Mobile Addiction ਨੇ ਵਿਗਾੜਿਆ ਬੱਚਿਆਂ ਦਾ ਭਵਿੱਖ: ਲਿਜਾਣਾ ਪੈ ਰਿਹਾ ਹਸਪਤਾਲ, ਛੁੱਟ ਗਿਆ ਸਕੂਲ

Monday, Feb 16, 2026 - 12:03 PM (IST)

Mobile Addiction ਨੇ ਵਿਗਾੜਿਆ ਬੱਚਿਆਂ ਦਾ ਭਵਿੱਖ: ਲਿਜਾਣਾ ਪੈ ਰਿਹਾ ਹਸਪਤਾਲ, ਛੁੱਟ ਗਿਆ ਸਕੂਲ

ਜਲੰਧਰ: ਅੱਜਕੱਲ ਬੱਚਿਆਂ ਵਿਚ ਮੋਬਾਈਲ ਦੀ ਆਦਤ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਖ਼ਾਸ ਤੌਰ 'ਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਬੱਚਿਆਂ ਤੇ ਨੌਜਵਾਨਾਂ ਵਿਚ ਮੋਬਾਈਲ ਦੀ ਲਤ ਇਕ ਗੰਭੀਰ ਸਮੱਸਿਆ ਬਣ ਕੇ ਉਭਰੀ ਹੈ। ਸਿਰਫ਼ ਜਲੰਧਰ ਦੇ ਸਿਵਲ ਹਸਪਤਾਲ ਦੀ ਹੀ ਗੱਲ ਕਰੀਏ ਤਾਂ ਓ.ਪੀ.ਡੀ. ਵਿਚ ਹਰ ਹਫ਼ਤੇ 7 ਤੋਂ 8 ਅਜਿਹੇ ਮਰੀਜ਼ ਆ ਰਹੇ ਹਨ। ਮਨੋਚਿਕਿਤਸਕ ਡਾ. ਅਭੈ ਰਾਜ ਅਨੁਸਾਰ ਪਹਿਲਾਂ ਅਜਿਹੇ ਮਾਮਲੇ ਬਹੁਤ ਘੱਟ ਸਨ, ਪਰ ਹੁਣ ਰਾਤ ਦੇ ਸਮੇਂ ਮੋਬਾਈਲ ਦੀ ਨੀਲੀ ਰੌਸ਼ਨੀ ਦੇ ਸੰਪਰਕ ਵਿਚ ਰਹਿਣ ਕਾਰਨ ਲੋਕਾਂ ਵਿਚ ਨੀਂਦ ਲਿਆਉਣ ਵਾਲੇ ਹਾਰਮੋਨ 'ਮੈਲਾਟੋਨਿਨ' ਦਾ ਪੱਧਰ ਡਿੱਗ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਨੀਂਦ ਨਾ ਆਉਣਾ ਅਤੇ ਮਾਨਸਿਕ ਤਣਾਅ ਵਰਗੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ।

ਇਸ ਗੰਭੀਰ ਸਮੱਸਿਆ ਦੀ ਮਿਸਾਲ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਪੜ੍ਹਾਈ ਵਿਚ ਹਮੇਸ਼ਾ ਪਹਿਲੇ ਨੰਬਰ 'ਤੇ ਆਉਣ ਵਾਲਾ 14 ਸਾਲਾ ਅੱਠਵੀਂ ਜਮਾਤ ਦਾ ਇਕ ਵਿਦਿਆਰਥੀ ਆਨਲਾਈਨ ਗੇਮਾਂ ਦੀ ਲਤ ਕਾਰਨ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ, ਜਿਸ ਕਾਰਨ ਉਸ ਦਾ ਇਕ ਸਾਲ ਖ਼ਰਾਬ ਹੋ ਗਿਆ ਅਤੇ ਹੁਣ ਉਸ ਨੂੰ ਮੁੜ ਅੱਠਵੀਂ ਜਮਾਤ ਵਿਚ ਪੜ੍ਹਨਾ ਪੈ ਰਿਹਾ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ 21 ਸਾਲਾ ਗ੍ਰੈਜੂਏਟ ਨੌਜਵਾਨ ਆਨਲਾਈਨ ਗੇਮਿੰਗ ਅਤੇ ਰੀਲਾਂ ਵਿਚ ਇੰਨਾ ਡੁੱਬ ਗਿਆ ਕਿ ਉਸ ਨੇ ਆਪਣੇ ਕਰੀਅਰ ਤੋਂ ਧਿਆਨ ਹਟਾ ਲਿਆ ਅਤੇ ਗੇਮਾਂ ਵਿਚ ਹਜ਼ਾਰਾਂ ਰੁਪਏ ਗੁਆ ਦਿੱਤੇ। ਇਹ ਨੌਜਵਾਨ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰਕੇ ਲੁਕ ਕੇ ਗੇਮਾਂ ਖੇਡਦਾ ਸੀ ਅਤੇ ਕਈ ਮਹੀਨਿਆਂ ਦੀ ਕਾਊਂਸਲਿੰਗ ਤੋਂ ਬਾਅਦ ਹੁਣ ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ।

ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿਚ ਫੋਨ ਨਾ ਮਿਲਣ 'ਤੇ ਚਿੜਚਿੜਾਪਨ ਦਿਖਾਉਣਾ, ਵਾਰ-ਵਾਰ ਫੋਨ ਚੈੱਕ ਕਰਨਾ ਅਤੇ 'ਫੈਂਟਮ ਵਾਈਬ੍ਰੇਸ਼ਨ' ਮਹਿਸੂਸ ਹੋਣਾ ਸ਼ਾਮਲ ਹੈ, ਜਿਸ ਵਿਚ ਵਿਅਕਤੀ ਨੂੰ ਅਜਿਹਾ ਭੁਲੇਖਾ ਪੈਂਦਾ ਹੈ ਕਿ ਫੋਨ ਵੱਜ ਰਿਹਾ ਹੈ ਜਾਂ ਕੋਈ ਨੋਟੀਫਿਕੇਸ਼ਨ ਆਇਆ ਹੈ। ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਇਸ ਤੋਂ ਬਚਣ ਲਈ ਹਫ਼ਤੇ ਵਿਚ ਘੱਟੋ-ਘੱਟ ਇਕ ਦਿਨ ਜਾਂ ਦਿਨ ਵਿਚ ਕੁਝ ਘੰਟੇ ਮੋਬਾਈਲ ਤੋਂ ਪੂਰੀ ਤਰ੍ਹਾਂ ਦੂਰੀ ਬਣਾਉਣੀ ਚਾਹੀਦੀ ਹੈ। ਸੌਣ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾਂ ਫੋਨ ਦੀ ਵਰਤੋਂ ਬੰਦ ਕਰਨੀ।


author

Anmol Tagra

Content Editor

Related News