CIA ਸਟਾਫ਼ ਵੱਲੋਂ 45 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਗ੍ਰਿਫ਼ਤਾਰ
Tuesday, Nov 25, 2025 - 01:20 PM (IST)
ਮੋਹਾਲੀ (ਜੱਸੀ) : ਇੱਥੇ ਸੀ. ਆਈ. ਏ. ਸਟਾਫ਼ ਵੱਲੋਂ ਇਕ ਵਿਅਕਤੀ ਨੂੰ 45 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਅਜੈ ਕੁਮਾਰ ਉਰਫ਼ ਬਿੰਟਾ ਵਾਸੀ ਪੀਰ ਮੁਛੱਲਾ (ਜ਼ੀਰਕਪੁਰ) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ) ਸੌਰਵ ਜਿੰਦਲ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜ਼ਿਲ੍ਹਾ ਪੁਲਸ ਮੁਖੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਵੱਲੋਂ ਬੱਸ ਸਟੈਂਡ ਜ਼ੀਰਕਪੁਰ ਨੇੜੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵ੍ਹੀਕਲਾਂ ਦੇ ਸਬੰਧ ’ਚ ਗਸ਼ਤ ਕੀਤੀ ਜਾ ਰਹੀ ਸੀ, ਇਸ ਦੌਰਾਨ ਇਕ ਸਵਿੱਫਟ ਡਿਜ਼ਾਇਰ ਕਾਰ ਬੱਸ ਸਟੈਂਡ ਦੇ ਨੇੜੇ ਖੜ੍ਹੀ ਦਿਖਾਈ ਦਿੱਤੀ, ਜਿਸ ਦੀ ਪਿਛਲੀ ਨੰਬਰ ਪਲੇਟ ਮੋੜੀ ਹੋਈ ਸੀ ਅਤੇ ਉਕਤ ਕਾਰ ’ਚ ਇਕ ਵਿਅਕਤੀ ਬੈਠਾ ਸੀ।
ਪੁਲਸ ਨੇ ਸ਼ੱਕ ਦੇ ਆਧਾਰ ’ਤੇ ਗੱਡੀ ਦੀ ਜਦੋਂ ਚੈਕਿੰਗ ਕੀਤੀ ਤਾਂ ਗੱਡੀ ਦੇ ਗੇਅਰ ਬਾਕਸ ਕੋਲੋਂ ਇਕ ਚਿੱਟੇ ਰੰਗ ਦਾ ਲਿਫ਼ਾਫ਼ਾ ਮਿਲਿਆ, ਜਿਸ ’ਚੋਂ ਇਕ ਡਿਜੀਟਲ ਕੰਡਾ, ਪਲਾਸਟਿਕ ਦੇ ਛੋਟੇ ਲਿਫ਼ਾਫ਼ੇ ਅਤੇ ਇਕ ਮੋਮੀ ਲਿਫ਼ਾਫ਼ੇ ’ਚੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰ ਸਵਾਰ ਅਜੈ ਕੁਮਾਰ ਉਰਫ਼ ਬਿੰਟਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ. ਪੀ. (ਡੀ) ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਜੈ ਕੁਮਾਰ ਨੇ ਦੱਸਿਆ ਕਿ ਉਹ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਹ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਸਪਲਾਈ ਕਰਨ ਲਈ ਅੰਮ੍ਰਿਤਸਰ ਤੋਂ ਲੈ ਕੇ ਆਇਆ ਸੀ।
ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਉਰਫ਼ ਬਿੰਟਾ ਦੀ ਉਮਰ 55 ਸਾਲ ਹੈ ਅਤੇ ਉਹ ਅਰਬਨ ਵਾਟਿਕਾ ਜ਼ੀਰਕਪੁਰ ’ਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਉਕਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਸੀ. ਐਕਟ (ਨਸ਼ਾ ਤਸਕਰੀ) ਦੇ 3 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਇਸ ਸਮੇਂ ਪੁਲਸ ਰਿਮਾਂਡ ’ਤੇ ਹੈ, ਜਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ।
