‘ਦੇਵਦੂਤ’ ਬਣੀ ਜਲ ਸੈਨਾ, ਤੂਫਾਨ ‘ਤੌਕਤੇ’ ਕਾਰਨ ਫਸੇ ਸਮੁੰਦਰੀ ਜਹਾਜ਼ ਤੋਂ ਬਚਾਏ ਗਏ 184 ਲੋਕ
Wednesday, May 19, 2021 - 01:04 PM (IST)
ਮੁੰਬਈ (ਭਾਸ਼ਾ)— ਜਲ ਸੈਨਾ ਵਲੋਂ ਬੁੱਧਵਾਰ ਨੂੰ ਦੱਸਿਆ ਗਿਆ ਕਿ ਬੇਹੱਦ ਖਰਾਬ ਮੌਸਮ ਨਾਲ ਜੂਝਦੇ ਹੋਏ ਉਸ ਦੇ ਜਵਾਨਾਂ ਨੇ ਬਜਰਾ ਪੀ-305 (ਸਮੁੰਦਰੀ ਜਹਾਜ਼) ’ਤੇ ਸਵਾਰ 273 ਲੋਕਾਂ ’ਚੋਂ ਹੁਣ ਤੱਕ 184 ਨੂੰ ਬਚਾਅ ਲਿਆ ਹੈ, 22 ਲੋਕਾਂ ਦੀ ਮੌਤ ਅਤੇ 65 ਅਜੇ ਲਾਪਤਾ ਹਨ। ਜਲ ਸੈਨਾ ਮੁਤਾਬਕ ਦੋ ਹੋਰ ਬਜਰਿਆਂ ਅਤੇ ਇਕ ਆਇਲ ਰਿੰਗ ’ਤੇ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਇਹ ਬਜਰੇ ਚੱਕਰਵਾਤ ਤੂਫਾਨ ਤੌਕਤੇ ਦੇ ਗੁਜਰਾਤ ਤੱਟ ਨਾਲ ਟਕਰਾਉਣ ਦੇ ਕੁਝ ਹੀ ਘੰਟੇ ਪਹਿਲਾਂ ਮੁੰਬਈ ਨੇੜੇ ਅਰਬ ਸਾਗਰ ਵਿਚ ਫਸ ਗਏ ਸਨ ਅਤੇ ਵਹਿ ਗਏ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਅਤੇ ਬਚਾਅ ਮੁਹਿੰਮ ਅਜੇ ਜਾਰੀ ਹੈ। ਲੋਕਾਂ ਨੂੰ ਸੁਰੱਖਿਅਤ ਤੱਟ ’ਤੇ ਲਿਆਉਣ ਦੀ ਉਮੀਦ ਅਸੀਂ ਹੁਣ ਤੱਕ ਨਹੀਂ ਛੱਡੀ ਹੈ।
ਇਹ ਵੀ ਪੜ੍ਹੋ: ‘ਤੌਕਤੇ’ ਦਾ ਕਹਿਰ: ਜਲ ਸੈਨਾ ਨੇ ਸਮੁੰਦਰੀ ਜਹਾਜ਼ ’ਤੇ ਸਵਾਰ 177 ਲੋਕਾਂ ਨੂੰ ਬਚਾਇਆ, ਰੈਸਕਿਊ ਜਾਰੀ
ਓਧਰ ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਸਵੇਰ ਤੱਕ ਪੀ-305 ’ਤੇ ਮੌਜੂਦ 184 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਆਈ. ਐੱਨ. ਐੱਸ. ਕੋਚੀ ਅਤੇ ਆਈ. ਐੱਨ. ਐੱਸ. ਕੋਲਕਾਤਾ ਇਨ੍ਹਾਂ ਲੋਕਾਂ ਨੂੰ ਲੈ ਕੇ ਮੁੰਬਈ ਬੰਦਰਗਾਹ ਪਰਤੇ। ਬੁਲਾਰੇ ਨੇ ਕਿਹਾ ਕਿ ਆਈ. ਐੱਨ. ਐੱਸ. ਤੇਗ, ਆਈ. ਐੱਨ. ਐੱਸ. ਬੇਤਵਾ, ਆਈ. ਐੱਨ. ਐੱਸ. ਬਿਆਸ, ਪੀ-81 ਜਹਾਜ਼ ਅਤੇ ਹੈਲੀਕਾਪਟਰਾਂ ਦੀ ਮਦਦ ਨਾਲ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹੈ।
ਜਲ ਸੈਨਾ ਅਤੇ ਤੱਟ ਰੱਖਿਅਕ ਬਲ ਨੇ ਬਜਰੇ ‘ਜੀ. ਏ. ਐੱਲ. ਕਨਸਟ੍ਰਕਟਰ’ ’ਚ ਮੌਜੂੂਦ 137 ਲੋਕਾਂ ਨੂੰ ਮੰਗਲਵਾਰ ਤੱਕ ਬਚਾਅ ਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬਜਰੇ ਐੱਸ. ਐੱਸ-3 ’ਤੇ ਮੌਜੂਦ 196 ਲੋਕ ਅਤੇ ਆਇਲ ਰਿੰਗ ਸਾਗਰ ਭੂਸ਼ਣ ’ਤੇ ਮੌਜੂਦ 101 ਲੋਕ ਸੁਰੱਖਿਅਤ ਹਨ। ਓ. ਐੱਨ. ਜੀ. ਸੀ. ਅਤੇ ਐੱਸ. ਸੀ. ਆਈ. ਦੇ ਜਹਾਜ਼ਾਂ ਜ਼ਰੀਏ ਲੋਕਾਂ ਨੂੰ ਸੁਰੱਖਿਅਤ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਤੂਫ਼ਾਨ ‘ਤੌਕਤੇ’ ਦਾ ਕਈ ਸੂਬਿਆਂ ’ਚ ਕਹਿਰ; ਵੇਖੋ ਤਬਾਹੀ ਦੀਆਂ ਤਸਵੀਰਾਂ
ਬਚਾਅ ਅਤੇ ਰਾਹਤ ਕੰਮਾਂ ’ਚ ਮਦਦ ਲਈ ਖੇਤਰ ਵਿਚ ਆਈ. ਐੱਨ. ਐੱਸ. ਤਲਵਾਰ ਵੀ ਤਾਇਨਾਤ ਹੈ। ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ 707 ਲੋਕਾਂ ਨੂੰ ਲੈ ਕੇ ਜਾ ਰਹੇ 3 ਬਜਰੇ ਅਤੇ ਇਕ ਆਇਲ ਰਿੰਗ ਸੋਮਵਾਰ ਨੂੰ ਸਮੁੰਦਰ ’ਚ ਫਸ ਗਏ ਸਨ। ਇਨ੍ਹਾਂ ’ਚ 273 ਲੋਕਾਂ ਨੂੰ ਲੈ ਜਾ ਰਿਹਾ ‘ਪੀ-305’ ਬਜਰਾ, 137 ਲੋਕਾਂ ਨੂੰ ਲੈ ਕੇ ਜਾ ਰਿਹਾ ‘ਜੀ. ਏ. ਐੱਲ. ਕਨਸਟ੍ਰਕਟਰ’ ਅਤੇ ਐੱਸ.ਐੱਸ.-3 ਬਜਰਾ ਸ਼ਾਮਲ ਹਨ, ਜਿਨ੍ਹਾਂ ’ਚ 196 ਲੋਕ ਮੌਜੂਦ ਸਨ। ਨਾਲ ਹੀ ਸਾਗਰ ਭੂਸ਼ਣ ਆਇਲ ਰਿੰਗ ਵੀ ਸਮੁੰਦਰ ਵਿਚ ਫਸ ਗਿਆ ਸੀ, ਜਿਸ ’ਚ 101 ਲੋਕ ਮੌਜੂਦ ਸਨ। ਜਲ ਸੈਨਾ ਦੇ ਉਪ ਮੁਖੀ ਵਾਇਰਸ ਐਡਮਿਰਲ ਮੁਰਲੀਧਰ ਸਦਾਸ਼ਿਵ ਪਵਾਰ ਨੇ ਕਿਹਾ ਕਿ ਇਹ ਬੀਤੇ 4 ਦਹਾਕਿਆਂ ਵਿਚ ਸਭ ਤੋਂ ਵੱਧ ਚੁਣੌਤੀਪੂਰਨ ਤਲਾਸ਼ ਅਤੇ ਬਚਾਅ ਮੁਹਿੰਮ ਹੈ।
ਇਹ ਵੀ ਪੜ੍ਹੋ: ਗੁਜਰਾਤ ਦੌਰੇ ’ਤੇ PM ਮੋਦੀ, ਤੂਫਾਨ ‘ਤੌਕਤੇ’ ਤੋਂ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ