ਪੰਜਾਬ ’ਚ ਲੋਕ ਸਭਾ ਚੋਣਾਂ ’ਚ ਰਹਿ ਗਿਆ ਮਹੀਨਾ ਪਰ ਨਾ ਝੰਡੇ ਦਿਸ ਰਹੇ ਨਾ ਪੋਸਟਰ ਅਤੇ ਬੈਨਰ

Wednesday, May 01, 2024 - 05:22 PM (IST)

ਪੰਜਾਬ ’ਚ ਲੋਕ ਸਭਾ ਚੋਣਾਂ ’ਚ ਰਹਿ ਗਿਆ ਮਹੀਨਾ ਪਰ ਨਾ ਝੰਡੇ ਦਿਸ ਰਹੇ ਨਾ ਪੋਸਟਰ ਅਤੇ ਬੈਨਰ

ਜਲੰਧਰ (ਅਨਿਲ ਪਾਹਵਾ) : ਦੇਸ਼ ਭਰ ’ਚ ਲੋਕ ਸਭਾ ਚੋਣਾਂ ਦੇ ਦੋ ਪੜਾਅ ਪੂਰੇ ਹੋ ਗਏ ਹਨ ਅਤੇ ਤੀਜੇ ਪੜਾਅ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਆਖਰੀ ਪੜਾਅ 1 ਜੂਨ ਨੂੰ ਹੋਵੇਗਾ, ਜਿਸ ’ਚ ਪੰਜਾਬ ’ਚ ਵੀ ਚੋਣਾਂ ਹੋਣਗੀਆਂ। ਕੁੱਲ ਮਿਲਾ ਕੇ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਹੁਣ ਇਕ ਮਹੀਨਾ ਬਾਕੀ ਰਹਿ ਗਿਆ ਹੈ ਪਰ ਜਿਸ ਤਰ੍ਹਾਂ ਦੀ ਚਹਿਲ-ਪਹਿਲ ਪਹਿਲਾਂ ਚੋਣਾਂ ’ਚ ਦੇਖੀ ਜਾਂਦੀ ਰਹੀ ਹੈ, ਉਹ ਇਸ ਵਾਰ ਨਹੀਂ ਹੈ। ਸਿਆਸੀ ਪਾਰਟੀਆਂ ਵੱਲੋਂ ਮੈਦਾਨ ’ਚ ਉਤਾਰੇ ਗਏ ਉਮੀਦਵਾਰਾਂ ਵਿਚ ਵੀ ਉਸ ਤਰ੍ਹਾਂ ਦੀ ਭੱਜ-ਨੱਠ ਨਹੀਂ ਦੇਖੀ ਜਾ ਰਹੀ ਜੋ ਅਕਸਰ ਪਿਛਲੀਆਂ ਚੋਣਾਂ ’ਚ ਕਈ ਵਾਰ ਦੇਖੀ ਜਾ ਚੁੱਕੀ ਹੈ। ਜੇਕਰ ਉਮੀਦਵਾਰ ਸੁਸਤ ਹਨ ਤਾਂ ਵੋਟਰ ਵੀ ਸੁਸਤ ਦਿਸ ਰਹੇ ਹਨ, ਜਿਸ ਦੇ ਕਾਰਨ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਚੋਣਾਂ ਦੀ ਰੌਣਕ ਦਾ ਉਤਸ਼ਾਹ ਨਾ ਦੇ ਬਰਾਬਰ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਇਕ ਹੋਰ ਪਹਿਲਕਦਮੀ, ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’

ਉਮੀਦਵਾਰਾਂ ਦੇ ਘਰਾਂ ’ਚ ਵੀ ਨਹੀਂ ਦਿਸ ਰਿਹਾ ਰੌਣਕ ਮੇਲਾ
ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਲਗਭਗ ਐਲਾਨ ਕੀਤਾ ਜਾ ਚੁੱਕਾ ਹੈ। ਕਿਸੇ ਪਾਰਟੀ ਦੀ ਇਕ ਅੱਧੀ ਸੀਟ ਹੋ ਸਕਦੀ ਹੈ, ਜਿੱਥੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਪਰ ਉਮੀਦਵਾਰਾਂ ਦੇ ਵਾਰ ਰੂਮ ਅਜੇ ਤੱਕ ਠੰਡੇ ਪਏ ਹਨ। ਉਮੀਦਵਾਰਾਂ ਦੇ ਘਰਾਂ ’ਤੇ ਸਮਰਥਕ ਤਾਂ ਇਕੱਠੇ ਹੋ ਰਹੇ ਹਨ ਪਰ ਗਹਿਮਾ-ਗਹਿਮੀ ਅਤੇ ਰੌਣਕ ਮੇਲਾ ਗਾਇਬ ਹੈ। ਜਿਸ ਤਰ੍ਹਾਂ ਗੁਪਤ ਮੀਟਿੰਗਾਂ ਆਮ ਤੌਰ ’ਤੇ ਉਮੀਦਵਾਰਾਂ ਦੇ ਘਰ ਦੇਖਣ ਨੂੰ ਮਿਲਦੀਆਂ ਹਨ, ਉਹ ਵੀ ਇਸ ਵਾਰ ਨਹੀਂ ਹਨ। ਉਪਰੋਂ ਆਏ ਹੁਕਮਾਂ ਅਨੁਸਾਰ ਹੀ ਵਧੇਰੇ ਉਮੀਦਵਾਰ ਆਪਣੀ ਰਣਨੀਤੀ ਬਣਾ ਰਹੇ ਹਨ।

ਲੋਕਾਂ ’ਚ ਨਹੀਂ ਦਿਸ ਰਹੀ ਕਿਸੇ ਕਿਸਮ ਦੀ ਕੋਈ ਉਤਸੁਕਤਾ
ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਦੀਆਂ ਚੋਣਾਂ। ਅਕਸਰ ਲੋਕਾਂ ਵਿਚ ਉਤਸੁਕਤਾ ਰਹਿੰਦੀ ਹੈ। ਲੋਕ ਅਕਸਰ ਹੀ ਚੋਣਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ ਪਰ ਇਸ ਵਾਰ ਲੋਕ ਇਸ ਮਾਮਲੇ ’ਚ ਚੁੱਪ ਵੱਟ ਰਹੇ ਹਨ। ਜਿੱਥੋਂ ਤੱਕ ਉਮੀਦਵਾਰਾਂ ਦੇ ਸਮਰਥਕਾਂ ਦਾ ਸਵਾਲ ਹੈ, ਉਹ ਪਹਿਲਾਂ ਵਾਂਗ ਉਮੀਦਵਾਰਾਂ ਨੂੰ ਸਮਾਂ ਨਹੀਂ ਦੇ ਪਾ ਰਹੇ ਹਨ। ਜਦੋਂ ਕਿ ਵੋਟਰ ਆਪਣੇ ਕੰਮ ’ਚ ਰੁੱਝੇ ਹੋਣ ਕਾਰਨ ਜ਼ਿਆਦਾ ਸਮਾਂ ਨਹੀਂ ਦੇ ਰਹੇ। ਜਿਥੋਂ ਤੱਕ ਦਿਹਾਤੀ ਵੋਟਰਾਂ ਦਾ ਸਬੰਧ ਹੈ, ਉੱਥੇ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਉਹ ਇਸੇ ਕੰਮ ਵਿਚ ਰੁੱਝੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਅਸੀਂ ਜਿੱਤੀਏ ਜਾਂ ਹਾਰੀਏ, ਪੰਜਾਬ ਦੇ ਹਿੱਤਾਂ ਲਈ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ : ਸੁਖਬੀਰ ਬਾਦਲ

ਹੁਣ ਤੱਕ ਦੀ ਸ਼ਾਇਦ ਸਭ ਤੋਂ ਘੱਟ ਖਰਚ ਵਾਲੀ ਹੋਵੇਗੀ ਚੋਣ
ਪੰਜਾਬ ’ਚ ਸ਼ਾਇਦ ਇਹ ਪਹਿਲੀ ਚੋਣ ਹੋਵੇਗੀ ਜਦੋਂ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ’ਤੇ ਲੱਗਣ ਵਾਲਾ ਪੈਸਾ ਸਭ ਤੋਂ ਘੱਟ ਖਰਚਿਆ ਜਾਵੇਗਾ। ਘਰਾਂ ਤੋਂ ਲੈ ਕੇ ਸ਼ਹਿਰ ਦੀਆਂ ਗਲੀਆਂ ਤੱਕ ਕਿਤੇ ਵੀ ਪੋਸਟਰ ਜਾਂ ਝੰਡੇ ਨਜ਼ਰ ਨਹੀਂ ਆਉਂਦੇ ਅਤੇ ਨਾ ਹੀ ਉਮੀਦਵਾਰਾਂ ਦੇ ਸਮਰਥਕਾਂ ਦੇ ਕੋਲ ਬੈਚ ਜਾਂ ਪ੍ਰਚਾਰ ਨਾਲ ਸਬੰਧਤ ਹੋਰ ਕਿਸੇ ਕਿਸਮ ਦਾ ਸਾਮਾਨ ਦਿਖਾਈ ਦਿੰਦਾ ਹੈ। ਕਿਸੇ ਵੀ ਸਿਆਸੀ ਪਾਰਟੀ ਵੱਲੋਂ ਰੋਡ ਸ਼ੋਅ ਜਾਂ ਰੈਲੀ ਦੌਰਾਨ ਕਿਸੇ ਨਿਰਧਾਰਤ ਇਲਾਕੇ ਵਿਚ ਹੀ ਝੰਡੇ ਵਿੱਚ ਲਗਾਏ ਜਾਂਦੇ ਹਨ ਪਰ ਰੈਲੀ ਖਤਮ ਹੁੰਦੇ ਹੀ ਉਨ੍ਹਾਂ ਨੂੰ ਉਤਾਰ ਦਿੱਤਾ ਜਾਂਦਾ ਹੈ।

ਪ੍ਰਚਾਰ ਸਮੱਗਰੀ ਬਣਾਉਣ ਵਾਲਿਆਂ ਦੇ ਵੀ ਚਿਹਰੇ ਲਟਕੇ
ਪੰਜਾਬ ’ਚ ਪ੍ਰਚਾਰ ਸਮੱਗਰੀ ਦਾ ਕੰਮ ਕਰਨ ਵਾਲੇ ਬਹੁਤੇ ਦੁਕਾਨਦਾਰਾਂ ਦੇ ਚਿਹਰੇ ਵੀ ਲਟਕੇ ਹੋਏ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਤੋਂ ਉਨ੍ਹਾਂ ਨੂੰ ਵੱਡੀ ਆਸ ਸੀ ਪਰ ਹੁਣ ਉਸ ਆਸ ’ਤੇ ਵੀ ਪਾਣੀ ਫਿਰਦਾ ਦਿਸ ਰਿਹਾ ਹੈ। ਇਸ ਦੇ ਪਿੱਛੇ ਦੋ ਮੁੱਖ ਕਾਰਨ ਹਨ, ਪਹਿਲਾ ਬੈਨਰਾਂ ਅਤੇ ਝੰਡਿਆਂ ਦੀ ਮੰਗ ਘੱਟ ਹੈ ਅਤੇ ਦੂਜਾ ਕਈ ਸਿਆਸੀ ਪਾਰਟੀਆਂ ਨੇ ਆਪਣੇ ਪੱਧਰ ’ਤੇ ਉਮੀਦਵਾਰਾਂ ਨੂੰ ਝੰਡੇ ਅਤੇ ਤਿਰੰਗੇ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰ ਦਿੱਤਾ ਹੈ। ਖਾਸ ਕਰਕੇ ਭਾਜਪਾ ਵਰਗੀ ਸਿਆਸੀ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਇਹ ਸਮੱਗਰੀ ਹੈੱਡਕੁਆਰਟਰ ਤੋਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਪਿੱਛੇ ਇਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੀਆਂ ਚੋਣਾਂ ਵਿਚ ਸਥਾਨਕ ਆਗੂਆਂ ਨੇ ਪ੍ਰਚਾਰ ਸਮੱਗਰੀ ਤੋਂ ਕਾਫੀ ਕਮਾਈ ਕੀਤੀ ਸੀ, ਜਿਸ ਤੋਂ ਬਾਅਦ ਸ਼ਾਇਦ ਇਹ ਫੈਸਲਾ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ :  ਗੁਣਵੱਤਾ ਭਰਪੂਰ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News