ਬਰੇਲੀ : ਸਕੂਲ 'ਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨ੍ਹਣ 'ਤੇ ਰੋਕ, ਵਿਰੋਧ ਹੋਣ 'ਤੇ ਸਕੂਲ ਨੇ ਮੰਗੀ ਮੁਆਫ਼ੀ
Friday, Jul 22, 2022 - 12:51 PM (IST)
ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਬਾਰਾਦਰੀ ਇਲਾਕੇ 'ਚ ਸਥਿਤ ਇਕ ਸਕੂਲ 'ਚ ਸਿੱਖ ਵਿਦਿਆਰਥੀਆਂ ਨੂੰ ਪੱਗ ਬੰਨ੍ਹਣ ਅਤੇ ਕੜਾ ਅਤੇ ਕਿਰਪਾਨ ਪਹਿਨਣ 'ਤੇ ਪਾਬੰਦੀ ਦੇ ਕਥਿਤ ਹੁਕਮਾਂ ਵਿਰੁੱਧ ਸਿੱਖ ਭਾਈਚਾਰੇ ਨੇ ਵੀਰਵਾਰ ਨੂੰ ਸਕੂਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਹਾਲਾਂਕਿ ਪ੍ਰਸ਼ਾਸਨ ਦੀ ਦਖ਼ਲਅੰਦਾਜੀ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਮੁਆਫ਼ੀ ਮੰਗ ਲਈ ਹੈ। ਮਾਡਲ ਟਾਊਨ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਲਿਕ ਸਿੰਘ ਕਾਲਰਾ ਨੇ ਦੱਸਿਆ ਕਿ ਬਾਰਾਦਰੀ ਇਲਾਕੇ 'ਚ ਸਥਿਤ ਸੇਂਟ ਫਰਾਂਸਿਸ ਸਕੂਲ ਦੀ ਇਕ ਅਧਿਆਪਕਾ ਨੇ ਬੁੱਧਵਾਰ ਨੂੰ ਪ੍ਰਾਰਥਨਾ ਸਭਾ 'ਚ ਹਿਦਾਇਤ ਕੀਤੀ ਕਿ ਸਾਰੇ ਬੱਚੇ ਇਕੋ ਪਹਿਰਾਵੇ 'ਚ ਨਜ਼ਰ ਆਉਣ ਅਤੇ ਜੋ ਵਿਦਿਆਰਥੀ ਪੱਗ, ਕਿਰਪਾਨ ਅਤੇ ਕੜਾ ਪਹਿਨ ਕੇ ਆਉਂਦੇ ਹਨ, ਉਹ ਵੀ ਅਜਿਹਾ ਕਰਨਾ ਬੰਦ ਕਰ ਦੇਣ। ਉਨ੍ਹਾਂ ਦੋਸ਼ ਲਗਾਇਆ ਕਿ ਸਕੂਲ ਪ੍ਰਬੰਧਨ ਨੇ ਚਿਤਾਵਨੀ ਦਿੱਤੀ ਕਿ ਜੋ ਬੱਚੇ ਇਸ ਨਿਯਮ ਨੂੰ ਨਹੀਂ ਮੰਨਣਗੇ, ਉਨ੍ਹਾਂ ਲਈ ਸਕੂਲ 'ਚ ਪੜ੍ਹਨਾ ਸੰਭਵ ਨਹੀਂ ਹੋਵੇਗਾ ਅਤੇ ਉਹ ਕਿਸੇ ਦੂਜੇ ਸਕੂਲ 'ਚ ਦਾਖ਼ਲਾ ਲੈ ਲੈਣ।
ਇਹ ਵੀ ਪੜ੍ਹੋ : ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਬੰਦ ਹੋਵੇਗਾ 60 ਸਾਲ ਪੁਰਾਣਾ ਪਰਚੀ ਸਿਸਟਮ
ਕਾਲਰਾ ਅਨੁਸਾਰ ਸ਼ਾਮ ਨੂੰ ਬੱਚਿਆਂ ਨੇ ਇਹ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ ਤਾਂ ਉਨ੍ਹਾਂ 'ਚ ਨਾਰਾਜ਼ਗੀ ਵਧਣ ਲੱਗੀ। ਬੁੱਧਵਾਰ ਦੇਰ ਰਾਤ ਗੁਰਦੁਆਰਾ ਕਮੇਟੀਆਂ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਜਾਰੀ ਕਰ ਕੇ ਸਕੂਲ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ। ਇਸ ਦੇ ਅਧੀਨ ਸਿੱਖ ਭਾਈਚਾਰੇ ਦੇ ਲੋਕਾਂ ਨੇ ਅੱਜ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਮਾਤਾ-ਪਿਤਾ ਨੇ ਸਕੂਲ ਦੇ ਨਿਰਦੇਸ਼ ਨੂੰ ਮਨਮਾਨੀ ਅਤੇ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰਾਂ ਦਾ ਹਨਨ ਹੈ। ਉਨ੍ਹਾਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਆਦੇਸ਼ ਲਈ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਵਿਚ, ਨਗਰ ਮੈਜਿਸਟ੍ਰੇਟ ਰਾਜੀਵ ਪਾਂਡੇ ਨੇ ਹੰਗਾਮਾ ਕਰ ਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ। ਪਾਂਡੇ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਆਦੇਸ਼ 'ਤੇ ਸਪੱਸ਼ਟੀਕਰਨ ਲਈ ਸਕੂਲ ਦੀ ਪ੍ਰਿੰਸੀਪਲ ਨੂੰ ਆਪਣੇ ਦਫ਼ਤਰ 'ਚ ਤਲਬ ਕੀਤਾ ਹੈ। ਜ਼ਿਲ੍ਹਾ ਅਧਿਕਾਰੀ ਸ਼ਿਵਾਕਾਂਤ ਦਿਵੇਦੀ ਨੇ ਦੱਸਿਆ ਕਿ ਦੋਵੇਂ ਪੱਖ ਬੁਲਾਏ ਗਏ ਅਤੇ ਉਨ੍ਹਾਂ ਨੂੰ ਸੁਣਿਆ ਗਿਆ। ਗੱਲਬਾਤ 'ਚ ਸਕੂਲ ਪ੍ਰਬੰਧਨ ਨੇ ਕਿਹਾ ਕਿ ਕੁਝ ਗਲਤਫ਼ਹਿਮੀ ਹੋ ਗਈ ਹੈ, ਇਸ ਲਈ ਉਹ ਮੁਆਫ਼ੀ ਮੰਗਦੇ ਹਨ ਅਤੇ ਅਫ਼ਸੋਸ ਪ੍ਰਗਟ ਕਰਦੇ ਹਨ। ਇਸ ਤੋਂ ਬਾਅਦ ਮਾਮਲਾ ਖ਼ਤਮ ਹੋ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ