ਗਲਤ ਜਾਣਕਾਰੀ ਦੇ ਕੇ ਵਕੀਲ ਨੇ ਕਰਵਾਇਆ ਆਰਮਜ਼ ਲਾਇਸੈਂਸ ਰੀਨਿਊ, ਮਾਮਲਾ ਦਰਜ

Wednesday, Dec 10, 2025 - 01:23 PM (IST)

ਗਲਤ ਜਾਣਕਾਰੀ ਦੇ ਕੇ ਵਕੀਲ ਨੇ ਕਰਵਾਇਆ ਆਰਮਜ਼ ਲਾਇਸੈਂਸ ਰੀਨਿਊ, ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਸੈਕਟਰ-61 ਵਾਸੀ ਵਕੀਲ ਵਿਕਾਸ ਬੈਕਟਰ ਨੇ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਛੁਪਾ ਕੇ ਆਰਮਜ਼ ਲਾਇਸੈਂਸ ਰੀਨਿਊ ਕਰਵਾ ਲਿਆ। ਸੈਕਟਰ-10 ਵਾਸੀ ਗੌਰਵ ਧੀਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਕੀਤੀ ਤਾਂ ਵਕੀਲ ਵਿਕਾਸ ਬੈਕਟਰ ’ਤੇ ਹਮਲਾ, ਧੋਖਾਧੜੀ, ਅਸਲਾ ਐਕਟ, ਆਬਕਾਰੀ ਐਕਟ ਅਤੇ ਚੈੱਕ ਬਾਊਂਸ ਸਮੇਤ ਕੁਲ ਸੱਤ ਮਾਮਲੇ ਦਰਜ ਹਨ। ਸੈਕਟਰ-36 ਥਾਣਾ ਪੁਲਸ ਨੇ ਧੀਰ ਦੇ ਬਿਆਨਾਂ ’ਤੇ ਮੁਲਜ਼ਮ ਵਕੀਲ ਵਿਕਾਸ ਬੈਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਗੌਰਵ ਧੀਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਵਿਕਾਸ ਬੈਕਟਰ ਦੇ ਨਾਂ ’ਤੇ ਆਰਮਜ਼ ਲਾਇਸੈਂਸ ਜਾਰੀ ਕੀਤਾ ਤੇ ਬਾਅਦ ’ਚ ਨਵੀਨੀਕਰਨ ਵੀ ਹੋ ਗਿਆ, ਜਦਕਿ ਮੁਲਜ਼ਮ ਵਕੀਲ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਹੈ। ਉਸ ਦੇ ਵਿਰੁੱਧ ਮੋਹਾਲੀ ਤੇ ਚੰਡੀਗੜ੍ਹ ’ਚ ਹਮਲਾ, ਧੋਖਾਧੜੀ, ਅਸਲਾ ਐਕਟ, ਆਬਕਾਰੀ ਐਕਟ ਅਤੇ ਚੈੱਕ ਬਾਊਂਸ ਸਮੇਤ ਕੁੱਲ ਸੱਤ ਮਾਮਲੇ ਦਰਜ ਹਨ।

ਸ਼ਿਕਾਇਤ ’ਚ ਦੱਸਿਆ ਗਿਆ ਕਿ ਵਿਕਾਸ ਬੈਕਟਰ ਵਿਰੁੱਧ ਕੁਝ ਸ਼ਿਕਾਇਤਾਂ ਅਤੇ ਐੱਫ.ਆਈ.ਆਰ. ਲੰਬਿਤ ਹਨ। ਇਕ ਮਾਮਲੇ ’ਚ ਉਹ ਮੁਲਜ਼ਮ ਕਰਾਰ ਦਿੱਤਾ ਜਾ ਚੁੱਕਾ ਹੈ। ਇਕ ਹੋਰ ਮਾਮਲੇ ’ਚ ਅਦਾਲਤ ਨੇ ਪ੍ਰੋਕਲੇਮਡ ਆਫੈਂਡਰ ਘੋਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਦੂਜੇ ਮਾਮਲੇ ’ਚ ਵੀ ਪੀ. ਓ. ਵੀ ਐਲਾਨਿਆ ਗਿਆ ਸੀ। ਗੌਰਵ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੇ ਗੰਭੀਰ ਮਾਮਲਿਆਂ ’ਚ ਸ਼ਾਮਲ ਹੋਣ ਦੇ ਬਾਵਜੂਦ ਵਿਕਾਸ ਬੈਕਟਰ ਨੂੰ ਆਰਮਜ਼ ਲਾਇਸੈਂਸ ਜਾਰੀ ਕੀਤਾ ਗਿਆ ਤੇ ਬਾਅਦ ’ਚ ਨਵੀਨੀਕਰਨ ਵੀ ਹੋ ਗਿਆ। ਲਾਇਸੈਂਸ ਗਲਤ ਜਾਣਕਾਰੀ ਦੇ ਕੇ ਹਾਸਲ ਕੀਤਾ ਗਿਆ ਹੈ। ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਜਨਤਕ ਸੁਰੱਖਿਆ ਅਤੇ ਸ਼ਾਂਤੀ ਲਈ ਖ਼ਤਰਾ ਬਣ ਸਕਦਾ ਹੈ।

ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਹ ਖ਼ੁਦ ਵੀ ਵਿਕਾਸ ਬੈਕਟਰ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸ਼ਿਕਾਰ ਹੈ ਤੇ ਉਸ ਦੁਆਰਾ ਦਰਜ ਇਕ ਐੱਫ. ਆਈ. ਆਰ. ਅਜੇ ਵੀ ਲੰਬਿਤ ਹੈ। ਵਿਕਾਸ ਬੈਕਟਰ ਕੋਲ ਹਥਿਆਰ ਹੋਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ। ਇਸ ਲਈ ਪੁਲਸ ਅਧਿਕਾਰੀਆਂ ਤੋਂ ਲਾਇਸੈਂਸ ਜਾਰੀ ਕਰਨ ਦੀ ਪੂਰੀ ਪ੍ਰਕਿਰਿਆ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-36 ਪੁਲਸ ਨੇ ਜਾਂਚ ਕੀਤੀ ਤੇ ਤੱਥ ਸਹੀ ਪਾਏ ਜਾਣ ’ਤੇ ਵਿਕਾਸ ਬੈਕਟਰ ਵਿਰੁੱਧ ਧੋਖਾਧੜੀ ਅਤੇ ਗਲਤ ਜਾਣਕਾਰੀ ਦੇਣ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
 


author

Babita

Content Editor

Related News