ਛੁੱਟੀ ''ਤੇ ਗਿਆ ਉਮਰਕੈਦ ਦਾ ਦੋਸ਼ੀ ਵਾਪਸ ਜੇਲ੍ਹ ਨਾ ਆਇਆ

Friday, Apr 26, 2024 - 04:00 PM (IST)

ਛੁੱਟੀ ''ਤੇ ਗਿਆ ਉਮਰਕੈਦ ਦਾ ਦੋਸ਼ੀ ਵਾਪਸ ਜੇਲ੍ਹ ਨਾ ਆਇਆ

ਫਿਰੋਜ਼ਪੁਰ (ਮਲਹੋਤਰਾ) : ਉਮਰਕੈਦ ਦੀ ਸਜ਼ਾ ਕੱਟ ਰਿਹਾ ਕੈਦੀ ਜੇਲ੍ਹ ਤੋਂ ਤਿੰਨ ਹਫਤੇ ਦੀ ਛੁੱਟੀ ਲੈ ਕੇ ਗਿਆ ਪਰ ਵਾਪਸ ਨਹੀਂ ਪਰਤਿਆ। ਫਰਵਰੀ ਮਹੀਨੇ ਵਿਚ ਖ਼ਤਮ ਹੋ ਚੁੱਕੀ ਛੁੱਟੀ ਦੇ ਬਾਵਜੂਦ ਕੈਦੀ ਦੇ ਨਾ ਮੁੜਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਸ ਖਿਲਾਫ ਪਰਚਾ ਦਰਜ ਕਰਵਾਇਆ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਰੀ ਵਾਸੀ ਸੂਰਜ ਨਗਰੀ, ਅਬੋਹਰ ਦੇ ਖ਼ਿਲਾਫ ਦਸੰਬਰ 2015 ਵਿਚ ਥਾਣਾ ਬਹਾਵਵਾਲਾ ਦੇ ਵਿਚ ਕਤਲ ਦੇ ਦੋਸ਼ ਹੇਠ ਪਰਚਾ ਦਰਜ ਹੋਇਆ ਸੀ। ਇਸ ਤੋਂ ਇਲਾਵਾ ਉਸਦੇ ਖਿਲਾਫ 11 ਹੋਰ ਪਰਚੇ ਦਰਜ ਹਨ। ਦੋਸ਼ੀ ਜੇਲ੍ਹ ਵਿਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। 

23 ਜਨਵਰੀ 2014 ਨੂੰ ਕੈਦੀ ਹਰਪ੍ਰੀਤ ਸਿੰਘ ਹੈਰੀ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਤਿੰਨ ਹਫਤੇ ਦੀ ਪੈਰੋਲ 'ਤੇ ਭੇਜਿਆ ਗਿਆ ਸੀ ਅਤੇ ਉਸਦੀ ਵਾਪਸੀ ਦੀ ਮਿਤੀ 13 ਫਰਵਰੀ 2024 ਸੀ। ਇਸ ਨਿਰਧਾਰਤ ਸਮੇਂ ਤੇ ਉਹ ਵਾਪਸ ਨਹੀਂ ਪਰਤਿਆ, ਜੇਲ੍ਹ ਪ੍ਰਸ਼ਾਸਨ ਵੱਲੋਂ ਉਸਦੇ ਘਰ ਨੋਟਿਸ ਵੀ ਭੇਜੇ ਗਏ ਪਰ ਉਹ ਨਹੀਂ ਮੁੜਿਆ। ਇਸ ਸਬੰਧ ਵਿਚ ਐਡੀਸ਼ਨਲ ਸੈਸ਼ਨ ਜੱਜ ਫਾਜ਼ਿਲਕਾ ਤੇਜਪ੍ਰਤਾਪ ਸਿੰਘ ਰੰਧਾਵਾ ਦੀ ਅਦਾਲਤ ਨੇ 24 ਅਪ੍ਰੈਲ ਨੂੰ ਕੈਦੀ ਹਰਪ੍ਰੀਤ ਸਿੰਘ ਦੇ ਖਿਲਾਫ ਗੁੱਡ ਕੰਡਕਟ ਐਕਟ ਦਾ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਥਾਣਾ ਸਿਟੀ ਦੇ ਐੱਸ.ਆਈ. ਬਲਵਿੰਦਰ ਸਿੰਘ ਅਨੁਸਾਰ ਪਰਚਾ ਦਰਜ ਕਰਨ ਉਪਰੰਤ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News