤਾਬਕ ਦਫਤਰ ਤੋਂ ਰਿਹਾਇਸ਼ ਅਤੇ ਰਿਹਾਇਸ਼ ਤੋਂ ਦਫਤਰ ਤੱਕ ਹੀ ਵਰਤੋਂ ਕੀਤੀ ਹੈ।

ਦੂਜੇ ਪਾਸੇ ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਰਾਕੇਸ਼ ਪ੍ਰਜਾਪਤੀ ਨੇ ਕਿਹਾ ਹੈ ਕਿ ਜਾਂਚ ’ਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਸਹੀ ਦੱਸੇ ਜਾਣ ’ਤੇ ਬੋਰਡ ਪ੍ਰਧਾਨ ਦੀ ਗੱਡੀ ਨੂੰ ਜਬਤ ਕਰ ਲਿਆ ਗਿਆ ਹੈ। ਬੋਰਡ ਪ੍ਰਧਾਨ ਨੇ ਚੋਣ ਵਿਭਾਗ ਦੇ ਨੋਟਿਸ ’ਤੇ ਆਪਣਾ ਪੱਖ ਰੱਖਿਆ ਸੀ, ਜੋ ਕਿ ਸੰਤੋਖਜਨਕ ਨਹੀਂ ਹੈ। ਜਾਂਚ ਦੌਰਾਨ ਜ਼ਿਮਨੀ ਚੋਣਾਂ ’ਚ ਸਰਕਾਰੀ ਗੱਡੀ ਦੀ ਦੁਰਵਰਤੋਂ ਸਹੀ ਦੱਸੀ ਗਈ ਹੈ। ਇਸ ਲਈ ਪ੍ਰਧਾਨ ਦੀ ਗੱਡੀ ਜ਼ਬਤ ਕੀਤੀ ਗਈ ਹੈ।


Iqbalkaur

Content Editor

Related News