ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਰਾਜਪੂਤਾਂ ਨੂੰ ਯੋਗੀ ਨੇ ਮਨਾਇਆ

05/08/2024 12:38:17 PM

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ’ਚ ਘੱਟ ਪੋਲਿੰਗ ਭਾਜਪਾ ਤੇ ਆਰ. ਐੱਸ. ਐੱਸ. ਦੇ ਵਰਕਰਾਂ ਦੀ ਨਾਰਾਜ਼ਗੀ ਕਾਰਨ ਨਹੀਂ, ਸਗੋਂ ਕਈ ਹੋਰ ਕਾਰਨਾਂ ਕਰ ਕੇ ਵੀ ਹੋਈ ਹੈ। ਆਪਣੇ ਲੋਕਾਂ ਨੂੰ ਘੱਟ ਟਿਕਟ ਦਿੱਤੇ ਜਾਣ ਕਾਰਨ ਰਾਜਪੂਤ ਭਾਈਚਾਰਾ ਵੀ ਨਾਰਾਜ਼ ਹੈ।

ਰਾਜਪੂਤਾਂ ਨੂੰ ਨਾ ਸਿਰਫ਼ ਯੂ. ਪੀ. ਸਗੋਂ ਰਾਜਸਥਾਨ ’ਚ ਵੀ ਟਿਕਟਾਂ ਨਹੀਂ ਦਿੱਤੀਆਂ ਗਈਆਂ। ਕਈ ਲੋਕ ਇਸ ਨੂੰ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਵਧਦੇ ਪ੍ਰਭਾਵ ਨੂੰ ਘਟਾਉਣ ਦੀ ਸਾਜ਼ਿਸ਼ ਵਜੋਂ ਵੇਖ ਰਹੇ ਹਨ ਤਾਂ ਜੋ ਉਨ੍ਹਾਂ ਦੇ ਪਰ ਕੱਟੇ ਜਾਣ ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਚੋਣ ਪ੍ਰਚਾਰ ਦੌਰਾਨ ਦੂਜੇ ਸਭ ਤੋਂ ਵੱਧ ਮੰਗ ਵਾਲੇ ਨੇਤਾ ਹਨ।

ਲਖਨਊ ’ਚ ਕੇਂਦਰ ਸਰਕਾਰ ਹੀ ਸਭ ਕੁਝ ਚਲਾ ਰਹੀ ਹੈ । ਕੇਂਦਰ ਸਰਕਾਰ ਖੁਦ ਹੀ ਨੌਕਰਸ਼ਾਹੀ ’ਚ ਅਹਿਮ ਨਿਯੁਕਤੀਆਂ ਕਰ ਰਹੀ ਹੈ। ਯੂ.ਪੀ. ਮੰਤਰੀ ਮੰਡਲ ’ਚ ਵਧੇਰੇ ਮੰਤਰੀਆਂ ਦੀ ਚੋਣ ਹਾਈ ਕਮਾਂਡ ਵੱਲੋਂ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਅਹਿਮ ਮੰਤਰਾਲੇ ਦਿੱਤੇ ਜਾਂਦੇ ਹਨ।

ਫਿਰ ਵੀ, ਯੋਗੀ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ ਕਿਉਂਕਿ ਉਹ ਬਿਨਾਂ ਪਰਿਵਾਰ ਤੋਂ 24 ਘੰਟੇ ਕੰਮ ਕਰਦੇ ਹਨ ਤੇ ਨਤੀਜੇ ਦਿੰਦੇ ਹਨ। ਜਦੋਂ ਰਾਜਪੂਤ ਨਾਰਾਜ਼ ਹੋ ਗਏ ਤੇ ਉਨ੍ਹਾਂ ਭਾਜਪਾ ਵਿਰੁੱਧ ਵੋਟ ਪਾਉਣ ਦਾ ਫੈਸਲਾ ਕੀਤਾ ਤਾਂ ਯੋਗੀ ਨੇ ਉਨ੍ਹਾਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਯੂ.ਪੀ. ’ਚ ਲੋਕ ਸਭਾ ਚੋਣਾਂ ਦਾ ਕੋਈ ਵੀ ਉਲਟ ਨਤੀਜਾ ਉਨ੍ਹਾਂ ਦੀ ਸਥਿਤੀ ਨੂੰ ਕਮਜ਼ੋਰ ਕਰੇਗਾ। ਯੋਗੀ ਰਾਜਪੂਤ ਭਾਈਚਾਰੇ ਤੋਂ ਆਉਂਦੇ ਹਨ।

ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਤੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਲਈ ਚੋਣ ਪ੍ਰਚਾਰ ਕਰਨ ਲਈ ਯੋਗੀ ਦੀ ਪਿਛਲੇ ਮਹੀਨੇ ਨਾਗਪੁਰ ਫੇਰੀ ਨੇ ਕਈਆਂ ਦੇ ਮੱਥੇ ’ਤੇ ਤਿਊੜੀਆਂ ਪਾ ਦਿੱਤੀਆਂ ਹਨ।

ਕਿਹਾ ਜਾਂਦਾ ਹੈ ਕਿ ਗਡਕਰੀ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਯੋਗੀ ਨੂੰ ਮਹਾਰਾਸ਼ਟਰ ਦੇ ਉਨ੍ਹਾਂ ਹਲਕਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਹੋਰ ਯਤਨਾਂ ਦੀ ਲੋੜ ਹੈ ਕਿਉਂਕਿ ਨਾਗਪੁਰ ’ਚ ਉਨ੍ਹਾਂ ਦੀ ਸਥਿਤੀ ਠੀਕ ਹੈ। ਯੋਗੀ ਨੇ ਨਾਗਪੁਰ ’ਚ ਰੈਲੀ ਕੀਤੀ ਤੇ ਬਾਅਦ ’ਚ ਉਹ ਗਡਕਰੀ ਦੇ ਘਰ ਵੀ ਗਏ।


Rakesh

Content Editor

Related News