ਭੈਣ ਨੂੰ ਪਰੇਸ਼ਾਨ ਕਰਦਾ ਸੀ ਗੁਆਂਢੀ, ਬਦਲਾ ਲੈਣ ਲਈ ਭਰਾ ਨੇ ਕੀਤਾ ਅਜਿਹਾ ਕਾਂਡ ਕਿ ਪੁਲਸ ਦੇ ਵੀ ਫੁੱਲ ਗਏ ਹੱਥ-ਪੈਰ

Friday, Aug 02, 2024 - 09:03 PM (IST)

ਆਗਰਾ- ਆਗਰਾ ਏਅਰਪੋਰਟ ਅਤੇ ਆਗਰਾ ਕੈਂਟ ਰੇਲਵੇ ਸਟੇਸ਼ਨ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਗੋਪੇਸ਼ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੌਜਵਾਨ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ 10ਵੀਂ ਜਮਾਤ ਦਾ ਵਿਦਿਆਰਥੀ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਸਮੇਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਨਾਬਾਲਗ ਦੱਸਿਆ ਸੀ ਪਰ ਜਦੋਂ ਪੁਲਸ ਨੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਦੀ ਉਮਰ 17 ਨਹੀਂ ਸਗੋਂ 21 ਸਾਲ ਹੈ।


ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੁਲਜ਼ਮ ਗੋਪੇਸ਼ ਨੇ ਕਬੂਲ ਕੀਤਾ ਕਿ ਗੁਆਂਢ ਦਾ ਇਕ ਨੌਜਵਾਨ ਇੰਸਟਾਗ੍ਰਾਮ 'ਤੇ ਉਸਦੀ ਭੈਣ ਨੂੰ ਤੰਗ ਕਰਦਾ ਸੀ। ਗੁਆਂਢੀ ਨੂੰ ਸਬਕ ਸਿਖਾਉਣ ਲਈ ਉਸਨੇ ਇੱ ਫਰਜ਼ੀ ਆਈ.ਡੀ. ਬਣਾਈ ਅਤੇ ਉਸ ਆਈ.ਡੀ. ਦੀ ਵਰਤੋਂ ਕਰਕੇ ਯੂ.ਪੀ. ਪੁਲਸ ਨੂੰ ਧਮਕੀ ਭਰੀ ਮੇਲ ਭੇਜੀ। ਮੇਲ ਭੇਜਣ ਦੇ ਪਿੱਛੇ ਮੁਲਜ਼ਮ ਦਾ ਇਹ ਮੰਨਣਾ ਸੀ ਕਿ ਪੁਲਸ ਉਸ ਨੌਜਵਾਨ ਖਿਲਾਫ ਕਾਰਵਾਈ ਕਰਕੇ ਉਸਨੂੰ ਗ੍ਰਿਫਤਾਰ ਜ਼ਰੂਰ ਕਰ ਲਵੇਗੀ।

ਗੋਪੇਸ਼ ਨੇ 30 ਜੁਲਾਈ ਨੂੰ ਅਹਿਮਦ ਨਾਂ ਦੀ ਆਈ.ਡੀ. ਦੀ ਵਰਤੋਂ ਕਰਕੇ 50 ਕਿਲੋ ਆਰ.ਡੀ.ਐਕਸ. ਦੀ ਵਰਤੋਂ ਕਰਕੇ ਆਗਰਾ ਏਅਰਪੋਰਟ ਅਤੇ ਆਗਰਾ ਕੈਂਟ ਰੇਲਵੇ ਸਟੇਸ਼ਨ ਨੂੰ ਉਡਾਉਣ ਲਈ ਮੇਲ ਭੇਜਿਆ ਸੀ। ਮੇਲ ਵਿਚ ਇਕ ਚੈਲੇਂਜ ਵੀ ਦਿੱਤਾ ਗਿਆ ਸੀ ਕਿ ਜੇਕਰ ਕਿਸੇ ਪੁਲਸ ਵਾਲੇ ਵਿਚ ਹਿੰਮਤ ਹੈ ਤਾਂ ਉਸਨੂੰ ਰੋਕ ਕੇ ਦਿਖਾਵੇ। ਮੇਲ ਡੀ.ਜੀ. ਕੰਟਰੋਲ ਉੱਤਰ ਪ੍ਰਦੇਸ਼ ਨੂੰ ਭੇਜਿਆ ਗਿਆ ਸੀ।

ਗੋਪੇਸ਼ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਵੀ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਯੋਗੀ ਆਦਿਤਿਆਨਾਥ 'ਚ ਹਿੰਮਤ ਹੈ ਤਾਂ ਉਹ 3 ਅਗਸਤ 2024 ਨੂੰ ਇਸ ਨੂੰ ਰੋਕ ਦੇਣ। ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਆਗਰਾ ਪੁਲਸ ਚੌਕਸ ਹੋ ਗਈ ਹੈ। ਵਿਭਾਗ ਵਿਚ ਹੜਕੰਪ ਮੱਚ ਗਿਆ। ਪੁਲਸ ਨੇ ਏਅਰਪੋਰਟ ਅਤੇ ਰੇਲਵੇ ਸਟੇਸ਼ਨ 'ਤੇ ਚੌਕਸੀ ਵਧਾ ਦਿੱਤੀ ਹੈ। ਆਸ-ਪਾਸ ਦੇ ਹੋਟਲਾਂ ਅਤੇ ਰਿਹਾਇਸ਼ਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਆਉਣ-ਜਾਣ ਵਾਲੇ ਹਰ ਸ਼ੱਕੀ ਦੀ ਤਲਾਸ਼ੀ ਲਈ ਗਈ।

ਦੂਜੇ ਪਾਸੇ ਈਮੇਲਾਂ ਦੀ ਵੀ ਜਾਂਚ ਸ਼ੁਰੂ ਹੋ ਗਈ ਹੈ। ਨਿਗਰਾਨੀ ਟੀਮ ਨੇ ਜਾਂਚ ਤੋਂ ਸਪੱਸ਼ਟ ਕੀਤਾ ਕਿ ਈਮੇਲ ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਦੇ ਪੁਸ਼ਪਾਂਜਲੀ ਵਿਹਾਰ ਦੇ ਰਹਿਣ ਵਾਲੇ 21 ਸਾਲਾ ਗੋਪੇਸ਼ ਨੇ ਭੇਜੀ ਸੀ। ਨਾਮ ਅਤੇ ਪਤਾ ਸਾਹਮਣੇ ਆਉਣ ਤੋਂ ਬਾਅਦ ਆਗਰਾ ਦੀ ਐੱਸ.ਓ.ਜੀ. ਅਤੇ ਨਿਗਰਾਨੀ ਟੀਮ ਨੇ ਗੋਪੇਸ਼ ਦੇ ਘਰ ਛਾਪਾ ਮਾਰਿਆ।

ਪੁਲਸ ਨੂੰ ਦੇਖ ਕੇ ਗੋਪੇਸ਼ ਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਪੁਲਸ ਨੇ ਗੋਪੇਸ਼ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਸ ਦੇ ਇਸ ਖ਼ੁਲਾਸੇ ਕਾਰਨ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਗੋਪੇਸ਼ ਵੀ ਅਜਿਹੀ ਭਿਆਨਕ ਧਮਕੀ ਭਰੀ ਈਮੇਲ ਭੇਜ ਸਕਦਾ ਹੈ।


Rakesh

Content Editor

Related News