ਜੇ ਦੁੱਖ ਨਾ ਹੋਵੇ ਤਾਂ ਸੁੱਖ ਦਾ ਅਨੁਭਵ ਕਿਵੇਂ ਹੋਵੇ

Sunday, Apr 28, 2024 - 05:26 PM (IST)

ਮਨੁੱਖ ਦਾ ਸੰਸਾਰ ’ਚ ਆਉਣ ਦਾ ਜਾਣਦੇ ਹੋ ਕੀ ਮਕਸਦ ਹੈ? ਵੱਧ ਤੋਂ ਵੱਧ ਸੁੱਖ ਪ੍ਰਾਪਤ ਕਰਨਾ। ਮਨੁੱਖ ਦੀਆਂ ਦੋ ਹੀ ਖੋਜਾਂ ਹਨ-ਸੁੱਖਾਂ ਨੂੰ ਭੋਗਣਾ ਜਾਂ ਉਸ ਪਾਰਬ੍ਰਹਮ ਨੂੰ ਪ੍ਰਾਪਤ ਕਰਨਾ। ਮਨੁੱਖ ਭੱਜਦਾ ਜਾ ਰਿਹਾ ਹੈ ਸੁੱਖ ਦੀ ਪ੍ਰਾਪਤੀ ਲਈ। ਦੂਜੇ ਪਾਸੇ ਵਿਗਿਆਨੀ, ਦਾਰਸ਼ਨਿਕ, ਅਧਿਆਤਮਵਾਦੀ, ਸਿੱਧ, ਜਤੀ-ਸਤੀ, ਰਿਸ਼ੀ-ਮੁਨੀ, ਸਾਧੂ-ਸੰਨਿਆਸੀ, ਤੱਤ-ਵੇਤਾ, ਜੋਗੀ-ਵੈਰਾਗੀ, ਭਗਤ-ਸੰਤ ਇਹ ਸਾਰੇ ਇਸ ਖੋਜ ’ਚ ਹਨ ਕਿ ਰੱਬ ਸਾਨੂੰ ਮਿਲ ਜਾਵੇ ਪਰ ਸਭ ਹਾਰ-ਥੱਕ ਕੇ ਬੈਠ ਗਏ। ਸੁੱਖਾਂ ਪਿੱਛੇ ਦੌੜਨ ਵਾਲੇ ਵੀ ਹਾਰ-ਥੱਕ ਕੇ ਬੈਠ ਗਏ।

ਫਿਰ ਵੀ, ਉਹ ਰੱਬ ਅਪਾਰ, ਅਣਜਾਣ, ਅਦ੍ਰਿਸ਼ਟ, ਅਜਨਮਿਆ, ਸਰਬਵਿਆਪਕ, ਸੱਚਾ, ਅਨਾਦਿ, ਬੇਅੰਤ, ਆਦਿ, ਅੰਤ ਤੋਂ ਪਰ੍ਹੇ ਹੈ। ਕਰਮ ਹੈ, ਕਰਤਾ ਹੈ ਅਤੇ ਕਰਮਾਂ ਦਾ ਫਲ ਦੇਣ ਵਾਲਾ ਹੈ। ਮਨੁੱਖ ਉਸ ਬ੍ਰਹਮ ਤੋਂ ਵਿਛੜਿਆਹੋਇਆਜੀਵ ਹੈ। ਉਸ ਨੂੰ ਉਸ ਰੱਬ ਦੀ ਰਜ਼ਾ ’ਚ ਖੁਸ਼ ਰਹਿਣਾ ਚਾਹੀਦਾ ਹੈ। ਸੁੱਖ-ਦੁੱਖ ਮਨੁੱਖਾਂ ਦੇ ਕਰਮ ਹਨ। ਇਹ ਸਭ ਸੁੱਖ-ਦੁੱਖ ਉਸ ਪ੍ਰਭੂ ਦੀ ਦੇਣ ਹੈ। ਮੈਨੂੰ ਵੀ ਪਤਾ ਨਹੀਂ ਕਿ ਉਸ ਰੱਬ ਦਾ ਸਰੂਪ ਕੀ ਹੈ। ਕਰਤਾ ਅਤੇ ਕਰਵਾਉਣ ਵਾਲਾ ਉਹੀ ਹੈ। ਉਹੀ ਸੁੱਖਦਾਤਾ ਹੈ ਅਤੇ ਉਹੀ ਦੁੱਖਦਾਤਾ ਹੈ ਪਰ ਮਨੁੱਖ ਭਰਮ, ਮੋਹ, ਅਗਿਆਨ ਅਤੇ ਹੰਕਾਰ ’ਚ ਡੁੱਬਿਆਹੋਇਆਨਾ ਤਾਂ ਸਦਾ ਸੁੱਖ ਨੂੰ ਪ੍ਰਾਪਤ ਕਰ ਸਕਿਆਅਤੇ ਨਾ ਹੀ ਉਸ ਪਾਰਬ੍ਰਹਮ ਨੂੰ ਪ੍ਰਾਪਤ ਕਰ ਸਕਿਆ।

ਮਨੁੱਖ ਭੋਗ-ਵਿਲਾਸਾਂ ਦੇ ਚੱਕਰਾਂ ’ਚ ਇਹ ਵੀ ਨਾ ਜਾਣ ਸਕਿਆਕਿ ਉਸ ਨੇ ਇਕ ਦਿਨ ਇਸ ਸੰਸਾਰ ਤੋਂ ਜਾਣਾ ਹੈ। ਕਾਲ ਰੂਪੀ ਚੂਹਾ ਦਿਨ-ਪ੍ਰਤੀਦਿਨ ਉਸ ਦੀ ਜ਼ਿੰਦਗੀ ਨੂੰ ਕੁਤਰ ਰਿਹਾ ਹੈ। ਜ਼ਿੰਦਗੀ ਦੀ ਸ਼ਾਮ ਹਰ ਪਲ ਢਲ ਰਹੀ ਹੈ। ਮਹਿਲ ਚੁਬਾਰੇ, ਪੁੱਤਰ-ਪੋਤਰੇ, ਮਾਂ-ਬਾਪ, ਧਨ-ਦੌਲਤ ਨਾਲ ਨਹੀਂ ਜਾਵੇਗੀ। ਸਿਕੰਦਰ ਮਹਾਨ ਖਾਲੀ ਹੱਥ ਚਲਾ ਗਿਆ। ਕੱਫਣ ’ਚ ਜੇਬ ਨਹੀਂ ਹੁੰਦੀ। ਜੋ ਕੁਝ ਦਿਸਦਾ ਹੈ, ਸਭ ਨਸ਼ਟ ਹੋ ਜਾਵੇਗਾ। ਰੱਬ ਰਹੇਗਾ, ਰੱਬ ਦੀ ਬਣਾਈ ਸ੍ਰਿਸ਼ਟੀ ਸੰਤੁਲਨ ’ਚ ਰਹੇਗੀ। ਮੌਤ ਮਨੁੱਖ ਦੀ ਪਰਮ ਮਿੱਤਰ ਹੈ। ਦੁੱਖ-ਸੁੱਖ ਮਨੁੱਖ ਦੇ ਸੰਗੀ-ਸਾਥੀ ਹਨ। ਸੁੱਖ ਆਦਮੀ ਨੂੰ ਤੋੜਦਾ ਹੈ ਅਤੇ ਦੁੱਖ ਸਮੇਟਦਾ ਹੈ।

ਦੁੱਖ ’ਚ ਮਨੁੱਖ ਦੀ ਪਛਾਣ ਹੋ ਜਾਂਦੀ ਹੈ। ਦੁਸ਼ਮਣ-ਮਿੱਤਰ ਦਾ ਦੁੱਖ ’ਚ ਪਤਾ ਲੱਗ ਜਾਂਦਾ ਹੈ। ਸੁੱਖ ’ਚ ਜੋ ਕਹਿੰਦੇ ਸਨ ਕਿ ਮਰਾਂਗੇ ਨਾਲ ਤੇਰੇ, ਦੁੱਖ ਦੇ ਦਿਨ ਆਏ, ਯਾਰਾਂ ਦਾ ਪਤਾ ਹੀ ਨਹੀਂ ਲੱਗਾ ਕਿ ਕਿੱਧਰ ਗਏ? ਦੁੱਖ ’ਚ ਹੀ ਤਾਂ ਹਨੇਰਿਆਂ-ਰੋਸ਼ਨੀਆਂ ਦੀ ਪਛਾਣ ਹੁੰਦੀ ਹੈ। ਦੁੱਖ ਰੂਪੀ ਰਾਤ ਆਉਂਦਿਆਂ ਹੀ ਮਨੁੱਖ ਦਾ ਪਰਛਾਵਾਂ ਵੀ ਉਸ ਦਾ ਸਾਥ ਛੱਡ ਦਿੰਦਾ ਹੈ।

ਰਹਿਮਨ ਵਿਪਦਾ ਹੂੰ ਭਲੀ, ਜੋ ਥੋੜ੍ਹੇ ਦਿਨ ਹੋਏ,

ਹਿਤ-ਅਵਹਿਤ ਯਾ ਜਗਤ ਮੇਂ ਜਾਨੀ ਪੜਤ ਸਬ ਕੋਏ।

ਆਪਣੇ-ਪਰਾਏ ਦੀ ਪਛਾਣ ਤਾਂ ਦੁੱਖ ’ਚ ਹੋਵੇਗੀ। ਯਾਦ ਰੱਖੋ ਦੁੱਖ ਆਦਮੀ ਦੇ ਅੰਤਰਮਨ ਨੂੰ ਸ਼ੁੱਧ ਅਤੇ ਰੋਸ਼ਨ ਕਰਦਾ ਹੈ। ਸੋਨਾ ਅੱਗ ’ਚ ਤਪ ਕੇ ਹੀ ਚਮਕਦਾ ਹੈ। ਦੁੱਖ ਮਨੁੱਖ ਨੂੰ ਹੌਸਲੇ ਵਾਲਾ ਅਤੇ ਸੁੱਖ ਆਲਸੀ ਬਣਾ ਦਿੰਦਾ ਹੈ। ਆਯੁਰਵੈਦਿਕ ਇਲਾਜ ’ਚ ਇਕ ਸ਼ਬਦ ਆਉਂਦਾ ਹੈ ‘ਵਿਰੇਚਨ,’ ਅੰਗ੍ਰੇਜ਼ੀ ’ਚ ‘ਪਰਜ’ ਕਹਿੰਦੇ ਹਨ। ਵਿਰੇਚਨ ਰੋਗੀ ਨੂੰ ਨਿਰੋਗ ਬਣਾਉਣ ਦੀ ਪ੍ਰਕਿਰਿਆਹੈ। ਵਿਰੇਚਨ ਪ੍ਰਕਿਰਿਆਪਿੱਛੋਂ ਰੋਗੀ ਆਪਣੇ ਆਪ ’ਚ ਸਿਹਤਮੰਦ ਮਹਿਸੂਸ ਕਰਦਾ ਹੈ। ਸੁੱਖ ’ਚ ਵਿਅਕਤੀ ਸਵਾਰਥੀ ਅਤੇ ਭੋਗਵਾਦੀ ਬਣ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਥਨ ਸੱਚ ਹੈ ਕਿ : ਦੁਖ ਦਾਰੂ, ਸੁਖ ਰੋਗ ਭਇਆ।।

ਸੁੱਖ ਰੋਗ ਅਤੇ ਦੁੱਖ ਦਵਾਈ ਹੈ। ਦੁੱਖ ’ਚ ਆਦਮੀ ਦੇ ਧੀਰਜ ਦਾ ਪਤਾ ਲੱਗਦਾ ਹੈ। ਜ਼ਿੰਦਗੀ ’ਚ ਜੇ ਦੁੱਖ ਨਾ ਹੋਵੇ ਤਾਂ ਸੁੱਖ ਦਾ ਅਨੁਭਵ ਕਿਵੇਂ ਹੋਵੇਗਾ? ਇੱਛਾਵਾਂ, ਆਸਾਂ ਦਾ ਪੂਰਾ ਨਾ ਹੋਣਾ ਦੁੱਖ ਹੈ ਅਤੇ ਜ਼ਿੰਦਗੀ ’ਚ ਐਸ਼ੋ-ਆਰਾਮ ਹੋਵੇ ਤਾਂ ਸੁੱਖ। ਸੁੱਖ-ਦੁੱਖ ਮਾਨਸਿਕ ਅਵਸਥਾਵਾਂ ਹਨ। ਹਾਂ, ਮਨੁੱਖ ਦਾ ਸਰੀਰਕ ਦੁੱਖ ਜ਼ਰੂਰ ਵੇਦਨਾ ਭਰਪੂਰ ਹੁੰਦਾ ਹੈ। ਸੁੱਖ ਆਦਮੀ ਦੀ ਭੜਕਣ ਹੈ ਅਤੇ ਦੁੱਖ ਮਨੁੱਖ ਨੂੰ ਰੱਬ ਨਾਲ ਜੋੜਦਾ ਹੈ। ਦੁੱਖ ’ਚ ਤੌਬਾ ਕਰਦਾ ਹੈ ਅਤੇ ਸੁੱਖ ’ਚ ਹੱਸਦਾ-ਖੇਡਦਾ ਹੈ।

ਦੁੱਖ ਨਾਲ ਆਤਮਾ ਸ਼ੁੱਧ ਹੁੰਦੀ ਹੈ। ਦੁੱਖ ਜੋੜਦਾ ਹੈ ਅਤੇ ਸੁੱਖ ਤੋੜਦਾ ਹੈ। ਦੁੱਖ ਵਿਅਕਤੀ ਨੂੰ ਮਾਂਜਦਾ ਹੈ। ਸੁੱਖ-ਦੁੱਖ ਮਨੁੱਖ ਦੇ ਕਰਮਾਂ ਦਾ ਫਲ ਹੈ। ਕਰਮਾਂ ਦੇ ਭੋਗ ਤੋਂ ਕੋਈ ਵੀ ਪ੍ਰਾਣੀ ਬਚਦਾ ਨਹੀਂ। ਮੈਨੂੰ ਬੀਮਾਰੀ ਦੇ ਇਸ ਦੌਰ ’ਚ ਰਾਮਾਇਣ, ਗੀਤਾ, ਬਾਈਬਲ, ਕੁਰਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਦਾ ਦੁਬਾਰਾ ਮੌਕਾ ਮਿਲਿਆ। ਚਿੰਤਨ ਹੋਇਆਕਿ ਸੰਸਾਰ ਰੂਪੀ ਭਵਸਾਗਰ ਨੂੰ ਪਾਰ ਕਰਨ ਦਾ ਆਧਾਰ ਸਿਰਫ ਨਾਮ ਰੂਪੀ ਜਹਾਜ਼ ਹੈ। ਸੰਤ ਪੁਰਸ਼ਾਂ ਦੀ ਸੰਗਤ ਪ੍ਰਭੂ ਨਾਲ ਮੇਲ ਕਰਵਾਉਂਦੀ ਹੈ। ਸ਼ਾਂਤ ਪੁਰਸ਼ਾਂ ਦੀ ਚਰਨ ਧੂੜ ਮੱਥੇ ’ਤੇ ਲਾਓ, ਯਮਰਾਜ ਦਾ ਭੈਅ ਜਾਂਦਾ ਰਹੇਗਾ। ਮੌਤ ਅਟੱਲ ਹੈ। ਜੋ ਹੋ ਕੇ ਹੀ ਰਹਿਣਾ ਹੈ ਉਸ ਨੂੰ ਹੋਣ ਦਿਓ। ਸੁੱਖ-ਦੁੱਖ ਮਨੁੱਖ ਦੇ ਦੋਸਤ ਹਨ। ਸੁੱਖ-ਦੁੱਖ ਦੋਵਾਂ ਨੂੰ ਬਰਾਬਰ ਕਰ ਕੇ ਜੋ ਮਨੁੱਖ ਜਾਣਦਾ ਹੈ ਉਹ ਮੂਰਤ ਭਗਵਾਨਾ।

ਇਹ ਦੁੱਖ ਹੀ ਤਾਂ ਹੈ ਜੋ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਉਲਟ ਹਾਲਾਤ ’ਚ ਜੋ ਡੋਲਦਾ ਨਹੀਂ ਉਹੀ ਭਗਵਾਨ ਬਣ ਜਾਂਦਾ ਹੈ। ਰਾਮ ਭਗਵਾਨ ਤਦ ਬਣੇ ਜਦ ਉਨ੍ਹਾਂ ਨੇ 14 ਸਾਲ ਜੰਗਲਾਂ ’ਚ ਕਸ਼ਟ ਸਹੇ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਦੁੱਖ ਮਨੁੱਖ ਨੂੰ ਮਨੁੱਖ ਨਾਲ ਜੋੜਦਾ ਹੈ। ਮੁਸੀਬਤ ਦੇ 14 ਸਾਲਾਂ ’ਚ ਰਾਮ ਨਾਲ ਕੇਵਟ, ਸ਼੍ਰੰਗਵੇਰ ਦੇ ਰਾਜਾ ਘੋਹ, ਨਲ-ਨੀਲ, ਗਿੱਧ ਰਾਜ ਸੰਪਾਤੀ ਅਤੇ ਜਟਾਯੂ ਆਸ਼ਰਮ ਵਾਸੀ, ਸਿੱਧ ਪੁਰਸ਼, ਸੁਗਰੀਵ, ਹਨੂੰਮਾਨ, ਵਿਭੀਸ਼ਣ, ਸਮੁੰਦਰ, ਤ੍ਰਿਜਰਾ ਆਦਿ ਸਭ ਜੁੜਦੇ ਚਲੇ ਗਏ ਅਤੇ ਰਾਮ ਨੇ ਇਕ ਵਿਸ਼ਾਲ ਵਾਨਰ ਸੈਨਾ ਨਾਲ ਰਾਵਣ ਕੁਲ ਦਾ ਵਧ ਕਰ ਕੇ ਸੀਤਾ ਨੂੰ ਮੁਕਤ ਕਰਵਾ ਲਿਆ। ਸੁਗਰੀਵ ਅਤੇ ਵਿਭੀਸ਼ਣ ਨੂੰ ਆਪਣੇ-ਆਪਣੇ ਸੂਬੇ ਦਾ ਰਾਜਾ ਬਣਾ ਦਿੱਤਾ। ਰਾਮ-ਸੀਤਾ ਅਤੇ ਲਛਮਣ ਜੰਗਲਾਂ ਦੇ ਦੁੱਖਾਂ ਨੂੰ ਸਹਿ ਕੇ ਹੀ ਪੂਜਨੀਕ ਬਣੇ।

ਰਾਮ ਦੁੱਖਾਂ ਨੂੰ ਚੀਰ ਕੇ ਭਗਵਾਨ ਬਣ ਗਏ। ਭਗਵਾਨ ਕ੍ਰਿਸ਼ਨ ਦਾ ਜਨਮ ਹੀ ਦੁੱਖਾਂ ’ਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਜੇਲ ’ਚ, ਕ੍ਰਿਸ਼ਨ ਦੀਆਂ 6 ਭੈਣਾਂ ਨੂੰ ਜਨਮ ਲੈਂਦਿਆਂ ਹੀ ਮਾਰ ਦਿੱਤਾ ਗਿਆ। ਕ੍ਰਿਸ਼ਨ ਖੁਦ ਜੇਲ ’ਚ ਪੈਦਾ ਹੋਏ। ਕ੍ਰਿਸ਼ਨ ਭਗਵਾਨ ਸਾਰੀ ਉਮਰ ਰਾਖਸ਼ਾਂ ਨਾਲ ਲੜਦੇ ਰਹੇ। ਕਿਤੇ ਕਾਲੀਆਨਾਗ ਨਾਲ ਅਤੇ ਕਿਤੇ ਪੂਤਨਾ ਦਾਈ ਨਾਲ ਲੜਦੇ ਰਹੇ, ਸੰਘਰਸ਼ ਕਰਦੇ ਰਹੇ ਪਰ ਉਨ੍ਹਾਂ ਨੇ ਧੀਰਜ ਨਹੀਂ ਛੱਡਿਆ। ਅਖੀਰ ਮਹਾਭਾਰਤ ਦੇ ਯੁੱਧ ’ਚ ਜੇਤੂ ਬਣ ਕੇ ਉਭਰੇ ਅਤੇ ਭਗਵਾਨ ਅਖਵਾਏ। ਦਵਾਰਕਾਧੀਸ਼ ਅਖਵਾਏ। ਪਾਂਡਵਾਂ ਨੇ ਭਲਾ, ਕੀ-ਕੀ ਦੁੱਖ ਨਹੀਂ ਸਹੇ। ਇਨ੍ਹਾਂ ਦੁੱਖਾਂ ਦੇ ਪਾਰ ਜਾ ਕੇ ਉਹ ਜੇਤੂ ਹੋਏ।

ਗੌਤਮ ਬੁੱਧ ਜੇ ਰਾਜ ਮਹਿਲਾਂ ਦੇ ਸੁੱਖਾਂ ਨਾਲ ਜੁੜੇ ਰਹਿੰਦੇ ਤਾਂ ਉਨ੍ਹਾਂ ਨੂੰ ਮਹਾਤਮਾ ਬੁੱਧ ਕੌਣ ਕਹਿੰਦਾ? ਉਨ੍ਹਾਂ ਨੇ ਦੁਨੀਆ’ਚ ਸੱਚ ਜਾਣਨ ਲਈ ਆਪਣੀ ਪਤਨੀ, ਆਪਣੇ ਨਵਜਨਮੇ ਬੱਚੇ ਅਤੇ ਰਾਜ-ਭਾਗ ਦਾ ਤਿਆਗ ਕਰ ਕੇ ਆਪਣੀ ਜ਼ਿੰਦਗੀ ਨੂੰ ਤਪ ਅਤੇ ਤਪੱਸਿਆ’ਚ ਤਪਾ ਦਿੱਤਾ। ਅੰਨ, ਜਲ ਤਿਆਗ ਕੇ ਬੋਧੀ ਰੁੱਖ ਹੇਠਾਂ ਘੋਰ ਕਸ਼ਟਾਂ ’ਚ ਪੈ ਕੇ ਗਿਆਨ ਪ੍ਰਾਪਤ ਕੀਤਾ। ਦੁਨੀਆ’ਚ ਇਕ ਨਵੇਂ ਬੁੱਧ ਧਰਮ ਦੀ ਸਥਾਪਨਾ ਕੀਤੀ। ਕਸ਼ਟਾਂ ਨੂੰ ਝੱਲ ਕੇ ਹੀ ਤਾਂ ਉਹ ਮਹਾਤਮਾ ਬੁੱਧ, ਭਗਵਾਨ ਬੁੱਧ ਅਖਵਾਏ। ਜੇ ਗੌਤਮ ਰਾਜਾ ਹੀ ਬਣੇ ਰਹਿੰਦੇ ਤਾਂ ਉਨ੍ਹਾਂ ਨੂੰ ਕੌਣ ਪੁੱਛਦਾ? ਇਹੀ ਕਿਉਂ? ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਮਹਾਵੀਰ ਸਵਾਮੀ ਜੇ ਰਾਜ ਦਾ ਹੀ ਸੁੱਖ ਭੋਗਦੇ ਰਹਿੰਦੇ ਤਾਂ ਉਨ੍ਹਾਂ ਨੂੰ ਕੌਣ ਪਛਾਣਦਾ? ਜਿਸ ਦਿਨ ਮਹਾਵੀਰ ਜੀ ਨੇ ਰਾਜ-ਭਾਗ ਤਿਆਗਿਆ, ਤਪ ਅਤੇ ਤਪੱਸਿਆ’ਚ ਆਪਣੇ ਸਰੀਰ ਨੂੰ ਗਾਲ ਦਿੱਤਾ ਤਾਂ ਮਹਾਵੀਰ ਭਗਵਾਨ ਮਹਾਵੀਰ ਅਤੇ ਜੈਨ ਧਰਮ ਦੇ ਸੰਸਥਾਪਕ ਅਖਵਾਏ।

ਜੋ ਦੁੱਖ, ਤਕਲੀਫ਼, ​​ਮੁਸੀਬਤਾਂ ਅਤੇ ਉਲਟ ਹਾਲਾਤ ਦੇ ਸਾਹਮਣੇ ਨਹੀਂ ਡੋਲਦਾ, ਉਹ ਹੀ ਮਹਾਨ ਹੈ। ਉਹ ਹੀ ਰੱਬ ਹੈ। ਅੱਜ ਦੁਨੀਆ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਮਹਾਤਮਾ ਬੁੱਧ ਅਤੇ ਭਗਵਾਨ ਮਹਾਵੀਰ ਜੈਨ ਦੀ ਪੂਜਾ ਕਰਦੀ ਹੈ। ਇਨ੍ਹਾਂ ਸਾਰੇ ਮਹਾਪੁਰਖਾਂ ਨੇ ਆਪਣੇ ਦੁੱਖਾਂ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਪਰਮ ਪ੍ਰਮਾਤਮਾ ਦੀ ਰਜ਼ਾ ਅੱਗੇ ਸਿਰ ਝੁਕਾਇਆ ਅਤੇ ਉਸ ਦੇ ਦੁੱਖਾਂ ਨੇ ਇਨ੍ਹਾਂ ਨੂੰ ਰੱਬ ਬਣਾ ਦਿੱਤਾ। ਦੁਨੀਆ ਦਾ ਇਤਿਹਾਸ ਦੁੱਖਾਂ ਨਾਲ ਟਕਰਾਉਣ ਵਾਲਿਆਂ ਨਾਲ ਭਰਿਆ ਪਿਆ ਹੈ। ਕਿੰਗ ਬਰੂਸ ਐਂਡ ਸਪਾਈਡਰ ਦੀ ਕਹਾਣੀ ਤਾਂ ਸਾਰਿਆਂ ਨੇ ਪੜ੍ਹੀ ਹੋਵੇਗੀ? 14 ਵਾਰ ਹਾਰ ਕੇ ਉਹ ਅਖੀਰ ਜੇਤੂ ਹੋਇਆ। ਇਹ ਬਰੂਸ ਨੇ ਕਿਸ ਤੋਂ ਸਿੱਖਿਆ? ਇਕ ਸਪਾਈਡਰ ਕੋਲੋਂ। ਜੋ ਵਾਰ-ਵਾਰ ਡਿੱਗਦੀ ਪਰ ਵਾਰ-ਵਾਰ ਮੁੜ ਚੜ੍ਹਨ ਲੱਗਦੀ।

ਅਖੀਰ ਚੜ੍ਹਨ ਵਿਚ ਕਾਮਯਾਬ ਹੋ ਗਈ। ਕਿੰਗ ਬਰੂਸ ਨੇ ਸਬਕ ਸਿੱਖਿਆ ਅਤੇ ਸਫਲ ਹੋ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹੜਾ ਘੱਟ ਦੁੱਖ ਮਿਲੇ। ਬਾਬਰ ਦੀ ਜੇਲ ਵਿਚ ਚੱਕੀ ਪੀਂਹਦੇ ਰਹੇ। ਮੱਝਾਂ ਚਾਰਦੇ ਰਹੇ ਪਰ ਦੁੱਖਾਂ ਵਿਚ ਅਡੋਲ ਰਹਿ ਕੇ ਸੱਚ ਦੀ ਖੋਜ ਕੀਤੀ। ਸ਼ਾਹਾਂ ਦੇ ਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸੱਤ ਸਾਲ ਦੀ ਉਮਰ ਤੋਂ ਦੁਖੀ ਰਹੇ। ਉਨ੍ਹਾਂ ਨੇ ਆਪਣੇ ਚਾਰ ਪੁੱਤਰ, ਮਾਤਾ, ਪਿਤਾ, ਪਤਨੀ ਤੱਕ ਨੂੰ ਆਪਣੇ ਧਰਮ ਲਈ ਕੁਰਬਾਨ ਕਰ ਦਿੱਤਾ ਪਰ ਦੁੱਖਾਂ ਤੋਂ ਡਰੇ ਨਹੀਂ, ਘਬਰਾਏ ਨਹੀਂ। ਅੱਜ ਦੁਨੀਆ ਇਨ੍ਹਾਂ ਮਹਾਨ ਆਤਮਾਵਾਂ ਦੀ ਪੂਜਾ ਕਰਦੀ ਹੈ।

ਗੁਰੂ ਜੀ ਨੂੰ ਤਾਂ ਉਨ੍ਹਾਂ ਦੇ ਆਪਣੇ ਸਿੰਘ ‘ਚਾਲੀ ਮੁਕਤੇ’ ਮੁਸੀਬਤ ਵਿਚ ਛੱਡ ਕੇ ਚਲੇ ਗਏ ਸਨ। ਰਾਮ ਚਰਿਤ ਮਾਨਸ ਦੇ ਲੇਖਕ ਤੁਲਸੀਦਾਸ ਨੇ ਜੇਕਰ ਆਪਣੀ ਪਤਨੀ ਦੀਆਂ ਵਿਅੰਗਮਈ ਟਿੱਪਣੀਆਂ ਤੋਂ ਜ਼ਖਮੀ ਹੋ ਕੇ ਘਰ ਨਾ ਛੱਡਿਆ ਹੁੰਦਾ ਤਾਂ ਉਹ ਕਦੇ ਵੀ ਮਹਾਨ ਕਵੀ ਗੋਸਵਾਮੀ ਤੁਲਸੀਦਾਸ ਨਾ ਅਖਵਾਉਂਦੇ। ਭਗਤ ਸ਼੍ਰੋਮਣੀ ਮੀਰਾ ਬਾਈ ਦੀ ਕੋਈ ਪੁੱਛ ਹੀ ਨਾ ਹੁੰਦੀ ਜੇ ਉਹ ਮਹਿਲਾਂ ਦੀ ਰਾਣੀ ਬਣੀ ਰਹਿੰਦੀ। ਜੇਕਰ ਮੀਰਾ ਆਪਣੇ ਰਾਣੀ ਦੇ ਅਹੁਦੇ ਨੂੰ ਤਿਆਗ ਕੇ ਸਾਧਾਂ-ਸੰਤਾਂ ਨੂੰ ਮਿਲ ਕੇ ਪ੍ਰਭੂ ਦੀ ਪੈਰੋਕਾਰ ਨਾ ਬਣੀ ਹੁੰਦੀ ਤਾਂ ਲੋਕ ਉਸ ਨੂੰ ਕਦੇ ਵੀ ਸ਼੍ਰੋਮਣੀ ਮੀਰਾ ਬਾਈ ਨਾ ਕਹਿੰਦੇ।

ਇਸ ਲਈ ਬੇਨਤੀ ਹੈ, ਦੁੱਖ ਵਿਚ ਕਦੇ ਨਾ ਰੋਵੋ, ਨਾ ਰੁਕੋ। ਜੋ ਕੁਝ ਵੀ ਪ੍ਰਭੂ ਨੇ ਦਿੱਤਾ ਹੈ ਉਸ ਨੂੰ ਸਵੀਕਾਰ ਕਰੋ। ਕਿਸੇ ਨੂੰ ਦੁੱਖ ਵਿਚ ਦੋਸ਼ ਨਾ ਦੇਵੋ ਅਤੇ ਸੁੱਖ ਵਿਚ ਹੰਕਾਰ ਨਾ ਕਰੋ। ਜੋ ਹੋ ਰਿਹਾ ਹੈ ਉਹ ਪ੍ਰਮਾਤਮਾ ਦੀ ਰਜ਼ਾ ’ਚ ਹੋ ਰਿਹਾ ਹੈ, ਰਾਤ ਆਈ ਤਾਂ ਦਿਨ ਵੀ ਆਵੇਗਾ। ਅੱਜ ਦੁੱਖ ਹੈ ਤਾਂ ਕੱਲ੍ਹ ਸੁੱਖ ਵੀ ਆਵੇਗਾ। ਸਮੇਂ ਦਾ ਪਹੀਆ ਘੁੰਮਦਾ ਰਹਿੰਦਾ ਹੈ। ਪਰਿਵਰਤਨ ਕੁਦਰਤ ਦਾ ਨਿਯਮ ਹੈ, ਘਬਰਾਓ ਨਾ, ਤੁਸੀਂ ਆਪਣੇ ਦੁੱਖਾਂ ਤੋਂ ਚਿੰਤਤ ਹੋ। ਉਹ ਪਰਮਾਤਮਾ ਸਭ ਦੀ ਚਿੰਤਾ ਕਰਦਾ ਹੈ। ਅਸੀਂ ਕੀ ਲਿਆਏ ਸੀ ਜੋ ਰੋਂਦੇ ਰਹੀਏ? ਅਸੀਂ ਕੀ ਗਵਾਇਆ ਹੈ ਜਿਸ ਨੂੰ ਲੱਭਦੇ ਰਹੀਏ? ਕਰਮ ਕਰਨਾ ਹੈ, ਕਰਦੇ ਰਹੋ। ਸਭ ਦਾ ਭਲਾ ਮੰਗੋ। ਤੁਹਾਡਾ ਵੀ ਭਲਾ ਹੋਵੇਗਾ। ਮਲੰਗ ਬਣੇ ਰਹੋ। ਅੰਦਰ ਝਾਤੀ ਮਾਰੋ, ਤੁਹਾਡਾ ਸਰੀਰ ਇਕ ਮੰਦਰ ਹੈ। ਇਸ ਨੂੰ ਸਾਫ਼-ਸੁਥਰਾ ਰੱਖੋ। ਰੱਬ ਭਲਾ ਕਰੇਗਾ।

ਮਾਸਟਰ ਮੋਹਨ ਲਾਲ


Tanu

Content Editor

Related News