ਪਿੰਡ ਕਿੱਲੀ ਚਾਹਲਾਂ ਦੇ ਛੱਪੜ ’ਚੋਂ ਮਿਲੀ ਲਾਸ਼
Wednesday, Feb 25, 2026 - 06:22 PM (IST)
ਮੋਗਾ (ਆਜ਼ਾਦ) : ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਕਿੱਲੀ ਚਾਹਲਾਂ ਦੇ ਛੱਪੜ ਵਿਚੋਂ ਅੱਜ ਬਾਅਦ ਦੁਪਹਿਰ ਇਕ ਵਿਅਕਤੀ ਦੀ ਲਾਸ਼ ਤਰਦੀ ਹੋਈ ਮਿਲਣ ਦਾ ਪਤਾ ਲੱਗਾ ਹੈ, ਜਿਸ ਦੀ ਪਛਾਣ ਸੱਤਪਾਲ ਸਿੰਘ (50) ਨਿਵਾਸੀ ਪਿੰਡ ਲੀਲਾਂ ਹਾਲ ਕਿੱਲੀ ਚਾਹਲਾਂ ਵਜੋਂ ਹੋਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਛੱਪੜ ਵਿਚ ਇਕ ਵਿਅਕਤੀ ਦੀ ਲਾਸ਼ ਤੈਰ ਰਹੀ ਹੈ, ਜਿਸ ’ਤੇ ਅਸੀਂ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਨੂੰ ਸੂਚਿਤ ਕੀਤਾ, ਜਿਸ ’ਤੇ ਸੇਵਾਦਾਰ ਬਲਜੀਤ ਸਿੰਘ ਚਾਨੀ ਹੋਰਨਾਂ ਸਮੇਤ ਉਥੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜਿਆ ਗਿਆ।
ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿਚ ਜਸਕਰਨ ਸਿੰਘ ਦੇ ਬਿਆਨਾਂ ’ਤੇ ਅ/ਧ 194 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।
