ਦਿੱਲੀ ਕਾਲੋਨੀ ਦੇ ਪਲਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼, ਸਹਿਮੇ ਲੋਕ
Saturday, Feb 14, 2026 - 06:20 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਨੂੰ ਦਿੱਲੀ ਕਾਲੋਨੀ ਦੇ ਇਕ ਖਾਲੀ ਪਏ ਪਲਾਟ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਪਤਾ ਲੱਗਾ ਹੈ, ਜਿਸ ਨੂੰ ਫੋਕਲ ਪੁਆਇੰਟ ਪੁਲਸ ਚੌਕੀ ਵੱਲੋਂ ਪਛਾਣ ਵਾਸਤੇ 72 ਘੰਟੇ ਲਈ ਸਮਾਜ ਸੇਵਾ ਸੋਸਾਇਟੀ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਮੋਗਾ ਰੱਖਿਆ ਗਿਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ ਕਿ ਦਿੱਲੀ ਕਾਲੋਨੀ ਦੇ ਇਕ ਖਾਲੀ ਪਏ ਪਲਾਟ ’ਚ ਇਕ ਨੌਜਵਾਨ ਦੀ ਲਾਸ਼ ਪਈ ਹੈ ਜਿਸ ਦੀ ਉਮਰ 35 ਸਾਲ ਦੇ ਕਰੀਬ ਲੱਗ ਰਹੀ ਹੈ, ਜਿਸ ’ਤੇ ਅਸੀਂ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਦੀ ਪਛਾਣ ਕਰਨ ਦੇ ਇਲਾਵਾ ਉਸ ਦਾ ਨਿਰੀਖਣ ਕੀਤਾ ਅਤੇ ਆਸ ਪਾਸ ਤੋਂ ਪੁੱਛ ਗਿਛ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਬਾਂਹ ’ਤੇ ਰੀਤ ਅਤੇ ਸ਼ਾਰਦਾ ਲਿਖਿਆ ਹੋਇਆ ਹੈ ਪਰ ਉਸਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਸਬੰਧ ਦੇ ’ਚ ਆਸ ਪਾਸ ਦੇ ਥਾਣਿਆਂ ਅਤੇ ਇਲਾਕੇ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਦੀ ਪਛਾਣ ਹੋਣ ਜਾਂ 72 ਘੰਟੇ ਬੀਤਣ ਦੇ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਬਾਅਦ ਹੀ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਅਸਲੀ ਪਤਾ ਲੱਗ ਸਕੇਗਾ।
