ਲੀਡਰਾਂ ਦਾ ਮਜ਼ਾਕ ਉਡਾਉਣ ਵਾਲੇ CM ਮਾਨ ਨੇ ਮਹਿੰਗੇ ਅੰਗਰੇਜ਼ੀ ਸਕੂਲ 'ਚ ਕਰਾਇਆ ਧੀ ਦਾ ਦਾਖ਼ਲਾ: ਖਹਿਰਾ

Thursday, Feb 19, 2026 - 07:07 PM (IST)

ਲੀਡਰਾਂ ਦਾ ਮਜ਼ਾਕ ਉਡਾਉਣ ਵਾਲੇ CM ਮਾਨ ਨੇ ਮਹਿੰਗੇ ਅੰਗਰੇਜ਼ੀ ਸਕੂਲ 'ਚ ਕਰਾਇਆ ਧੀ ਦਾ ਦਾਖ਼ਲਾ: ਖਹਿਰਾ

ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਮਾਨ ਦੇ ਚੰਡੀਗੜ੍ਹ ਦੇ ਨਾਮੀ ਸਟ੍ਰਾਬੇਰੀ ਫੀਲਡਜ਼ ਸਕੂਲ ਵਿਚ ਹੋਏ ਦਾਖਲੇ ਨੂੰ ਲੈ ਕੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਖਹਿਰਾ ਨੇ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੇ ਆਪਣੀ ਬੇਟੀ ਦਾ ਦਾਖ਼ਲਾ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਵਿਚ ਹੀ ਕਰਵਾਉਣਾ ਸੀ, ਤਾਂ ਉਹ ਆਪਣੇ ਸਿਆਸੀ ਵਿਰੋਧੀਆਂ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਖੁਦ ਖਹਿਰਾ ਦਾ 'ਕਾਨਵੈਂਟ' ਸਕੂਲਾਂ ਵਿਚ ਪੜ੍ਹਨ ਕਾਰਨ ਹਮੇਸ਼ਾ ਮਜ਼ਾਕ ਕਿਉਂ ਉਡਾਉਂਦੇ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅੰਗਰੇਜ਼ੀ ਬੋਲਣ ਪ੍ਰਤੀ ਆਪਣੀ ਕਥਿਤ ਨਫ਼ਰਤ ਜਾਂ ਪੱਖਪਾਤ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ।

PunjabKesari

ਸੁਖਪਾਲ ਖਹਿਰਾ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਵਧੀਆ ਸਿੱਖਿਆ ਅਤੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ 'ਤੇ ਮੁਹਾਰਤ ਹਾਸਲ ਕਰਨ ਦੇ ਪੱਕੇ ਹਮਾਇਤੀ ਹਨ। ਉਨ੍ਹਾਂ ਨੇ ਭਗਵੰਤ ਮਾਨ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦਿਆਂ ਤੰਜ ਕੱਸਿਆ ਕਿ ਮੁੱਖ ਮੰਤਰੀ ਅਨੁਸਾਰ ਸਿਆਸਤਦਾਨ ਅਕਸਰ ਉਦੋਂ ਅੰਗਰੇਜ਼ੀ ਬੋਲਦੇ ਹਨ ਜਦੋਂ ਉਨ੍ਹਾਂ ਨੇ ਲੋਕਾਂ ਨਾਲ ਝੂਠ ਬੋਲਣਾ ਹੁੰਦਾ ਹੈ। ਖਹਿਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੁੱਖ ਮੰਤਰੀ ਆਪਣੀ ਧੀ ਨੂੰ ਅੰਗਰੇਜ਼ੀ ਸਿੱਖਣ ਤੋਂ ਬਾਅਦ ਝੂਠ ਬੋਲਣ ਦੀ ਸਿਖਲਾਈ ਨਹੀਂ ਦੇਣਗੇ।
 


author

Anmol Tagra

Content Editor

Related News