ਬਰੇਲੀ ਤੋਂ ਅਫ਼ੀਮ ਦੀ ਸਪਲਾਈ ਕਰਨ ਆਇਆ ਨਸ਼ਾ ਸਮੱਗਲਰ ਚੜ੍ਹਿਆ ਜੀ. ਆਰ. ਪੀ. ਦੇ ਹੱਥੇ
Wednesday, Feb 11, 2026 - 09:49 AM (IST)
ਲੁਧਿਆਣਾ (ਗੌਤਮ) : ਬਰੇਲੀ ਤੋਂ ਅਫ਼ੀਮ ਦੀ ਸਪਲਾਈ ਕਰਨ ਆਏ ਨਸ਼ਾ ਸਮੱਗਲਰ ਨੂੰ ਜੀ. ਆਰ. ਪੀ. ਦੇ ਸੀ. ਆਈ .ਏ. ਸਟਾਫ ਨੇ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਤੋਂ 1 ਕਿਲੋ 250 ਗ੍ਰਾਮ ਅਫ਼ੀਮ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਖਿਲਾਫ਼ ਨਸ਼ਾ ਸਮੱਗਲਿੰਗ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਜਿਲਾ ਬਰੇਲੀ ਦੇ ਰਹਿਣ ਵਾਲੇ ਜਗਦੀਸ਼ (38) ਵਜੋਂ ਕੀਤੀ ਹੈ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 1 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਹੈ। ਜਾਣਕਾਰੀ ਦਿੰਦੇ ਸੀ.ਆਈ.ਏ. ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਬੀਰਬਲ ਦੀ ਟੀਮ ਰੇਲਵੇ ਸਟੇਸ਼ਨ ’ਤੇ ਨਸ਼ਾ ਸਮੱਗਲਰਾਂ ਤੇ ਅਪਰਾਧਕ ਤੱਤਾਂ ਦੀ ਤਲਾਸ਼ ’ਚ ਚੈਕਿੰਗ ਕਰ ਰਹੀ ਸੀ ਤਾਂ ਮੁਲਜ਼ਮ ਨੇ ਪਲੇਟਫਾਰਮ ’ਤੇ ਪੁਲਸ ਪਾਰਟੀ ਤੋਂ ਅੱਖ ਬਚਾ ਕੇ ਨਿਕਲਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : PRTC ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, ਬਿਜਲੀ ਦਾ ਖੰਭਾ ਤੋੜ ਡਿਵਾਈਡਰ 'ਤੇ ਜਾ ਚੜ੍ਹੀ ਗੱਡੀ
ਸ਼ੱਕ ਹੋਣ ’ਤੇ ਟੀਮ ਨੇ ਮੁਲਜ਼ਮ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਮੁਲਜ਼ਮ ਤੋਂ ਅਫ਼ੀਮ ਬਰਾਮਦ ਕੀਤੀ ਗਈ। ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਬਰੇਲੀ ਤੋਂ ਅਫ਼ੀਮ ਦੀ ਖੇਪ ਦੇਣ ਲਈ ਆਇਆ ਸੀ ਅਤੇ ਉਸ ਨੇ ਰੇਲਵੇ ਸਟੇਸ਼ਨ ਦੇ ਨੇੜੇ ਹੀ ਸਪਲਾਈ ਦੇਣੀ ਸੀ। ਉਸ ਨੇ ਦੱਸਿਆ ਕਿ ਉਸਨੂੰ ਕਿਸੇ ਨੇ ਸਾਮਾਨ ਪਹੁੰਚਾਉਣ ਲਈ ਕਿਹਾ ਸੀ ਅਤੇ ਉਸ ਦੇ ਬਦਲੇ ’ਚ ਉਸ ਨੂੰ 10 ਹਜ਼ਾਰ ਮਿਲਣੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਉਸਦੇ ਸਾਥੀਆਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।
