ਵਿਦਾਇਗੀ ਭਾਸ਼ਣ ''ਚ ਮੁਹੰਮਦ ਯੂਨਸ ਨੇ 7 Sisters ਨੂੰ ਲੈ ਕੇ ਦਿੱਤਾ ਅਜਿਹਾ ਬਿਆਨ, ਕਿ ਛਿੜ ਗਈ ਨਵੀਂ ਚਰਚਾ

Tuesday, Feb 17, 2026 - 02:15 PM (IST)

ਵਿਦਾਇਗੀ ਭਾਸ਼ਣ ''ਚ ਮੁਹੰਮਦ ਯੂਨਸ ਨੇ 7 Sisters ਨੂੰ ਲੈ ਕੇ ਦਿੱਤਾ ਅਜਿਹਾ ਬਿਆਨ, ਕਿ ਛਿੜ ਗਈ ਨਵੀਂ ਚਰਚਾ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਵਿੱਚ ਸੱਤਾ ਤਬਦੀਲੀ ਦੇ ਦੌਰਾਨ ਅੰਤਰਿਮ ਸਰਕਾਰ ਦੀ ਕਮਾਨ ਸੰਭਾਲਣ ਵਾਲੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਆਪਣੇ ਵਿਦਾਇਗੀ ਸੰਬੋਧਨ ਵਿੱਚ ਭਾਰਤ ਦੇ ਉੱਤਰ-ਪੂਰਬੀ ਰਾਜਾਂ ਲਈ ਇਕ ਵਾਰ ਫ਼ਿਰ ਤੋਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਅਤੇ ਸੈਵਨ ਸਿਸਟਰਜ਼ ਦੇ ਹਿੱਤ ਆਪਸ ਵਿੱਚ ਜੁੜੇ ਹੋਏ ਹਨ।

ਮੁਹੰਮਦ ਯੂਨਸ ਨੇ ਨਵੀਂ ਸਰਕਾਰ ਦੇ ਬਣਨ ਤੋਂ ਪਹਿਲਾਂ ਦੇਸ਼ ਦੇ ਨਾਂ ਆਪਣਾ ਆਖਰੀ ਭਾਸ਼ਣ ਦਿੱਤਾ, ਜਿਸ 'ਚ ਉਨ੍ਹਾਂ ਨੇ ਇੱਕ ਅਜਿਹੀ ਗੱਲ ਕਹੀ ਹੈ ਜਿਸ 'ਤੇ ਸਿਆਸੀ ਮਾਹਿਰ ਸਵਾਲ ਚੁੱਕ ਰਹੇ ਹਨ। ਯੂਨਸ ਨੇ ਕਿਹਾ ਕਿ ਬੰਗਲਾਦੇਸ਼ ਦਾ ਸਮੁੰਦਰ ਸਿਰਫ਼ ਇੱਕ ਸਰਹੱਦ ਨਹੀਂ ਹੈ, ਸਗੋਂ ਦੁਨੀਆ ਦੀ ਆਰਥਿਕਤਾ ਨਾਲ ਜੁੜਨ ਦਾ ਇੱਕ ਰਸਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਨੇਪਾਲ, ਭੂਟਾਨ ਅਤੇ 'ਸੈਵਨ ਸਿਸਟਰਜ਼' (ਉੱਤਰ-ਪੂਰਬੀ ਸੂਬੇ) ਦੇ ਨਾਲ ਮਿਲ ਕੇ ਆਰਥਿਕ ਤਰੱਕੀ ਦੀਆਂ ਬਹੁਤ ਸੰਭਾਵਨਾਵਾਂ ਹਨ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੁਹੰਮਦ ਯੂਨਸ ਨੇ ਆਪਣੇ ਬਿਆਨ 'ਚ 'ਸੈਵਨ ਸਿਸਟਰਜ਼' ਦਾ ਜ਼ਿਕਰ ਤਾਂ ਕੀਤਾ, ਪਰ ਉਨ੍ਹਾਂ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਇਹ ਭਾਰਤ ਦੇ ਸੂਬੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਯੂਨਸ ਵਾਰ-ਵਾਰ ਅਜਿਹਾ ਕਰ ਰਹੇ ਹਨ। ਭਾਰਤ ਦੇ ਸੂਬਿਆਂ ਦਾ ਨਾਂ ਲੈਣ ਵੇਲੇ 'ਭਾਰਤ' ਸ਼ਬਦ ਦੀ ਵਰਤੋਂ ਨਾ ਕਰਨਾ ਇੱਕ ਸੋਚੀ-ਸਮਝੀ ਰਣਨੀਤੀ ਜਾਪਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਉਹ ਇਨ੍ਹਾਂ ਸੂਬਿਆਂ ਨੂੰ ਭਾਰਤ ਤੋਂ ਵੱਖਰੀ ਇਕਾਈ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ, ਜੋ ਕਿ ਭਾਰਤ ਦੀ ਅਖੰਡਤਾ ਦੇ ਲਿਹਾਜ਼ ਨਾਲ ਇੱਕ ਸੰਵੇਦਨਸ਼ੀਲ ਮੁੱਦਾ ਹੈ। ਤਾਰਿਕ ਰਹਿਮਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਯੂਨਸ ਦਾ ਇਹ ਬਿਆਨ ਭਾਰਤ-ਬੰਗਲਾਦੇਸ਼ ਦੇ ਭਵਿੱਖੀ ਸਬੰਧਾਂ ਅਤੇ ਖਾਸ ਕਰਕੇ ਸਰਹੱਦੀ ਵਪਾਰ ਦੇ ਨਜ਼ਰੀਏ ਤੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।


author

Harpreet SIngh

Content Editor

Related News