ਇੰਟਰਨੈੱਟ ਸ਼ਟਡਾਊਨ ਨਾਲ ਹਰ ਘੰਟੇ ਹੁੰਦੈ 2 ਕਰੋੜ 45 ਲੱਖ ਰੁਪਏ ਦਾ ਨੁਕਸਾਨ

Saturday, Dec 28, 2019 - 10:16 PM (IST)

ਇੰਟਰਨੈੱਟ ਸ਼ਟਡਾਊਨ ਨਾਲ ਹਰ ਘੰਟੇ ਹੁੰਦੈ 2 ਕਰੋੜ 45 ਲੱਖ ਰੁਪਏ ਦਾ ਨੁਕਸਾਨ

ਨਵੀਂ ਦਿੱਲੀ - ਨਾਗਰਿਕਤਾ (ਸੋਧ) ਕਾਨੂੰਨ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੀਤੇ ਦਿਨੀਂ ਹਿੰਸਕ ਵਿਖਾਵੇ ਹੋਏ। ਇਨ੍ਹਾਂ ਵਿਖਾਵਿਆਂ ਨੂੰ ਰੋਕਣ ਲਈ ਸਰਕਾਰ ਨੇ ਕਦਮ ਚੁੱਕੇ। ਇਸ ਅਧੀਨ ਇੰਟਰਨੈੱਟ ਨੂੰ ਵੱਖ-ਵੱਖ ਥਾਵਾਂ ’ਤੇ ਬੰਦ ਕੀਤਾ ਗਿਆ। ਜਦੋਂ ਤੋਂ ਨਾਗਰਿਕਤਾ (ਸੋਧ) ਕਾਨੂੰਨ ਬਣਿਆ ਹੈ, ਦੇਸ਼ ਦੇ ਕਈ ਹਿੱਸਿਆਂ ’ਚ ਇੰਟਰਨੈੱਟ ਨੂੰ ਸ਼ਟਡਾਊਨ ਕੀਤਾ ਗਿਆ ਹੈ। ਇੰਟਰਨੈੱਟ ਸੇਵਾਵਾਂ ਨੂੰ ਰੋਕਣ ਨਾਲ ਇੰਟਰਨੈੱਟ ਸਰਵਿਸ ਪ੍ਰੋਵਾਈਡ ਕਰਨ ਵਾਲੀਆਂ ਕੰਪਨੀਆਂ ਤੋਂ ਲੈ ਕੇ ਸਰਕਾਰ ਤੱਕ ਨੂੰ ਆਰਥਿਕ ਨੁਕਸਾਨ ਹੁੰਦਾ ਹੈ। ਇਕ ਨਵੀਂ ਰਿਪੋਰਟ ਮੁਤਾਬਕ ਹਰ ਘੰਟੇ ਕੰਪਨੀਆਂ ਨੂੰ 2 ਕਰੋੜ 45 ਲੱਖ ਤੱਕ ਦਾ ਨੁਕਸਾਨ ਹੁੰਦਾ ਹੈ। ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਦੇ ਹੁਕਮਾਂ ’ਤੇ ਇੰਟਰਨੈੱਟ ਰੋਕਣਾ ਪੈਂਦਾ ਹੈ। ਆਸਾਮ ’ਚ ਬੀਤੇ ਦਿਨੀਂ 10 ਦਿਨ ਤੱਕ ਇੰਟਰਨੈੱਟ ਬੰਦ ਰਿਹਾ ਸੀ।

ਭਾਰਤੀ ਸਭ ਤੋਂ ਵੱਧ ਇੰਟਰਨੈੱਟ ਡਾਟਾ ਦੀ ਕਰਦੇ ਹਨ ਵਰਤੋਂ
ਅੰਕੜਿਆਂ ਮੁਤਾਬਕ ਭਾਰਤ ਦੇ ਲੋਕ ਸਭ ਤੋਂ ਵੱਧ ਇੰਟਰਨੈੱਟ ਡਾਟਾ ਦੀ ਵਰਤੋਂ ਕਰਦੇ ਹਨ। ਹਰ ਮਹੀਨੇ ਭਾਰਤੀ 9.8 ਗੀਗਾ ਬਾਈਟ ਇੰਟਰਨੈੱਟ ਡਾਟਾ ਵਰਤਦੇ ਹਨ। ਇਹ ਦੁਨੀਆ ਦੇ ਕਿਸੇ ਵੀ ਹਿੱਸੇ ’ਚ ਵਰਤੇ ਜਾਣ ਵਾਲੇ ਡਾਟਾ ਤੋਂ ਕਿਤੇ ਵੱਧ ਹੈ। ਬੀਤੇ 5 ਸਾਲ ਦੌਰਾਨ ਭਾਰਤ ਵਿਚ 16 ਹਜ਼ਾਰ ਘੰਟਿਆਂ ਲਈ ਇੰਟਰਨੈੱਟ ਬੰਦ ਰਿਹਾ, ਜਿਸ ਕਾਰਣ 21584 ਕਰੋੜ ਰੁਪਏ ਦਾ ਨੁਕਸਾਨ ਹੋਇਆ।


author

Inder Prajapati

Content Editor

Related News