ਲਾਲਚੀ ਸਹੁਰਿਆਂ ਦਾ ਸ਼ਰਮਨਾਕ ਕਾਰਾ! ਜੁੜਵਾ ਧੀਆਂ ਦੀ ਮਾਂ ਨੂੰ 50 ਲੱਖ ਲਈ ਕੀਤਾ ਤੰਗ ਪਰੇਸ਼ਾਨ
Thursday, Feb 12, 2026 - 10:55 AM (IST)
ਜਲੰਧਰ (ਕਸ਼ਿਸ਼)-ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਜਲੰਧਰ ਨਿਵਾਸੀ ਪੱਲਵੀ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ’ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ, ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਪੁਲਸ ਥਾਣੇ ਨੇ ਜਾਂਚ ਤੋਂ ਬਾਅਦ ਮੁਲਜ਼ਮ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੱਲਵੀ ਨੇ ਦੱਸਿਆ ਕਿ ਉਸ ਦਾ ਵਿਆਹ ਨਵੰਬਰ 2020 ਵਿਚ ਅਮਿਤ ਕੁਮਾਰ ਪੁੱਤਰ ਸ਼ਸ਼ੀ ਕੁਮਾਰ ਨਿਵਾਸੀ ਵਾਰਡ ਨੰਬਰ 27, ਹਰਪੁਰ ਮੁੰਗੇਰ (ਬਿਹਾਰ) ਨਾਲ ਜਲੰਧਰ ਵਿਚ ਹੋਇਆ ਸੀ। ਵਿਆਹ ਤੋਂ ਪਹਿਲਾਂ ਉਹ ਡੈਨਮਾਰਕ ਵਿਚ ਰਹਿ ਰਹੀ ਸੀ ਅਤੇ ਸੋਸ਼ਲ ਮੀਡੀਆ ਰਾਹੀਂ ਉਸ ਦੀ ਅਮਿਤ ਕੁਮਾਰ ਨਾਲ ਜਾਣ-ਪਛਾਣ ਹੋਈ ਸੀ। ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਵਿਆਹ ਸੰਪੰਨ ਹੋਇਆ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਫਿਰ ਕੰਬਿਆ ਪੰਜਾਬ! ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਦੇ ਬਾਹਰ ਚੱਲੀਆਂ ਗੋਲ਼ੀਆਂ
ਵਿਆਹ ਦੇ ਕੁਝ ਦਿਨਾਂ ਬਾਅਦ ਜਦੋਂ ਉਹ ਆਪਣੇ ਸਹੁਰੇ ਘਰ ਗਈ ਤਾਂ ਉੱਥੇ ਉਸ ਪ੍ਰਤੀ ਵਿਵਹਾਰ ਬਦਲ ਗਿਆ। ਪਤੀ ਅਮਿਤ ਕੁਮਾਰ ਨੇ 50 ਲੱਖ ਰੁਪਏ ਦੀ ਮੰਗ ਸ਼ੁਰੂ ਕਰ ਦਿੱਤੀ ਅਤੇ ਦਾਜ ਵਿਚ ਕਥਿਤ ਤੌਰ ’ਤੇ ‘ਘਟੀਆ ਸਾਮਾਨ’ ਦੇਣ ਦੇ ਤਾਅਨੇ ਦੇਣ ਲੱਗਾ। ਪੱਲਵੀ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਨੂੰ ਆਪਣੇ ਖ਼ਰਚੇ ’ਤੇ ਡੈਨਮਾਰਕ ਲੈ ਕੇ ਗਈ, ਜਿੱਥੇ ਅਮਿਤ ਭਾਰਤ ਦੀ ਇਕ ਕੰਪਨੀ ਲਈ ‘ਵਰਕ ਫਰਾਮ ਹੋਮ’ ਕਰ ਰਿਹਾ ਸੀ ਅਤੇ ਕਰੀਬ ਡੇਢ ਲੱਖ ਰੁਪਏ ਮਹੀਨਾ ਤਨਖ਼ਾਹ ਲੈਂਦਾ ਸੀ। ਇਸ ਦੇ ਬਾਵਜੂਦ ਉਹ ਪਤਨੀ ਨੂੰ ਕਿਸੇ ਕਿਸਮ ਦਾ ਆਰਥਿਕ ਸਹਿਯੋਗ ਨਹੀਂ ਦਿੰਦਾ ਸੀ।
ਡੈਨਮਾਰਕ ਵਿਚ ਰਹਿੰਦਿਆਂ ਵੀ ਅਮਿਤ ਉਸ ’ਤੇ 50 ਲੱਖ ਰੁਪਏ ਲਿਆਉਣ ਦਾ ਦਬਾਅ ਬਣਾਉਂਦਾ ਰਿਹਾ। ਮੰਗ ਪੂਰੀ ਨਾ ਕਰਨ ’ਤੇ ਉਹ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦਾ ਸੀ। ਲਗਾਤਾਰ ਹੋ ਰਹੇ ਤਸ਼ੱਦਦ ਤੋਂ ਤੰਗ ਆ ਕੇ ਪੱਲਵੀ ਨੇ ਡੈਨਮਾਰਕ ਦੇ ਵੂਮੈਨ ਕ੍ਰਾਈਸਿਸ ਸੈਂਟਰ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਕਾਰਵਾਈ ਦੇ ਡਰੋਂ ਅਮਿਤ ਉਸ ਨੂੰ ਗਰਭ ਅਵਸਥਾ ਦੀ ਹਾਲਤ ਵਿਚ ਛੱਡ ਕੇ ਭਾਰਤ ਪਰਤ ਆਇਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਮੈਰਿਜ ਪੈਲੇਸ 'ਚ ਮੁੰਡੇ ਦਾ ਕਤਲ, ਵਿਆਹ ਸਮਾਗਮ ਦੌਰਾਨ ਪਈਆਂ ਭਾਜੜਾਂ
ਦਸੰਬਰ 2023 ਵਿਚ ਪੱਲਵੀ ਨੇ ਜੁੜਵਾ ਧੀਆਂ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਮਾਂ ਅਤੇ ਦੋਵਾਂ ਬੱਚੀਆਂ ਨਾਲ ਡੈਨਮਾਰਕ ਤੋਂ ਜਲੰਧਰ ਆ ਗਈ। ਪਤੀ ਦੇ ਫੋਨ ’ਤੇ ਭਰੋਸਾ ਕਰ ਕੇ ਉਹ ਆਪਣੇ ਪਰਿਵਾਰ ਸਮੇਤ ਦਿੱਲੀ ਵੀ ਗਈ, ਪਰ ਸਹੁਰੇ ਪਰਿਵਾਰ ਨੇ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਉਹ ਉਸ ਨੂੰ ਆਪਣੇ ਘਰ ਨਹੀਂ ਰੱਖਣਗੇ। ਪੱਲਵੀ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਸੋਨੇ ਦੇ ਗਹਿਣੇ ਵੀ ਪਤੀ ਕੋਲ ਹਨ ਅਤੇ ਹੁਣ ਉਹ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਫਿਲਹਾਲ ਉਹ ਆਪਣੇ ਬੱਚਿਆਂ ਨਾਲ ਪੇਕੇ ਘਰ ਰਹਿ ਰਹੀ ਹੈ। ਮਾਮਲੇ ਦੀ ਜਾਂਚ ਮਹਿਲਾ ਪੁਲਸ ਥਾਣੇ ਦੇ ਇੰਸਪੈਕਟਰ ਮੰਗਲ ਸਿੰਘ ਨੇ ਕੀਤੀ, ਜਿਸ ਵਿਚ ਲਗਾਏ ਗਏ ਦੋਸ਼ ਸਹੀ ਪਾਏ ਗਏ। ਜਾਂਚ ਰਿਪੋਰਟ ਦੇ ਆਧਾਰ ’ਤੇ ਮਹਿਲਾ ਪੁਲਸ ਥਾਣਾ ਵਿਚ ਅਮਿਤ ਕੁਮਾਰ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
