ਬੱਚਿਆਂ ਲਈ ਗੰਭੀਰ ਖ਼ਤਰਾ ਬਣਿਆ ਬਲੈਕ ਫੰਗਸ, ਮੁੰਬਈ ''ਚ 3 ਬੱਚਿਆਂ ਦੀ ਕੱਢਣੀ ਪਈ ਅੱਖ

Friday, Jun 18, 2021 - 12:04 PM (IST)

ਬੱਚਿਆਂ ਲਈ ਗੰਭੀਰ ਖ਼ਤਰਾ ਬਣਿਆ ਬਲੈਕ ਫੰਗਸ, ਮੁੰਬਈ ''ਚ 3 ਬੱਚਿਆਂ ਦੀ ਕੱਢਣੀ ਪਈ ਅੱਖ

ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਦੇ ਸੰਕਟ ਦਰਮਿਆਨ ਦੇਸ਼ 'ਤੇ ਬਲੈਕ ਫੰਗਸ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਬਲੈਕ ਫੰਗਸ ਆਪਣਾ ਸ਼ਿਕਾਰ ਬਣਾ ਰਿਹਾ ਹੈ, ਜੋ ਕਿ ਇਕ ਵੱਡੀ ਚਿੰਤਾ ਹੈ। ਉੱਥੇ ਹੀ ਹੁਣ ਬੱਚੇ ਵੀ ਬਲੈਕ ਫੰਗਸ ਦੇ ਸ਼ਿਕਾਰ ਹੋਣ ਲੱਗ ਗਏ ਹਨ। ਬਲੈਕ ਫੰਗਸ ਕਾਰਨ ਤਿੰਨ ਬੱਚਿਆਂ ਦੀਆਂ ਅੱਖਾਂ ਕੱਢਣੀਆਂ ਪਈਆਂ। ਤਿੰਨੋਂ ਬੱਚੇ ਕੋਰੋਨਾ ਦੀ ਲਪੇਟ 'ਚ ਆਏ ਸਨ, ਹਾਲਾਂਕਿ ਉਹ ਇਸ ਬੀਮਾਰੀ ਤੋਂ ਠੀਕ ਹੋ ਗਏ ਸਨ ਪਰ ਇਸ ਤੋਂ ਬਾਅਦ ਬਲੈਕ ਫੰਗਸ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਮੁੰਬਈ ਦੇ ਪ੍ਰਾਈਵੇਟ ਹਸਪਤਾਲਾਂ 'ਚ ਆਏ ਇਨ੍ਹਾਂ ਮਾਮਲਿਆਂ 'ਚ ਬੱਚਿਆਂ ਦੀ ਉਮਰ 4,6 ਅਤੇ 14 ਸਾਲ ਦੀ ਹੈ। ਡਾਕਟਰਾਂ ਨੇ ਦੱਸਿਆ ਕਿ 4 ਅਤੇ 6 ਸਾਲ ਦੇ ਬੱਚਿਆਂ 'ਚ ਸ਼ੂਗਰ ਨਹੀਂ ਸੀ, ਜਦੋਂ ਕਿ 14 ਸਾਲ ਵਾਲੇ ਬੱਚੇ 'ਚ ਇਹ ਸਮੱਸਿਆ ਸੀ।

ਉੱਥੇ ਹੀ ਇਕ ਹੋਰ ਮਾਮਲੇ 'ਚ ਇਕ 16 ਸਾਲਾ ਕੁੜੀ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਸ਼ੂਗਰ ਦੀ ਸ਼ਿਕਾਰ ਹੋ ਗਈ ਅਤੇ ਇਸ ਤੋਂ ਬਾਅਦ ਉਸ ਦੇ ਪੇਟ 'ਚ ਬਲੈਕ ਫੰਗਸ ਪਾਇਆ ਗਿਆ। ਮੁੰਬਈ ਦੇ ਇਕ ਪ੍ਰਾਈਵੇਟ ਹਸਪਤਾਲ ਦੀ ਡਾ. ਜੇਸਲ ਸੇਠ ਅਨੁਸਾਰ ਉਨ੍ਹਾਂ ਕੋਲ ਬਲੈਕ ਫੰਗਸ ਦੇ 2 ਮਾਮਲੇ ਆਏ ਅਤੇ ਦੋਵੇਂ ਹੀ ਬੱਚਿਆਂ ਦੇ ਸਨ। 14 ਸਾਲ ਦੇ ਬੱਚੇ ਨੂੰ ਸ਼ੂਗਰ ਸੀ ਅਤੇ ਹਸਪਤਾਲ 'ਚ ਦਾਖ਼ਲ ਹੋਣ ਦੇ 48 ਘੰਟਿਆਂ ਅੰਦਰ ਹੀ ਉਸ 'ਚ ਬਲੈਕ ਫੰਗਸ ਦੇ ਲੱਛਣ ਦਿੱਸਣ ਲੱਗੇ। ਬਲੈਕ ਫੰਗਸ ਇੰਨਾ ਵੱਧ ਗਿਆ ਹੈ ਕਿ ਉਸ ਦੀ ਅੱਖ ਕੱਢਣੀ ਪਈ। ਡਾਕਟਰ ਨੇ ਕਿਹਾ ਕਿ ਸ਼ੁਕਰ ਹੈ ਕਿ ਇਨਫੈਕਸ਼ਨ ਉਸ ਦੇ ਦਿਮਾਗ਼ ਤੱਕ ਨਹੀਂ ਪਹੁੰਚਿਆ। 

ਉੱਥੇ ਹੀ 4 ਅਤੇ 6 ਸਾਲ ਦੇ ਬੱਚਿਆਂ ਦਾ ਇਲਾਜ ਇਕ ਹੋਰ ਪ੍ਰਾਈਵੇਟ ਹਸਪਤਾਲ 'ਚ ਹੋਇਆ। ਹਸਪਤਾਲ ਅਨੁਸਾਰ ਜੇਕਰ ਬੱਚਿਆਂ ਦੀ ਅੱਖ ਨਹੀਂ ਕੱਢੀ ਜਾਂਦੀ ਤਾਂ ਉਨ੍ਹਾਂ ਦਾ ਬਚਣਾ ਮੁਸ਼ਕਲ ਹੋ ਜਾਂਦਾ। ਉੱਥੇ ਹੀ 16 ਸਾਲ ਦੀ ਬੱਚੀ ਦੇ ਪੇਟ 'ਚ ਬਲੈਕ ਫੰਗਸ ਪਹੁੰਚ ਗਿਆ ਸੀ ਪਰ ਉਹ ਜਲਦ ਹੀ ਰਿਕਵਰ ਹੋ ਗਈ ਅਤੇ ਹੁਣ ਠੀਕ ਹੈ। ਦੱਸਣਯੋਗ ਹੈ ਕਿ ਹੁਣਤੱਕ ਬਲੈਕ ਫੰਗਸ ਦੇ ਜਿੰਨੇ ਵੀ ਮਾਮਲੇ ਸੁਣਨ ਨੂੰ ਮਿਲੇ ਸਨ, ਉਸ 'ਚ ਵੱਡੇ ਲੋਕ ਹੀ ਇਸ ਤੋਂ ਪ੍ਰਭਾਵਿਤ ਹੋਏ ਸਨ ਪਰ ਹੁਣ ਬੱਚਿਆਂ 'ਚ ਵੀ ਇਸ ਦੇ ਲੱਛਣ ਦਿੱਸਣ ਲੱਗੇ ਹਨ। ਕਈ ਸੂਬਿਆਂ ਨੇ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਕੀਤਾ ਹੈ। ਇਸ ਕਾਰਨ ਮਰੀਜ਼ਾਂ ਦੀ ਅੱਖ, ਨੱਕ ਅਤੇ ਜਬੜੇ 'ਤੇ ਬੁਰਾ ਅਸਰ ਪੈ ਰਿਹਾ ਹੈ।


author

DIsha

Content Editor

Related News