ਰੋਹਿਤ ਨੇ ਪਾਕਿ ਖਿਲਾਫ ਟੈਸਟ ਕ੍ਰਿਕਟ ’ਤੇ ਕਿਹਾ- ਸ਼ਾਨਦਾਰ ਮੁਕਾਬਲਾ ਹੋਵੇਗਾ, ਇਹ ਕਿਉਂ ਨਾ ਹੋਵੇ?

04/18/2024 9:01:43 PM

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਖਿਲਾਫ ਟੈਸਟ ਕ੍ਰਿਕਟ ਖੇਡਣ ’ਚ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਇਸ ਮੁੱਖ ਵਿਰੋਧੀ ਟੀਮ ਦੇ ‘ਬੇਮਿਸਾਲ ਗੇਂਦਬਾਜ਼ੀ ਹਮਲੇ’ ਵਿਰੁੱਧ ‘ਸ਼ਾਨਦਾਰ ਮੁਕਾਬਲਾ’ ਹੋਵੇਗਾ। ਭਾਰਤ ਅਤੇ ਪਾਕਿਸਤਾਨ ਨੇ 2008 ਮੁੰਬਈ ਅੱਤਵਾਦੀ ਹਮਲੇ ਦੇ ਬਾਅਦ ਤੋਂ ਦੋ-ਪੱਖੀ ਕ੍ਰਿਕਟ ਨਹੀਂ ਖੇਡੀ ਹੈ, ਜਿਸ ’ਚ 150 ਤੋਂ ਵਧ ਲੋਕ ਮਾਰੇ ਗਏ ਸਨ। ਦੋਨੋਂ ਦੇਸ਼ ਹਾਲਾਂਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਤੇ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਦੇ ਟੂਰਨਾਮੈਂਟਾਂ ’ਚ ਨਿਯਮਿਤ ਤੌਰ ’ਤੇ ਭਿੜਦੇ ਰਹਿੰਦੇ ਹਨ। ਦੋਨਾਂ ਟੀਮਾਂ ਵਿਚਾਲੇ ਪਿਛਲਾ ਮੁਕਾਬਲਾ ਪਿਛਲੇ ਸਾਲ ਭਾਰਤ ’ਚ ਵਨ ਡੇ ਵਿਸ਼ਵ ਕੱਪ ਦੌਰਾਨ ਖੇਡਿਆ ਗਿਆ ਸੀ।

ਰੋਹਿਤ ਨੇ ਕਿਹਾ ਕਿ ਮੇਰਾ ਪੂਰੀ ਤਰ੍ਹਾਂ ਮੰਨਣਾ ਹੈ ਕਿ ਜੇਕਰ ਅਸੀਂ ਵਿਦੇਸ਼ਾਂ ’ਚ ਖੇਡਦੇ ਹਾਂ ਤਾਂ ਉਹ ਇਕ ਚੰਗੀ ਟੀਮ, ਸ਼ਾਨਦਾਰ ਗੇਂਦਬਾਜ਼ੀ ਹਮਲਾ ਹੈ ਅਤੇ ਚੰਗਾ ਮੁਕਾਬਲਾ ਹੋਵੇਗਾ। ਸ਼ਾਹੀਨ ਸ਼ਾਹ ਅਫਰੀਦੀ ਦੀ ਅਗਵਾਈ ਹੇਠ ਪਾਕਿਸਤਾਨ ਦੇ ਰਿਵਾਇਤੀ ਤੌਰ ’ਤੇ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲੇ ਲਈ ਅਜੇ 21 ਸਾਲ ਦੇ ਨਸੀਮ ਸ਼ਾਹ ਅਤੇ ਆਮੀਰ ਜਮਾਲ ਵਰਗੇ ਹੁਨਰਮੰਦ ਖਿਡਾਰੀ ਹਨ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਕਿਹਾ ਕਿ ਪਾਕਿਸਤਾਨ ਨਾਲ ਦੋ-ਪੱਖੀ ਕ੍ਰਿਕਟ ’ਤੇ ਕੋਈ ਵੀ ਫੈਸਲਾ ਸਰਕਾਰ ਦੀ ਮਨਜ਼ੂਰੀ ’ਤੇ ਨਿਰਭਰ ਕਰੇਗਾ, ਜਿਸ ਨੇ ਹੁਣ ਤੱਕ ਮੁੱਖ ਵਿਰੋਧੀ ਟੀਮ ਖਿਲਾਫ ਕ੍ਰਿਕਟ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਹੈ।


Tarsem Singh

Content Editor

Related News