ਇਟਲੀ ''ਚ ਹਰ ਰੋਜ਼ ਦਰਜਨਾਂ ਬੱਚੇ ਹੋ ਰਹੇ ਲਾਪਤਾ, ਬਹੁਤੇ ਬੱਚੇ ਵਿਦੇਸ਼ੀਆਂ ਦੇ ਸ਼ਾਮਲ

Saturday, Feb 28, 2026 - 03:02 PM (IST)

ਇਟਲੀ ''ਚ ਹਰ ਰੋਜ਼ ਦਰਜਨਾਂ ਬੱਚੇ ਹੋ ਰਹੇ ਲਾਪਤਾ, ਬਹੁਤੇ ਬੱਚੇ ਵਿਦੇਸ਼ੀਆਂ ਦੇ ਸ਼ਾਮਲ

ਰੋਮ (ਦਲਵੀਰ ਸਿੰਘ ਕੈਂਥ)- ਇਟਲੀ ਵਿੱਚ ਇੱਕ ਪਾਸੇ ਬੱਚਿਆਂ ਦੀ ਘੱਟ ਰਹੀ ਜਨਮ ਦਰ ਇਟਲੀ ਸਰਕਾਰ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਬੱਚਿਆਂ ਦੀ ਘੱਟ ਰਹੀ ਜਨਮ ਦਰ ਪੂਰੇ ਯੂਰਪ ਵਿਚੋਂ ਇਟਲੀ ਵਿੱਚ ਸਭ ਤੋਂ ਘੱਟ ਹੈ ਤੇ ਦੂਜੇ ਪਾਸੇ ਮਾਸੂਮ ਬੱਚਿਆਂ ਦੇ ਗੁੰਮ ਹੋਣ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ।ਇਟਲੀ ਭਰ ਵਿੱਚ ਹਰ ਰੋਜ਼ ਦਰਜਨਾਂ ਨਾਬਾਲਗ ਲਾਪਤਾ ਹੋ ਰਹੇ ਹਨ, ਜਿਨ੍ਹਾਂ ਵਿੱਚੋਂ ਜਿ਼ਆਦਾਤਰ ਵਿਦੇਸ਼ੀ ਨਾਗਰਿਕ ਹਨ। ਸਾਲ 2021 ਤੋਂ 2023 ਦੇ ਵਿਚਕਾਰ ਪੂਰੇ ਯੂਰਪ ਵਿੱਚ 51,000 ਤੋਂ ਵੱਧ ਇੱਕਲੇ ਬੱਚੇ ਲਾਪਤਾ ਹੋਏ ਜਿਸ ਵਿੱਚ ਸਭ ਤੋਂ ਵੱਧ ਅੰਕੜਾ ਇਟਲੀ ਦਾ ਦੱਸਿਆ ਜਾ ਰਿਹਾ ਹੈ।

PunjabKesari

ਪਿਛਲੇ ਇੱਕ ਦਹਾਕੇ ਦੌਰਾਨ ਭੂ-ਮੱਧ ਸਾਗਰ ਵਿੱਚ ਚੰਗੇ ਭੱਵਿਖ ਨੂੰ ਲੱਭਦੇ 3500 ਬੱਚਿਆਂ ਦੀ ਜਿੰਦਗੀ ਗੁਆਚ ਗਈ। ਸਾਲ 2024 ਦੀ ਗੱਲ ਕੀਤੀ ਜਾਵੇ ਤਾਂ ਪਹਿਲੇ 6 ਮਹੀਨਿਆਂ ਵਿੱਚ 11694 ਤੋਂ ਵੱਧ ਲਾਪਤਾ ਬੱਚਿਆਂ ਦੇ ਮਾਮਲੇ ਦਰਜ ਕੀਤੇ ਗਏ ਜਿਹਨਾਂ ਵਿੱਚ ਕਰੀਬ 70 ਫੀਸਦੀ  ਨਾਬਾਲਗ ਸਨ, ਜਿਹਨਾਂ ਦੇ 8143 ਮਾਮਲੇ ਦੱਸੇ ਜਾ ਰਹੇ ਹਨ ਤੇ ਉਮਰ 16-17 ਮੰਨੀ ਗਈ ਹੈ।ਇਹਨਾਂ ਬੱਚਿਆਂ ਵਿੱਚੋਂ 58 ਫੀਸਦੀ ਕੁੜੀਆਂ ਸਨ।ਬੱਚਿਆਂ ਵਿੱਚ 13 ਫੀਸਦੀ ਦੇ ਕਰੀਬ 0-10 ਸਾਲ ਦੀ ਉਮਰ ਦੇ ਬੱਚੇ ਵੀ ਸਨ। 

ਪੜ੍ਹੋ ਇਹ ਖ਼ਾਸ ਖ਼ਬਰ- Big Breaking : ਹੁਣ ਈਰਾਨ ਨੇ ਇਜ਼ਰਾਈਲ 'ਤੇ ਵਰ੍ਹਾਈਆਂ ਮਿਜ਼ਾਈਲਾਂ, ਵੱਜ ਉਠੇ ਸਾਇਰਨ

ਦੁਨੀਆਂ ਭਰ ਵਿੱਚ ਅਮਰੀਕਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਬੱਚੇ ਲਾਪਤਾ ਹੁੰਦੇ ਹਨ ਜਿਹਨਾਂ ਦਾ ਅੰਕੜਾ 460 ਹਜ਼ਾਰ ਹੈ। ਯੂਰਪ ਵਿੱਚੋਂ ਜਰਮਨ ਵਿੱਚ ਵੀ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਦੀਆਂ ਹਜ਼ਾਰਾਂ ਰਿਪੋਰਟਾਂ ਸਲਾਨਾ ਦਰਜ਼ ਹੁੰਦੀਆਂ ਹਨ ।ਸਪੇਨ ਵਿੱਚ ਹਰ ਸਾਲ ਲਗਭਗ 20 ਹਜ਼ਾਰ ਬੱਚੇ ਲਾਪਤਾ ਹੁੰਦੇ ਹਨ ਜਦੋਂ ਕਿ ਕੈਨੇਡਾ ਵਿੱਚ ਹਰ ਸਾਲ 45,288 ਬੱਚੇ ਲਾਪਤਾ ਹੁੰਦੇ ਹਨ ।ਇਟਲੀ ਵਿੱਚ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਵਰਦਾਤਾਂ ਵਿੱਚ ਵੀ ਵੱਧ ਰਹੀਆਂ ਹਨ ਜਿਹਨਾਂ ਵਿੱਚ ਲੰਬਾਰਦੀਆਂ ਅਤੇ ਕੰਪਾਨੀਆਂ ਸੂਬੇ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ 2 ਘਟਨਾਵਾਂ ਵਿੱਚ ਅਗਵਾਕਾਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਲਾਸੀਓ ਸੂਬੇ ਦੇ ਜਿਲ੍ਹਾ ਲਾਤੀਨਾ ਵਿੱਚ ਅਜਿਹੀਆਂ ਖਬਰਾਂ ਨਾਲ ਪੂਰੇ ਇਲਾਕੇ ਵਿੱਚ ਮਾਪਿਆਂ ਵਿੱਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।ਇਸ ਖ਼ਬਰ ਦੇ ਮਾਧਿਅਮ ਨਾਲ ਅਸੀ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੂੰ ਸੁਚੇਤ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਤਾਂ ਜੋ ਕੋਈ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ।

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News