ਕਾਨਪੁਰ ’ਚ 6 ਸਾਲ ਦੇ ਬੱਚੇ ਦੀ ਅਗਵਾ ਪਿੱਛੋਂ ਹੱਤਿਆ, ਪਾਂਡੂ ਨਦੀ ’ਚੋਂ ਲਾਸ਼ ਮਿਲੀ; ਗੁਆਂਢੀ ਹਿਰਾਸਤ ’ਚ
Sunday, Oct 26, 2025 - 10:18 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਬਾਰਾ ਥਾਣਾ ਖੇਤਰ ਦੇ ਹਰਦੇਵ ਨਗਰ ’ਚ ਇਕ 6 ਸਾਲਾ ਬੱਚੇ ਦੀ ਅਗਵਾ ਪਿੱਛੋਂ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਮ੍ਰਿਤਕ ਬੱਚੇ ਦੇ ਗੁਆਂਢੀ ਨੂੰ ਹਿਰਾਸਤ ’ਚ ਲੈ ਲਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ) ਦੀਪੇਂਦਰ ਨਾਥ ਚੌਧਰੀ ਨੇ ਕਿਹਾ ਕਿ ਮੱਖਣ ਸੋਨਕਰ ਦਾ ਪੁੱਤਰ ਆਯੂਸ਼ ਸ਼ੁੱਕਰਵਾਰ ਦੁਪਹਿਰ ਵੇਲੇ ਆਪਣੇ ਘਰ ਦੇ ਬਾਹਰ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ। ਜਾਣਕਾਰੀ ਮਿਲਣ ’ਤੇ ਪੁਲਸ ਨੇ ਭਾਲ ਸ਼ੁਰੂ ਕੀਤੀ। ਸੀ. ਸੀ. ਟੀ. ਵੀ. ਫੁਟੇਜ ’ਚ ਆਯੂਸ਼ ਨੂੰ ਗੁਆਂਢੀ ਸ਼ਿਵਮ ਸਕਸੈਨਾ ਨਾਲ ਜਾਂਦੇ ਹੋਏ ਵੇਖਿਆ ਗਿਆ। ਸ਼ਿਵਮ ਨੂੰ ਬਾਅਦ ’ਚ ਇਕੱਲਾ ਵਾਪਸ ਆਉਂਦੇ ਦੇਖਿਆ ਗਿਆ। ਬੱਚੇ ਦੀ ਲਾਸ਼ ਪਾਂਡੂ ਨਦੀ ’ਚੋਂ ਮਿਲੀ।
ਪੁਲਸ ਅਨੁਸਾਰ ਮੁਲਜ਼ਮ ਤੇ ਪੀੜਤ ਪਰਿਵਾਰ ਇਕੋ ਘਰ ’ਚ ਕਿਰਾਏ ’ਤੇ ਰਹਿੰਦੇ ਸਨ। ਉਨ੍ਹਾਂ ਦਰਮਿਆਨ ਝਗੜਾ ਹੋਇਆ ਸੀ। ਪੁਲਸ ਨੇ ਸ਼ਿਵਮ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼ਿਵਮ ਮ੍ਰਿਤਕ ਬੱਚੇ ਦੀ ਮਾਂ ’ਤੇ ਭੈੜੀ ਨਜ਼ਰ ਰੱਖਦਾ ਸੀ। ਇਹੀ ਇਸ ਘਿਨਾਉਣੇ ਕਤਲ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਹੋਵੇਗੀ।
