ਇਨ੍ਹਾਂ ਗਲਤ ਆਦਤਾਂ ਕਾਰਨ ਤੇਜ਼ੀ ਨਾਲ ਫੈਲ ਰਿਹੈ ਖਤਰਨਾਕ ਸੁਪਰਬੱਗ

02/14/2019 7:57:33 AM

ਬਰੇਲੀ -ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਡਾਕਟਰਾਂ ਦੇ ਹੱਥਾਂ ’ਚ ਅਜਿਹੇ ਬੈਕਟੀਰੀਆ (ਸੁਪਰਬੱਗ) ਮਿਲੇ ਹਨ, ਜਿਨ੍ਹਾਂ ’ਤੇ ਐਂਟੀ-ਬਾਇਓਟਿਕ ਵੀ ਬੇਅਸਰ ਹੋ ਰਹੇ ਹਨ। ਭਾਰਤੀ ਪਸ਼ੂ ਚਿਕਿਤਸਾ ਖੋਜ ਸੰਸਥਾਨ (ਆਈ. ਵੀ. ਆਰ. ਆਈ.) ਦੇ ਪ੍ਰਧਾਨ ਵਿਗਿਆਨੀ ਡਾਕਟਰ ਭੋਜਰਾਜ ਦੇ ਖੋਜ ’ਚ ਇਹ ਹਕੀਕਤ ਸਾਹਮਣੇ ਆਈ ਹੈ। 
ਇਹ ਸੁਪਰਬੱਗ ਸ਼ਹਿਰ ਦੇ ਸਾਰੇ ਜਨਤਕ ਸਥਾਨਾਂ, ਇਨਸਾਨਾਂ, ਜੰਗਲੀ ਅਤੇ ਪਾਲਤੂ ਪਸ਼ੂ-ਪੰਛੀਆਂ ’ਚ ਵੀ ਮਿਲੇ ਹਨ। ਡਾਕਟਰ ਭੋਜਰਾਜ 2011 ਤੋਂ ਇਸ ਤਰ੍ਹਾਂ ਦੇ ਬੈਕਟੀਰੀਆ ’ਤੇ ਖੋਜ ਕਰ ਰਹੇ ਹਨ। ਖੋਜ ਦੌਰਾਨ 4500 ਨਮੂਨਿਆਂ ਦੀ ਜਾਂਚ ਕੀਤੀ। ਇਨ੍ਹਾਂ ਵਿਚੋਂ 699 ਮਾਮਲਿਆਂ ’ਚ ਅਜਿਹੇ ਖਤਰਨਾਕ ਸੁਪਰਬੱਗ ਮਿਲੇ ਹਨ, ਜਿਨ੍ਹਾਂ ’ਤੇ ਕਾਰਬਾਪੇਨਮ ਨਾਂ ਦੀ ਉੱਚ ਪੱਧਰੀ ਐਂਟੀ-ਬਾਇਓਟਿਕ ਵੀ ਅਸਰ ਨਹੀਂ ਕਰ ਰਹੀ ਹੈ। ਖੋਜ ਦੌਰਾਨ 15 ਡਾਕਟਰਾਂ ਅਤੇ 13 ਮੈਡੀਕਲ ਸਹਾਇਕਾਂ ਦੇ ਹੱਥਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ’ਚ ਦੋ ਡਾਕਟਰ ਅਤੇ ਦੋ ਆਈ. ਸੀ. ਯੂ. ਸਹਾਇਕਾਂ ’ਚ ਸਟ੍ਰੇਨ ਮਿਲੇ। ਇਕ ਨਿਊਰੋਸਰਜਨ, ਇਕ ਪਲਾਸਟਿਕ ਸਰਜਨ ਅਤੇ ਦੋ ਮੈਡੀਕਲ ਸਹਾਇਕਾਂ ਦੇ ਹੱਥ ’ਚ ਸੁਪਰਬੱਗ ਮਿਲੇ। ਡਾਕਟਰ ਭੋਜਰਾਜ ਕਹਿੰਦੇ ਹਨ ਕਿ ਡਾਕਟਰਾਂ ਦੇ ਹੱਥ ’ਚ ਬੈਕਟੀਰੀਆ ਮਿਲਣਾ ਇਹ ਦੱਸਦਾ ਹੈ ਕਿ ਇਹ ਸੁਪਰਬੱਗ ਕਿਤੇ ਵੀ ਹੋ ਸਕਦੇ ਹਨ। ਐਂਟੀਬਾਇਓਟਿਕ ਦੇ ਅੰਨ੍ਹੇਵਾਹ ਇਸਤੇਮਾਲ ਕਾਰਨ ਬੈਕਟੀਰੀਆ ਰੋਕੂ ਸਮਰੱਥਾ ਹਾਸਲ ਕਰ ਰਹੇ ਹਨ। ਇਹ ਸਥਿਤੀ ਬੇਹੱਦ ਖਤਰਨਾਕ ਹੈ।
ਗੋਲ-ਗੱਪੇ, ਟੂਟੀ ਵਾਲੇ ਪਾਣੀ ’ਚ ਵੀ ਸੁਪਰਬੱਗ-
ਜਾਂਚ ’ਚ ਆਰ. ਓ. ਟੈਂਕ ਦੇ ਪਾਣੀ ’ਚ, ਰੇਲਵੇ ਸਟੇਸ਼ਨਾਂ ’ਤੇ ਲੱਗੀਆਂ ਟੂਟੀਆਂ ਅਤੇ ਗੋਲ-ਗੱਪਿਆਂ ’ਚ ਵੀ ਸੁਪਰਬੱਗ ਮਿਲੇ। ਇਹ ਬੈਕਟੀਰੀਆ ਚਿੜੀਆਂ, ਜੰਗਲੀ ਮੱਝ, ਕਾਲਾ ਹਿਰਨ, ਬਿੱਲੀ, ਗਾਂ, ਬੰਗਲਾ, ਹਾਥੀ, ਮੱਛੀ, ਫਾਰਮ ਦੇ ਫਰਸ਼, ਬੱਕਰੀ ਸਮੇਤ ਕਈ ਪਸ਼ੂ-ਪੰਛੀਆਂ ’ਚ ਵੀ ਮਿਲੇ ਹਨ।
ਕੀ ਹੈ ਸੁਪਰਬੱਗ-
ਸੁਪਰਬੱਗ ਉਨ੍ਹਾਂ ਬੈਕਟੀਰੀਆ ਨੂੰ ਕਹਿੰਦੇ ਹਨ, ਜਿਨ੍ਹਾਂ ’ਤੇ ਕਿਸੇ ਵੀ ਐਂਟੀ-ਬਾਇਓਟਿਕ ਦਾ ਅਸਰ ਨਹੀਂ ਹੁੰਦਾ। ਇਹ ਬੈਕਟੀਰੀਆ ਇੰਨੇ ਤਾਕਤਵਰ ਹੁੰਦੇ ਹਨ ਕਿ ਇਹ ਨਵੀਂ ਪੀੜ੍ਹੀ ਦੇ ਐਂਟੀ-ਬਾਇਓਟਿਕ ਨੂੰ ਵੀ ਅਸਫਲ ਕਰਨ ਦੀ ਤਾਕਤ ਰੱਖਦੇ ਹਨ। ਸੁਪਰਬੱਗ ਦੂਸਰੀਆਂ ਬੀਮਾਰੀਆਂ ਨੂੰ ਖਤਰਨਾਕ ਅਤੇ ਲਾਇਲਾਜ ਵੀ ਬਣਾ ਸਕਦਾ ਹੈ। ਇਹੀ ਨਹੀਂ ਇਹ ਇਕ ਤੋਂ ਦੂਸਰੇ ਦੇ ਸਰੀਰ ’ਚ ਵੀ ਫੈਲ ਸਕਦਾ ਹੈ।


Related News