ਪੰਜਾਬ ''ਚ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਨੂੰ 5,000 ਕਰੋੜ ਰੁਪਏ ਦਾ ਨੁਕਸਾਨ

Thursday, Nov 27, 2025 - 04:15 PM (IST)

ਪੰਜਾਬ ''ਚ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਨੂੰ 5,000 ਕਰੋੜ ਰੁਪਏ ਦਾ ਨੁਕਸਾਨ

ਚੰਡੀਗੜ੍ਹ : ਪੰਜਾਬ 'ਚ ਅਗਸਤ-ਸਤੰਬਰ ਮਹੀਨੇ ਆਏ ਹੜ੍ਹਾਂ ਕਾਰਨ ਸੂਬੇ ਨੂੰ ਝੋਨੇ ਦੇ ਉਤਪਾਦਨ 'ਚ 17.54 ਲੱਖ ਮੀਟ੍ਰਿਕ ਟਨ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ 5,000 ਕਰੋੜ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ। ਇਸ ਸਾਲ ਕੁੱਲ ਝੋਨੇ ਦੀ ਖ਼ਰੀਦ 157.39 ਲੱਖ ਮੀਟ੍ਰਿਕ ਟਨ ਰਹੀ, ਜੋ ਪਿਛਲੇ ਸਾਲ 173.93 ਲੱਖ ਮੀਟ੍ਰਿਕ ਟਨ ਸੀ। ਇਸ ਕਾਰਨ ਕਿਸਾਨਾਂ ਨੂੰ ਇਸ ਸਾਲ 37,237.42 ਕਰੋੜ ਰੁਪਏ ਪ੍ਰਾਪਤ ਹੋਏ, ਜਦੋਂ ਕਿ ਪਿਛਲੇ ਸਾਲ ਇਹ ਰਕਮ ਕਰੀਬ 43,000 ਕਰੋੜ ਰੁਪਏ ਸੀ।

ਇਸ ਨਾਲ ਸੂਬੇ ਦੇ ਟੈਕਸ ਮਾਲੀਏ 'ਤੇ ਅਸਰ ਪਿਆ ਹੈ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਅਤੇ ਫਾਜ਼ਿਲਕਾ 'ਚ ਝੋਨੇ ਦੀ ਵੱਧ ਆਮਦ ਬਾਰੇ ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਕੀਤੀ ਗਈ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗੈਰ-ਬਾਸਮਤੀ ਝੋਨੇ ਦੀ ਵਧੀ ਹੋਈ ਕਾਸ਼ਤ ਨੇ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਕੀਤੀ। ਹੜ੍ਹਾਂ ਦੇ ਬਾਵਜੂਦ ਇਨ੍ਹਾਂ ਜ਼ਿਲ੍ਹਿਆਂ 'ਚ ਝੋਨੇ ਦੀ ਆਮਦ ਪਿਛਲੇ ਸਾਲ ਦੇ ਪੱਧਰ ਦੇ ਬਰਾਬਰ ਰਹੀ, ਜਿਸ ਕਾਰਨ ਸਰਕਾਰ ਨੂੰ ਝੋਨੇ ਦੀ ਖ਼ਰੀਦ ਰੋਕਣੀ ਪਈ। ਸੀਨੀਅਰ ਖ਼ੁਰਾਕ ਅਤੇ ਸਪਲਾਈ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੇ ਬਾਸਮਤੀ ਨੂੰ ਛੱਡ ਕੇ ਗੈਰ-ਬਾਸਮਤੀ ਕਿਸਮਾਂ ਦੀ ਕਾਸ਼ਤ ਕੀਤੀ। ਜਿਵੇਂ-ਜਿਵੇਂ ਗੈਰ-ਬਾਸਮਤੀ ਹੇਠ ਰਕਬਾ ਵਧਿਆ, ਉਵੇਂ ਉਤਪਾਦਨ ਵੀ ਵਧਿਆ। ਨਤੀਜੇ ਵਜੋਂ ਹੜ੍ਹਾਂ ਦੇ ਨੁਕਸਾਨ ਦੇ ਬਾਵਜੂਦ ਵੀ ਝੋਨੇ ਦੀ ਆਮਦ ਪਿਛਲੇ ਸਾਲ ਦੇ ਅੰਕੜਿਆਂ ਦੇ ਬਰਾਬਰ ਹੋ ਗਈ। ਪਿਛਲੇ ਸਾਲ ਸੂਬੇ ਨੇ 33.02 ਲੱਖ ਮੀਟ੍ਰਿਕ ਟਨ ਝੋਨਾ ਖਰੀਦਿਆ ਸੀ ਪਰ ਇਸ ਸਾਲ 17 ਨਵੰਬਰ ਤੱਕ ਮੰਡੀਆਂ 'ਚ ਸਿਰਫ 15.10 ਲੱਖ ਮੀਟ੍ਰਿਕ ਟਨ ਉਪਜ ਹੀ ਲਿਆਂਦੀ ਗਈ।
 


author

Babita

Content Editor

Related News