ਅਮਰੀਕਾ ਦੇ ਗੁਰੂਘਰ 'ਚੋਂ ਅਗਵਾ ਹੋ ਗਿਆ ਲੁਧਿਆਣਾ ਦਾ ਬੰਦਾ
Friday, Feb 20, 2026 - 03:06 PM (IST)
ਟ੍ਰੇਸੀ (ਕੈਲੀਫੋਰਨੀਆ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਟ੍ਰੇਸੀ ਸ਼ਹਿਰ 'ਚ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਪਰਿਸਰ 'ਚੋਂ ਇੱਕ ਸਿੱਖ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ ਹੈ। ਅਗਵਾ ਹੋਏ ਵਿਅਕਤੀ ਦੀ ਪਛਾਣ 57 ਸਾਲਾ ਅਵਤਾਰ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ 'ਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਗੁਰਦੁਆਰਾ ਸਾਹਿਬ 'ਚ ਨਿਭਾ ਰਹੇ ਸਨ ਸੇਵਾ
ਅਵਤਾਰ ਸਿੰਘ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਕੈਲੀਫੋਰਨੀਆ ਵਿੱਚ ਰਹਿ ਰਹੇ ਸਨ ਅਤੇ ਟ੍ਰੇਸੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਬਤੌਰ ਰਸੋਈਏ (ਕੁੱਕ) ਸੇਵਾ ਨਿਭਾਉਂਦੇ ਸਨ। ਉਹ ਗੁਰਦੁਆਰਾ ਕੰਪਲੈਕਸ ਦੇ ਅੰਦਰ ਹੀ ਬਣੇ ਨਿਵਾਸ ਵਿੱਚ ਰਹਿੰਦੇ ਸਨ।

ਸੀਸੀਟੀਵੀ ਫੁਟੇਜ 'ਚ ਖੁਲਾਸਾ
ਪੁਲਸ ਨੂੰ ਮਿਲੀ ਸੀਸੀਟੀਵੀ ਫੁਟੇਜ ਮੁਤਾਬਕ, ਇਹ ਵਾਰਦਾਤ ਦੁਪਹਿਰ ਕਰੀਬ 2:30 ਵਜੇ ਵਾਪਰੀ। ਫੁਟੇਜ ਵਿੱਚ ਦੇਖਿਆ ਗਿਆ ਕਿ ਇੱਕ ਚਿੱਟੇ ਰੰਗ ਦੀ ਐੱਸਯੂਵੀ (SUV) ਵਿੱਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ, ਜਿਨ੍ਹਾਂ ਨੇ ਗੂੜ੍ਹੇ ਰੰਗ ਦੇ ਕੱਪੜੇ ਪਾਏ ਹੋਏ ਸਨ, ਅਵਤਾਰ ਸਿੰਘ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾਇਆ ਅਤੇ ਉੱਥੋਂ ਫ਼ਰਾਰ ਹੋ ਗਏ।
ਪੁਲਸ ਵੱਲੋਂ ਜਾਂਚ ਤੇ ਲੋਕਾਂ ਨੂੰ ਅਪੀਲ
ਪਰਿਵਾਰ ਦੀ ਸ਼ਿਕਾਇਤ 'ਤੇ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦਫ਼ਤਰ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਟੀਮਾਂ 17 ਫਰਵਰੀ ਨੂੰ ਰਾਤ 8:52 ਵਜੇ ਸੂਚਨਾ ਮਿਲਣ 'ਤੇ ਡਬਲਯੂ ਗ੍ਰਾਂਟ ਲਾਈਨ ਰੋਡ ਦੇ 16000 ਬਲਾਕ ਵਿੱਚ ਪਹੁੰਚੀਆਂ ਸਨ। ਪੁਲਸ ਨੇ ਅਵਤਾਰ ਸਿੰਘ ਤੇ ਸ਼ੱਕੀ ਗੱਡੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਫਿਲਹਾਲ ਪੁਲਿਸ ਇਸ ਨੂੰ ਅਗਵਾ ਅਤੇ ਲਾਪਤਾ ਹੋਣ ਦੇ ਐਂਗਲ ਤੋਂ ਦੇਖ ਰਹੀ ਹੈ, ਪਰ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ।
ਤਿੰਨ ਮਹੀਨੇ ਪਹਿਲਾਂ ਹੀ ਹੋਏ ਸਨ ਤਿੰਨ ਬੱਚੇ
ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿੱਚ ਲੋਕ ਅਵਤਾਰ ਸਿੰਘ ਦੀ ਸਲਾਮਤੀ ਲਈ ਦੁਆਵਾਂ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਉਹ ਬਹੁਤ ਹੀ ਨੇਕ ਇਨਸਾਨ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਨਿਸ਼ਕਾਮ ਸੇਵਾ ਕਰਦੇ ਸਨ। ਜਾਣਕਾਰੀ ਮੁਤਾਬਕ, ਸਿਰਫ਼ ਤਿੰਨ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਘਰ ਇੱਕਠੇ ਤਿੰਨ ਬੱਚਿਆਂ (ਟ੍ਰਿਪਲੇਟਸ) ਨੇ ਜਨਮ ਲਿਆ ਸੀ, ਜਿਸ ਕਾਰਨ ਪਰਿਵਾਰ ਅਤੇ ਭਾਈਚਾਰਾ ਇਸ ਘਟਨਾ ਤੋਂ ਬਾਅਦ ਡੂੰਘੇ ਸਦਮੇ ਵਿੱਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
