ਦਿਲ ਹੀ ਤੋ ਹੈ ਨਾ ਸੰਗ ਓ ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ

12/29/2020 11:42:40 AM

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ ਦੌਰਾਨ ਹੁਣ ਤੱਕ ਲਗਭਗ ਤਿੰਨ ਦਰਜਨ ਤੋਂ ਉਪਰ ਵਿਅਕਤੀ ਆਪਣੀਆਂ ਸ਼ਹਾਦਤਾਂ ਦੇ ਨਜ਼ਰਾਨੇ ਦੇ ਚੁੱਕੇ ਹਨ। ਬੀਤੇ ਦਿਨੀਂ ਉਕਤ ਸ਼ਹੀਦਾਂ ’ਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਟਿਕਰੀ ਬਾਰਡਰ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਘਰਸ਼ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ।ਜਿਵੇਂ ਹੀ ਉਕਤ ਵਕੀਲ ਅਮਰਜੀਤ ਸਿੰਘ ਰਾਏ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਣ ਦਾ ਉਥੇ ਮੌਜੂਦ ਕਿਸਾਨਾਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਤੁਰੰਤ ਇਲਾਜ ਲਈ ਵਕੀਲ ਸਾਹਿਬ ਨੂੰ ਰੋਹਤਕ ਦੇ ਪੀ ਜੀ ਆਈ ਵਿਖੇ ਦਾਖ਼ਲ ਕਰਵਾਇਆ ਪਰ ਅਫ਼ਸੋਸ ਕਿ ਉੱਥੇ ਡਾਕਟਰਾਂ ਨੇ ਅਮਰਜੀਤ ਸਿੰਘ ਰਾਏ ਨੂੰ ਮਿ੍ਰਤਕ ਐਲਾਨ ਦਿੱਤਾ। ਉਕਤ ਵਕੀਲ ਨੇ ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਆਪਣਾ ਇਕ ਖ਼ੁਦਕੁਸ਼ੀ ਨੋਟ ’ਚ ਉਨ੍ਹਾਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਸਿੱਧੇ ਪ੍ਰਧਾਨ ਮੰਤਰੀ, ਅੰਬਾਨੀ, ਅਡਾਨੀ ਆਦਿ ਨੂੰ ਜ਼ਿੰਮੇਵਾਰ ਠਹਿਰਾਇਆ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਲਾਲਾਬਾਦ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਥੇ ਨਾਲ ਦਿੱਲੀ ਅੰਦੋਲਨ ਵਿਖੇ ਕਿਸਾਨਾਂ ਦੀ ਹਮਾਇਤ ’ਚ ਗਏ ਉਕਤ ਵਕੀਲ ਅਮਰਜੀਤ ਸਿੰਘ ਰਾਏ ਗਾਂਧੀ ਨਗਰ ਜਲਾਲਾਬਾਦ ਦੇ ਵਾਸੀ ਸਨ।

ਇਹ ਵੀ ਪੜ੍ਹੋ:ਇਹ ਸਿਰਫ਼ ਤਸਵੀਰ ਨਹੀਂ ਹੈ ਜਨਾਬ, ਜਜ਼ਬਾਤ ਨੇ, ਪੜ੍ਹੋ ਕੀ ਕਹਿ ਰਹੀ ਏ ਤਸਵੀਰ

ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਕਿਸਾਨਾਂ ਦੇ ਉਕਤ ਟਿਕਰੀ ਮੋਰਚੇ ’ਚ ਸਵੇਰੇ ਕਰੀਬ 9 ਵਜੇ ਸੁਸਾਇਡ ਨੋਟ ਲਿਖ ਕੇ ਕੋਈ ਜ਼ਹਿਰੀਲੀ ਵਸਤੂ ਖਾਣ ਤੋਂ ਬਾਅਦ ਉਨ੍ਹਾਂ (ਵਕੀਲ) ਆਪਣੇ ਨਾਲ ਗਏ ਕਲਰਕ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਕਿਸਾਨੀ ਅੰਦੋਲਨ ਲਈ ਲੜਦਿਆਂ ਮੋਦੀ ਸਰਕਾਰ ਤੋਂ ਦੁਖੀ ਹੁੰਦਿਆਂ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਉਹ ਲੰਗਰ ਵਾਲੀ ਜਗ੍ਹਾ ਦੇ ਨੇੜੇ ਪਰਾਲੀ ’ਤੇ ਲੇਟਿਆ ਹੋਇਆ ਹੈ। ਜਿਸ ਉਪਰੰਤ ਕਲਰਕ ਰਾਮਜੀਤ ਨੇ ਜਾ ਕੇ ਉਸ ਨੂੰ ਸੰਭਾਲਿਆ ਅਤੇ ਇਸ ਸਬੰਧੀ ਕਿਸਾਨ ਆਗੂਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ। ਜਿਸ ਤੋਂ ਬਾਅਦ ਤੁਰੰਤ ਉਕਤ ਵਕੀਲ ਅਮਰਜੀਤ ਸਿੰਘ ਰਾਏ ਨੂੰ ਨੇੜਲੇ ਸਿਵਲ ਹਸਪਤਾਲ ਬਹਾਦਰਗੜ੍ਹ ਵਿਖੇ ਦਾਖ਼ਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਡਾਕਟਰਾਂ ਵੱਲੋਂ ਰਾਏ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਇਆ ਉਸ ਨੂੰ ਪੀ. ਜੀ. ਆਈ. ਰੋਹਤਕ ਲਈ ਰੈਫਰ ਕਰ ਦਿੱਤਾ ਗਿਆ। ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। 

ਇਹ ਵੀ ਪੜ੍ਹੋਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਦਰਅਸਲ ਉਕਤ ਖੁਦਕੁਸ਼ੀ ਨੂੰ ਇਕੱਲੀ ਖੁਦਕੁਸ਼ੀ ਕਹਿ ਕੇ ਵਿਸਾਰ ਦੇਣਾ ਕਦਾਚਿਤ ਉਚਿਤ ਨਹੀਂ ਹੋਵੇਗਾ। ਅੱਜ ਇਸ ਕਿਸਾਨੀ ਸੰਘਰਸ਼ ਦੌਰਾਨ ਹੋ ਰਹੀਆਂ ਖੁਦਕੁਸ਼ੀਆਂ ਅਤੇ ਮੌਤਾਂ ਦੇਸ਼ ਦੇ ਲੋਕਾਂ ਦਾ ਉਹ ਅਕਿਹ ਦਰਦ ਹਨ ਜੋ ਸੱਤਾ ਤੇ ਬਿਰਾਜਮਾਨ ਹਾਕਮਾਂ ਨੂੰ ਇਸ ਸਮੇਂ ਨਾ ਸੁਣਾਈ ਦੇ ਰਿਹਾ ਹੈ ਤੇ ਨਾ ਹੀ ਵਿਖਾਈ ਦੇ ਰਿਹਾ ਹੈ। ਦਰਅਸਲ ਇਹ ਉਹ ਦਰਦ ਹਨ। ਜਿਸ ਦੇ ਨਾਲ ਜਿਊਣ ਲਈ ਦੇਸ਼ ਦਾ ਅੱਜ ਹਰ ਵਰਗ ਮਜ਼ਬੂਰ ਹੈ ਕਿ ਜਦੋਂ ਕੋਈ ਵੀ ਦਰਦ ਸਹਿਣ ਸ਼ਕਤੀ ਤੋਂ ਪਰੇ ਹੋ ਜਾਏ ਤਾਂ ਇਨਸਾਨ ਬੇ-ਅਖਤਿਆਰ ਰੋਣ ਲਈ ਮਜਬੂਰ ਹੋ ਜਾਂਦਾ ਹੈ। ਇਸੇ ਲਈ ਗਾਲਿਬ ਨੇ ਆਪਣੇ ਇਕ ਸ਼ੇਅਰ ’ਚ ਕਿਹਾ ਸੀ ਕਿ :
ਦਿਲ ਹੀ ਤੋ ਹੈ ਨਾ ਸੰਗ ਓ ਖਿਸ਼ਤ ਦਰਦ ਸੇ ਭਰ ਨਾ ਆਏ ਕਿਉਂ। 
ਰੋਏਂਗੇ ਹਮ ਹਜ਼ਾਰ ਬਾਰ ਕੋਈ ਹਮੇਂ ਸਤਾਏ ਕਿਉਂ॥

 (ਉਕਤ ਸ਼ੇਅਰ ’ਚ ਸੰਗ ਦਾ ਅਰਥ ਪੱਥਰ ਅਤੇ ‘ਖਿਸ਼ਤ’ ਦਾ ਅਰਥ ਇੱਥੇ ਇੱਟ ਤੋਂ ਹੈ) ਇਨਸਾਫ ਨਹੀਂ ਮਿਲਣ ਦੇ ਚਲਦਿਆਂ ਇਹ ਦਰਦ ਅਤੇ ਜਖਮ ਮੌਜੂਦਾ ਸਮੇਂ ਦੇਸ਼ ਦੇ ਚਿਹਰੇ ਮੋਹਰੇ ਤੇ ਫੈਲਣ ਵਾਲੇ ਉਹ ਨਾਸੂਰ ਹਨ ਜੋ ਦਿਨ ਬ ਦਿਨ ਦੇਸ਼ ਦੀ ਧਰਮ ਨਿਰਪੱਖਤਾ, ਸਮਾਜਿਕ ਸੁਰੱਖਿਆ, ਸਮਾਨਤਾ ਅਤੇ ਨਿਆਇਕ ਵਿਵਸਥਾ ਨੂੰ ਬਦਸੂਰਤ ਬਣਾਉਂਦੇ ਜਾ ਰਹੇ ਹਨ। ਯਕੀਨਨ ਅੱਜ ਹਰ ਦੇਸ਼ ਵਾਸੀ ਲਈ ਇਹ ਸੋਚਣ ਅਤੇ ਵਿਚਾਰਣ ਦਾ ਸਮਾਂ ਹੈ ਕਿ ਇਕ ਵਕੀਲ ਜੋ ਲੋਕਾਂ ਨੂੰ ਇਨਸਾਫ਼ ਦਿਵਾਉਣ ਦੀ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਇਨਸਾਫ਼ ਨਾ ਮਿਲਣ ਦੇ ਚੱਲਦਿਆਂ ਅੱਜ ਉਹ ਸਿਸਟਮ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਯਕੀਨਨ ਇਹ ਅੱਜ ਪੂਰੇ ਦੇਸ਼ ਲਈ ਗੰਭੀਰ ਚਿੰਤਨ ਦੇ ਨਾਲ-ਨਾਲ ਆਤਮ ਮੰਥਨ ਕਰਨ ਦੀ ਲੋੜ ਹੈ। 

ਅੱਬਾਸ ਧਾਲੀਵਾਲ 
ਮਾਲੇਰਕੋਟਲਾ ।
ਸੰਪਰਕ 9855259650 

ਨੋਟ: ਤੁਹਾਨੂੰ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News