ਰੁੜਕਾ ਕਲਾਂ ਦੀ ਚੇਅਰਪਰਸਨ ਚੋਣ ਤੋਂ ਪਹਿਲਾਂ ''ਆਪ'' ਦੀ ਬਲਾਕ ਸੰਮਤੀ ਮੈਂਬਰ ''ਤੇ FIR ਦਰਜ, ਪੁਲਸ ਨੇ ਕੀਤਾ ਗ੍ਰਿਫ਼ਤਾਰ
Tuesday, Mar 10, 2026 - 10:13 AM (IST)
ਗੁਰਾਇਆ (ਮੁਨੀਸ਼) : ਬਲਾਕ ਸੰਮਤੀ ਰੁੜਕਾ ਕਲਾਂ ਵਿਖੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ 10 ਮਾਰਚ ਨੂੰ ਹੋਣ ਜਾ ਰਹੀ ਹੈ, ਇਸ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਢੰਡਾ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਸੁਨੀਤਾ ਰਾਣੀ ਖਿਲਾਫ ਥਾਣਾ ਗੁਰਾਇਆ 'ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਾਲ ਮੰਗਲਵਾਰ ਨੂੰ ਬਲਾਕ ਰੁੜਕਾ ਕਲਾਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਬਲਾਕ ਸੰਮਤੀ ਮੈਂਬਰ ਦੇ ਗੈਰ-ਹਾਜ਼ਰ ਰਹਿਣ ਦੀ ਸੰਭਾਵਨਾ ਬਣ ਗਈ ਹੈ।
ਪੁਲਸ ਵੱਲੋਂ ਆਮ ਆਦਮੀ ਪਾਰਟੀ ਦੀ ਬਲਾਕ ਸੰਮਤੀ ਮੈਂਬਰ ਖਿਲਾਫ਼ ਦਰਜ ਕੀਤੀ ਗਈ ਐੱਫਆਈਆਰ ਨੂੰ ਹਾਈਡ ਕੀਤਾ ਗਿਆ ਹੈ ਅਤੇ ਪੁਲਸ ਅਧਿਕਾਰੀ ਇਸ ਬਾਬਤ ਕੋਈ ਵੀ ਜਾਣਕਾਰੀ ਖੁੱਲ ਕੇ ਦੇਣ ਲਈ ਤਿਆਰ ਨਹੀਂ ਹਨ। ਇੱਥੇ ਦੱਸ ਦਈਏ ਬਲਾਕ ਰੁੜਕਾ ਕਲਾਂ ਵਿਖੇ ਕੁੱਲ 15 ਬਲਾਕ ਸੰਮਤੀ ਮੈਂਬਰ ਜਿੱਤ ਕੇ ਆਏ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਦੇ 3, ਕਾਂਗਰਸ ਦੇ 2, ਬਹੁਜਨ ਸਮਾਜ ਪਾਰਟੀ ਦੇ 2, ਸ਼੍ਰੋਮਣੀ ਅਕਾਲੀ ਦਲ ਦੇ 4 ਅਤੇ 4 ਆਜ਼ਾਦ ਉਮੀਦਵਾਰ ਜਿੱਤ ਕੇ ਬਲਾਕ ਸੰਮਤੀ ਮੈਂਬਰ ਬਣੇ ਹਨ। ਇੱਥੇ ਦੱਸ ਦਈਏ ਬਲਾਕ ਰੁੜਕਾ ਕਲਾਂ ਦੀ ਚੇਅਰਪਰਸਨ ਲਈ ਐਸੀ ਮਹਿਲਾ ਅਤੇ ਵਾਈਸ ਚੇਅਰਮੈਨ ਲਈ ਮਹਿਲਾ ਦੀ ਸੀਟ ਰਾਖਵੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਇਲ ਗੋਲੀਬਾਰੀ ਕਾਂਡ: ਮ੍ਰਿਤਕ ਸਤਨਾਮ ਦੀ ਪਤਨੀ ਵੱਲੋਂ ਨਿਰਪੱਖ ਜਾਂਚ ਤੇ ਪਰਿਵਾਰ ਲਈ ਮਦਦ ਦੀ ਅਪੀਲ
15 ਵਿੱਚੋਂ ਕੁੱਲ 3 ਐਸਸੀ ਮਹਿਲਾ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਵਿੱਚ ਦੋ ਆਮ ਆਦਮੀ ਪਾਰਟੀ ਅਤੇ ਇੱਕ ਆਜ਼ਾਦ ਉਮੀਦਵਾਰ ਸ਼ਾਮਲ ਹੈ, ਇਨ੍ਹਾਂ ਚ ਐਸਸੀ ਮਹਿਲਾ ਦੀ ਗੱਲ ਕੀਤੀ ਜਾਵੇ ਤਾਂ ਢੰਡਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਸੁਨੀਤਾ ਰਾਣੀ, ਵਿਰਕਾ ਜ਼ੋਨ ਤੋਂ ਵੀਨਾ ਕੁਮਾਰੀ ਆਮ ਆਦਮੀ ਪਾਰਟੀ ਅਤੇ ਰੁੜਕਾ ਕਲਾਂ ਜ਼ੋਨ ਤੋਂ ਰਿੰਕੀ ਰਾਣੀ ਆਜ਼ਾਦ ਉਮੀਦਵਾਰ ਸ਼ਾਮਲ ਹਨ, ਜਿੱਥੋਂ ਸਾਫ ਹੈ ਕਿ ਇਨ੍ਹਾਂ ਤਿੰਨਾਂ ਵਿੱਚੋਂ ਹੀ ਬਲਾਕ ਰੁੜਕਾ ਕਲਾਂ ਦੀ ਕੁਰਸੀ ਲਈ ਚੇਅਰਪਰਸਨ ਚੁਣੀ ਜਾਣੀ ਹੈ, ਪਰ ਚੋਣ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੀ ਬਲਾਕ ਸੰਮਤੀ ਮੈਂਬਰ ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਜਾਣਾ ਕਈ ਕੁਝ ਬਿਆਨ ਕਰ ਰਿਹਾ ਹੈ। ਹਾਲਾਂਕਿ ਪੁਲਸ ਪ੍ਰਸ਼ਾਸਨ ਇਸ ਨੂੰ ਘਰੇਲੂ ਲੜਾਈ ਦੱਸ ਰਹੀ ਹੈ ਜਿਸ ਕਰਕੇ ਐੱਫਆਰਆਈ ਦਰਜ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੋਨੇ ਧਿਰਾਂ ਖਿਲਾਫ ਮਾਮਲਾ ਦਰਜ ਹੋਣ ਦੀ ਗੱਲ ਵੀ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਸੰਗੀਨ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਸੁਨੀਤਾ ਰਾਣੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਉੱਪਰ ਨਾਨ ਬੇਲੇਵਲ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਜਿਸ ਤੋਂ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਚ ਕਾਫੀ ਸਿਆਸੀ ਧਮਾਕੇ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
