ਰਿਸ਼ਤਿਆਂ 'ਚ ਰਾਜਨੀਤੀ ਨਾਲ ਤਿੜਕ ਰਿਹੈ ਸਮਾਜ

05/27/2023 4:05:49 AM

ਰਿਸ਼ਤਿਆਂ ਦੀ ਹੋਂਦ ਕੇਵਲ ਮਨੁੱਖੀ ਪ੍ਰਜਾਤੀ ਵਿਚ ਹੀ ਮਿਲਦੀ ਹੈ। ਜਾਨਵਰਾਂ, ਪੰਛੀਆਂ ਤੇ ਬਨਸਪਤੀ ਵਿਚ ਰਿਸ਼ਤਿਆਂ ਦੀ ਗ਼ੈਰ ਮੌਜੂਦਗੀ ਹੁੰਦੀ ਹੈ। ਮਨੁੱਖ ਰਿਸ਼ਤੇ ਆਪ ਬਣਾਉਂਦਾ ਹੈ। ਇਹ ਰਿਸ਼ਤੇ ਪਰਿਵਾਰ, ਸਕੇ ਸਬੰਧੀ ਤੇ ਮਿੱਤਰ ਸਨੇਹੀ ਦੇ ਰੂਪ ਵਿਚ ਸਮਾਜ ਅੰਦਰ ਪ੍ਰਵਾਨ ਹੁੰਦੇ ਹਨ। ਰਿਸ਼ਤੇ ਪਾਕਿ ਤੇ ਮੁਕੱਦਸ ਹੁੰਦੇ ਨੇ, ਫੁੱਲਾਂ ਦੀ ਮਹਿਕ ਵਰਗੇ ਸੋਹਣੇ। ਰਿਸ਼ਤਾ ਨਿਭਦਾ ਹੀ ਤਾਂ ਹੈ ਜੇ ਦੋਵੇਂ ਧਿਰਾਂ ਸੁਹਿਰਦ ਹੋਣ। ਰਾਜਨੀਤੀ ਮਾੜੀ ਨਹੀਂ ਪਰ ਜੇ ਸਿਆਸਤ ਦੇ ਖੇਤਰ ਵਿਚ ਹੀ ਕੀਤੀ ਜਾਵੇ। ਰਾਜਨੀਤੀ ਦਾ ਖੇਤਰ ਅੱਡਰਾ ਹੁੰਦੈ। ਹਰ ਕੰਮ ਉਸ ਸਬੰਧਤ ਖੇਤਰ ਵਿਚ ਹੀ ਚੰਗਾ ਲੱਗਦੈ। ਪਰ ਅੱਜਕਲ੍ਹ ਰਿਸ਼ਤਿਆਂ ਵਿਚ ਵੀ ਰਾਜਨੀਤਿ ਹੋਣ ਲੱਗ ਪਈ ਏ। ਹਰ ਰਿਸ਼ਤੇ ਵਿਚ ਸਿੱਧੇ ਜਾਂ ਅਸਿੱਧੇ ਰੂਪ 'ਚ ਸਿਆਸਤ ਭਾਰੂ ਏ, ਜਿਸ ਕਰਕੇ ਰਿਸ਼ਤਿਆਂ 'ਚ ਖਟਾਸ ਪੈਦਾ ਹੋ ਰਹੀ ਏ ਤੇ ਸਮਾਜ ਤਿੜਕ ਰਿਹੈ। ਪਿੰਡਾਂ ਵਿਚ ਪਿੱਪਲਾਂ ਬੋਹੜਾਂ ਹੇਠ ਜਾਂ ਸਾਂਝੀਆਂ ਥਾਂਵਾਂ 'ਤੇ ਸੱਥਾਂ ਲੱਗਦੀਆਂ ਸੀ ਤੇ ਪਿੰਡ ਦੇ ਸਾਰੇ ਜੀਅ ਇਕੱਠੇ ਹੋ ਬਹਿੰਦੇ ਸੀ। ਜਦੋਂ ਤੋਂ ਸਿਆਸਤਦਾਨਾਂ ਨੇ ਪਿੰਡਾਂ ਵਿਚ ਆਪੋ ਆਪਣੇ ਧੜੇ ਵਾੜ ਦਿੱਤੇ, ਓਦੋਂ ਤੋਂ ਹੀ ਆਪਸੀ ਪਿਆਰ ਉੱਡ ਪੁੱਡ ਗਿਆ। ਇਕੱਠੇ ਬਹਿਣਾ ਦੂਰ, ਸਗੋਂ ਇਕ ਦੂਜੇ ਨੂੰ ਐਨੀ ਨਫ਼ਰਤ ਕਰਨ ਲੱਗ ਗਏ ਕਿ ਬਰਦਾਸ਼ਤ ਦਾ ਮਾਅਦਾ ਹੀ ਨਹੀਂ ਰਿਹਾ।

ਸੱਥਾਂ ਤੋਂ ਹੁੰਦੀ ਹੋਈ ਸਿਆਸਤ ਘਰ ਦੇ ਚੁੱਲ੍ਹੇ ਚੌਂਕੇ ਤੇ ਵਰਾਂਡਿਆਂ ਵਿਚ ਹੁੰਦੀ ਹੋਈ ਸੌਣ ਵਾਲੇ ਕਮਰਿਆਂ ਤੀਕਰ ਜਾ ਪਹੁੰਚੀ ਏ। ਅੱਜ ਹਰ ਖੁਸ਼ੀ ਗਮੀ ਦੇ ਕਾਰਜ 'ਤੇ ਉਸਾਰੂ ਗੱਲਾਂ ਘੱਟ ਤੇ ਈਰਖਾ ਜਾਂ ਸਾੜੇ ਦੀਆਂ ਗੱਲਾਂ ਵੱਧ ਕੰਨੀਂ ਪੈਂਦੀਆਂ ਨੇ। ਨੂੰਹ - ਸੱਸ, ਨਨਾਣ - ਭਰਜਾਈ, ਭੈਣ - ਭਰਾ, ਗੱਲ ਕੀ ਕੋਈ ਵੀ ਰਿਸ਼ਤਾ ਰਾਜਨੀਤਿ ਦੀ ਭੇਂਟ ਚੜਨ ਤੋਂ ਵਾਂਝਾ ਨਹੀਂ ਰਿਹਾ। ਸਿਆਸਤ ਨੇ ਚਾਚੇ ਤਾਇਆਂ ਦੇ ਰਿਸ਼ਤੇ ਨੂੰ ਸ਼ਰੀਕੇ ਵਿਚ ਬਦਲ ਕੇ ਰੱਖ ਦਿੱਤਾ ਹੈ। ਪਹਿਲਾਂ ਇਕ ਘਰ ਦਾ ਜਵਾਈ ਸਾਰੇ ਪਿੰਡ ਦਾ ਸਾਂਝਾ ਪ੍ਰਾਹੁਣਾ ਹੁੰਦਾ ਸੀ। ਪਿੰਡ ਦੀਆਂ ਧੀਆਂ ਨੂੰ 'ਬੀਬੀ' ਆਖ ਬੁਲਾਇਆ ਜਾਂਦਾ। ਧੀਆਂ ਵੀ ਪੇਕੇ ਪਰਿਵਾਰ ਵਿਚ ਖੁਸ਼ੀ ਗਮੀ ਦੇ ਵੇਲੇ ਅਹਿਮ ਫ਼ੈਸਲੇ ਨਿਰਪੱਖ ਹੋ ਕੇ ਕਰਦੀਆਂ ਤੇ ਕਦੇ ਵੀ ਭਰਾ ਭਰਜਾਈ ਦੇ ਰਿਸ਼ਤੇ ਵਿਚ ਧਿਰ ਨਾ ਬਣਦੀਆਂ । ਪਹਿਲਾਂ ਭੈਣਾਂ ਵੀਰ ਦੇ ਘਰ ਦੀ ਸੁੱਖ ਮੰਗਦੀਆਂ ਸਨ ਪਰ ਹੁਣ ਮੁਕਾਬਲਾ ਕਰਨ ਲੱਗ ਪਈਆਂ ਨੇ। ਇਕ ਭੈਣ ਆਪਣੇ ਭਰਾ ਨਾਲ ਇਸੇ ਗੱਲੋਂ ਹੀ ਲੜ ਪਈ ਕਿ ਉਸ ਦੀ ਭਰਜਾਈ ਨੇ ਕਿਸੇ ਖਾਸ ਮੌਕੇ 'ਤੇ ਆਧੁਨਿਕ ਪਹਿਰਾਵਾ ਕਿਓਂ ਪਾਇਆ ਹੋਇਆ,ਜਦ ਕਿ ਉਹ ਚਾਹੁੰਦੀ ਹੋਈ ਵੀ ਆਪਣੇ ਸਹੁਰੇ ਘਰ ਕਿਸੇ ਮਜਬੂਰੀ ਵੱਸ ਅਜਿਹਾ ਪਹਿਰਾਵਾ ਨਹੀਂ ਪਾ ਸਕਦੀ ਸੀ। ਹਰ ਪਰਿਵਾਰ ਦੇ ਹਾਲਾਤ ਵੱਖਰੇ ਹੋਣ ਕਰਕੇ ਆਪਣੇ ਕੁੱਝ ਅਸੂਲ ਹੁੰਦੇ ਨੇ। ਕਿਸੇ ਇਕ ਘਰ ਦਾ ਮੁਕਾਬਲਾ ਦੂਸਰੇ ਨਾਲ ਨਹੀਂ ਹੋ ਸਕਦਾ।

ਸਥਾਨ ਅਤੇ ਵਿੱਤੀ ਹਾਲਾਤ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਕੁੱਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਕਿਸੇ ਨੂੰਹ ਦੇ ਆਪਣੇ ਸਹੁਰਿਆਂ ਨਾਲ ਝਗੜੇ ਦੀ ਗੱਲ ਜਦੋਂ ਠਾਣੇ ਪੁੱਜੀ ਤਾਂ ਸਿਆਣੇ ਥਾਣੇਦਾਰ ਨੇ ਤਜ਼ਰਬੇ ਦੇ ਅਧਾਰ 'ਤੇ ਝੱਟ ਭਾਂਪ ਲਿਆ ਕਿ ਕੁੜੀ ਦੇ ਪੇਕੇ ਚਡੀਗੜ੍ਹ ਦੇ ਲਾਗਲੇ ਪਿੰਡਾਂ ਦੇ ਹੋਣਗੇ। ਕਾਰਣ ਜਾਣਨਾ ਚਾਹਿਆ ਤਾਂ ਥਾਣੇਦਾਰ ਨੇ ਦੱਸਿਆ ਕਿ ਜਦੋਂ ਇਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਦੋਵਾਂ ਪਰਿਵਾਰਾਂ ਦੀ ਵਿੱਤੀ ਹਾਲਤ ਇੱਕੋ ਜਿਹੀ ਸੀ ਪਰ ਹੁਣ ਕੁੜੀ ਦੇ ਪੇਕੇ ਪਰਿਵਾਰ ਦੀ ਜ਼ਮੀਨ ਚੰਡੀਗੜ੍ਹ ਦੇ ਲਾਗਲੇ ਪਿੰਡਾਂ ਵਿੱਚ ਹੋਣ ਕਰਕੇ ਮਹਿੰਗੀ ਹੋ ਗਈ ਤਾਂ ਕੁੜੀ ਨੇ ਆਪਣੇ ਭਰਾ ਭਰਜਾਈਆਂ ਦੀ ਸ਼ਾਨ ਓ ਸ਼ੌਕਤ ਦੀ ਤੁਲਨਾ ਆਪਣੇ ਸਹੁਰੇ ਪਰਿਵਾਰ ਨਾਲ ਕਰਨੀ ਚਾਹੀ। ਮਹਿੰਗੀਆਂ ਮੰਗਾਂ ਦੀ ਪੂਰਤੀ ਕਰਨ ਤੋਂ ਅਸਮਰਥ ਸਹੁਰਿਆਂ ਨਾਲ ਨਿੱਤ ਕਲੇਸ਼ ਕਰਨ ਲੱਗ ਪਈ ਤੇ ਗੱਲ ਤਲਾਕ ਤੇ ਆਣ ਪੁੱਜੀ। ਥਾਣੇਦਾਰ ਮੁਤਾਬਿਕ ਅਜਿਹੇ ਕੇਸ ਉਸ ਸਮੇਂ ਦੌਰਾਨ ਬਹੁਤਾਤ ਵਿਚ ਆਏ।

ਸਮੇਂ ਦੇ ਵਹਿਣ ਨਾਲ ਸਿਆਸਤ ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਘਰ ਦੀ ਬੈਠਕ ਤੀਕ ਪੁੱਜ ਗਈ। ਘਰ ਦੇ ਜਵਾਕ ਵੀ ਇਸ ਤੋਂ ਅਣਭਿੱਜ ਨਹੀਂ ਰਹੇ। ਉਹ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਵੱਡਿਆਂ ਦੀਆਂ ਚੁਗਲੀਆਂ ਇਕ ਦੂਜੇ ਕੋਲ ਕਰਕੇ ਆਪਣਾ ਉੱਲੂ ਸਿੱਧਾ ਕਰਦੇ ਨੇ। ਟੁੱਟ ਰਹੇ ਰਿਸ਼ਤਿਆਂ 'ਚ ਚੁਗਲੀਆਂ ਖ਼ਾਸ ਰੋਲ ਅਦਾ ਕਰਦੀਆਂ ਹਨ। ਕੋਈ ਆਣ ਕੇ ਕੰਨ ਵਿੱਚ ਫੂਕ ਮਾਰ ਗਿਆ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦੈ। ਬੱਸ ਫੇਰ ਕੀ ਸੀ? ਦੋਸਤ ਘਟਦੇ ਗਏ ਅਤੇ ਦੁਸ਼ਮਣਾਂ ਦੀ ਤਾਦਾਦ ਵਧਦੀ ਗਈ। ਸਾਰੇ ਰਿਸ਼ਤੇ ਹੀ ਅੰਕਲ ਆਂਟੀ 'ਤੇ ਆ ਕੇ ਸਿਮਟ ਗਏ। ਸੌੜੀ ਰਾਜਨੀਤੀ ਕਰਕੇ ਰਿਸ਼ਤੇ ਤਿੜਕ ਰਹੇ ਨੇ ਤੇ ਤਲਾਕਾਂ ਦੀ ਗਿਣਤੀ ਵਧਦੀ ਜਾ ਰਹੀ ਏ। ਅਦਾਲਤਾਂ ਨੂੰ ਵੀ ਕਨੂੰਨ 'ਚ ਸੋਧ ਕਰਨੀ ਪੈ ਰਹੀ ਏ। ਪਹਿਲਾਂ ਹੇਠਲੀਆਂ ਅਦਾਲਤਾਂ ਨੂੰ ਉੱਚ ਅਦਾਲਤਾਂ ਤੋਂ ਹਦਾਇਤ ਹੁੰਦੀ ਸੀ ਕਿ ਰਿਸ਼ਤੇ ਬਚਾਏ ਜਾਣ ਅਤੇ ਘੱਟ ਤੋਂ ਘੱਟ ਤਲਾਕ ਕਰਵਾਏ ਜਾਣ। ਦੋਵੇਂ ਧਿਰਾਂ ਨੂੰ ਲੰਮਾਂ ਸਮਾਂ ਸੋਚਣ ਲਈ ਦਿੱਤਾ ਜਾਵੇ। ਪਰ ਹੁਣ ਸਰਵ ਉੱਚ ਅਦਾਲਤ ਨੇ ਵੀ ਸਮੇਂ ਦੀ ਹੱਦ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ ਅਤੇ ਤਲਾਕ ਦੇ ਕੇਸ ਜਲਦ ਨਬੇੜੇ ਜਾ ਰਹੇ ਹਨ। ਹੁਣ ਤਲਾਕ ਨੂੰ ਵੀ ਫੈਸ਼ਨ ਸ਼ੋਅ ਵਾਂਗ ਫਿਲਮਾ ਕੇ ਸੈਲੀਬ੍ਰੇਟ ਕੀਤਾ ਜਾਣ ਲੱਗਾ ਹੈ। 

ਹੁਣ ਵਿਚੋਲਿਆਂ ਦਾ ਉਹਲਾ ਤੇ ਭਾਨੀਮਾਰਾਂ ਦਾ ਰੂਪ ਹੀ ਬਦਲ ਗਿਐ। ਅੱਜ ਕੱਲ ਸਭ ਤੋਂ ਵੱਡਾ ਰਿਸ਼ਤੇਦਾਰ ਭਾਵ ਵਿਚੋਲਾ ਆਈਲੈਟਸ ਹੀ ਰਹਿ ਗਿਆ ਹੈ। ਆਈਲੈਟਸ ਨੇ ਆ ਕੇ ਊਚ ਨੀਚ, ਜਾਤ ਪਾਤ, ਪੇਂਡੂ ਸ਼ਹਿਰੀ ਤੇ ਧਰਮ ਜਾਂ ਖਿੱਤੇ ਦਾ ਫ਼ਰਕ ਹੀ ਮਿਟਾ ਦਿੱਤੈ। ਪਹਿਲਾਂ ਧੀਆਂ ਵਾਲੇ ਦਾਜ ਦਿੰਦੇ ਸਨ। ਪਰ ਹੁਣ ਦਾਜ ਵਿਚ ਮੁੰਡੇ ਵਾਲੇ ਕੁੜੀ ਦੀ ਵਿਦੇਸ਼ ਵਿਚ ਫੀਸ ਦੇ ਰੂਪ 'ਚ ਲੱਪ ਭਰ ਕੇ ਪੈਸਿਆਂ ਦੀ ਦਿੰਦੇ ਹਨ। ਤੇ ਆਈਲੈਟਸ ਪਾਸ ਕੁੜੀ ਹੁਣ ਮੁੰਡੇ ਨੂੰ ਵਿਆਹ ਕੇ ਵਿਦੇਸ਼ ਲੈ ਜਾਂਦੀ ਹੈ। ਪਹਿਲਾਂ ਮੁੰਡੇ ਵਿਦੇਸ਼ 'ਚ ਕੁੜੀਆਂ ਨਾਲ ਧੋਖਾ ਕਰਦੇ ਸਨ ਪਰ ਹੁਣ ਸਭ ਉਲਟਾ ਹੋ ਰਿਹੈ। ਹਿਸਾਬ ਕਿਤਾਬ ਬਰਾਬਰ ਹੋਈ ਜਾ ਰਿਹੈ। ਜਿਹਾ ਬੀਜੋਗੇ, ਓਹੀ ਵੱਢਣਾ ਪੈਣਾ। ਅੱਜ ਆਈਲੈਟਸ ਦੇ ਯੁੱਗ ਵਿੱਚ ਕੰਟਰੈਕਟ ਵਿਆਹ ਦੀ ਨਵੀਂ ਪਰਿਭਾਸ਼ਾ ਸੁਣਨ ਨੂੰ ਮਿਲ ਰਹੀ ਏ, ਜਿਸ ਦੀ ਨਾ ਕੋਈ ਕਾਨੂੰਨੀ ਹੋਂਦ ਏ ਤੇ ਨਾ ਹੀ ਸਮਾਜਿਕ।

ਹੁਣ ਜੇਕਰ ਪਰਿਵਾਰ ਵਿੱਚ ਕੋਈ ਜੀਅ ਨਰਾਜ਼ ਵੀ ਹੋ ਜਾਂਦੈ ਤਾਂ ਉਹ ਝੱਟ ਰਿਸ਼ਤੇਦਾਰੀ ਵਿੱਚੋਂ ਉਸ ਇਨਸਾਨ ਨੂੰ ਲੱਭਦੈ, ਜਿਸ ਦੀ ਪਰਿਵਾਰ ਨਾਲ ਅਣਬਣ ਹੋਈ ਹੋਵੇ। ਫਿਰ ਉਸ ਨਾਲ ਸਾਂਝ ਪਾ ਕੇ ਆਪਣੇ ਪਰਿਵਾਰਕ ਜੀਆਂ ਨੂੰ ਖਿਝਾਇਆ ਜਾਂਦੈ। ਅਕਿਰਤਘਣਾ ਕਰਕੇ ਰਿਸ਼ਤੇ ਤਾਰਪੀਡੋ ਹੋ ਰਹੇ ਨੇ। ਲੋਕੀਂ ਅਹਿਸਾਨ ਲੈ ਕੇ ਨਾ ਸ਼ੁਕਰੇ ਤਾਂ ਹੁੰਦੇ ਹੀ ਨੇ ਤੇ ਕਈ ਵਾਰੀ ਅਹਿਸਾਨ ਕਰਨ ਵਾਲੇ ਦਾ ਨੁਕਸਾਨ ਕਰਨ ਤੱਕ ਵੀ ਚਲੇ ਜਾਂਦੇ ਨੇ। ਇਕ ਧੀ ਸਾਰੀ ਜ਼ਿੰਦਗੀ ਆਪਣੇ ਪੇਕਿਆਂ ਤੇ ਭਰਾਵਾਂ ਤੋਂ ਮਾਇਕ ਸਹਾਇਤਾ ਲੈਂਦੀ ਰਹੀ, ਪਰ ਉਸ ਨੇ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਤਾਂ ਇਹੋ ਨਿਹੋਰਾ ਦੇਣਾ ਕਿ ਮੇਰਾ ਪੇਕਿਆਂ ਨੇ ਕੀਤਾ ਹੀ ਕੀ ਹੈ? ਦੂਜੇ ਨੂੰ ਨੀਵਾਂ ਵਿਖਾਉਣ ਲਈ ਹਰ ਤਰ੍ਹਾਂ ਦੀਆਂ ਗੂੰਦਾਂ ਗੁੰਦੀਆਂ ਜਾਣ ਲੱਗ ਪਈਆਂ ਨੇ। ਦਫ਼ਤਰਾਂ ਵਿਚ ਮੁਲਾਜ਼ਮ ਆਪਣੇ ਅਧਿਕਾਰੀਆਂ ਦੀ ਚਾਪਲੂਸੀ ਕਰਕੇ ਆਪਣੇ ਸਹਿਕਰਮੀਆਂ ਦੇ ਖ਼ਿਲਾਫ਼ ਕੰਨ ਭਰਦੇ ਨੇ। ਤੋਹਫ਼ਾ ਜਾਂ ਸੌਗਾਤ ਦੇਣ ਲੱਗਿਆਂ ਵੀ ਆਪਣਾ ਮਤਲਬ ਵੇਖਿਆ ਜਾਂਦੈ।

ਹੁਣ ਰਿਸ਼ਤੇ ਨਿਭਾਏ ਨਹੀਂ ਜਾਂਦੇ ਤੇ ਨਾ ਹੀ ਮਾਣੇ ਜਾਂਦੇ ਨੇ। ਰਿਸ਼ਤੇ ਵੀ ਹੁਣ 'ਵਰਤੋ ਤੇ ਸੁੱਟੋ' ਵਰਗੀ ਵਸਤੂ ਬਣ ਗਏ ਹਨ। ਲੋਕ ਰਿਸ਼ਤਿਆਂ ਨੂੰ ਟੀਸ਼ੂ ਪੇਪਰ ਤੋਂ ਵੱਧ ਨਹੀਂ ਸਮਝ ਰਹੇ। ਪਹਿਲਾਂ ਲੋਕ ਰਿਸ਼ਤੇ ਬਚਾਉਣ ਅਤੇ ਬੋਲ ਪੁਗਾਉਣ ਲਈ ਜਾਨ ਲਾ ਦਿੰਦੇ ਸਨ, ਪਰ ਹੁਣ ਰਿਸ਼ਤੇ ਕੱਚੀਆਂ ਤੰਦਾਂ ਤੋਂ ਵੀ ਹੌਲੇ ਹੋ ਗਏ ਨੇ। ਇਕ ਰੱਜੇ ਪੁੱਜੇ ਪਰਿਵਾਰ ਦੇ ਇਕਲੌਤੇ ਨੌਜਵਾਨ ਦਾ ਰਿਸ਼ਤਾ ਘਰ ਵਾਲਿਆਂ ਨੇ ਉਸ ਦੀ ਰਜ਼ਾਮੰਦੀ ਨਾਲ ਬਰਾਬਰ ਦੇ ਚੰਗੇ ਖਾਨਦਾਨ ਵਿਚ ਕੀਤਾ। ਮੰਗਣੀ ਹੋਣ ਤੋਂ ਬਾਅਦ ਉਸ ਨੌਜਵਾਨ ਦੀ ਕਿਸੇ ਹੋਰ ਵਿਦੇਸ਼ੀ ਕੁੜੀ ਦੇ ਪਿਆਰ ਜਾਲ਼ ਵਿਚ ਫਸ ਕੇ ਐਸੀ ਮੱਤ ਮਾਰੀ ਕਿ ਉਸ ਨੇ ਚੰਗੇ ਘਰ ਦੇ ਵਿਚ ਹੋਏ ਪਹਿਲੇ ਰਿਸ਼ਤੇ ਨੂੰ ਨਾਹ ਕਰ ਦਿੱਤੀ ਤੇ ਓਹ ਹੱਸਦਾ ਵੱਸਦਾ ਘਰ ਉੱਜੜ ਗਿਆ। ਉਸ ਵਿਦੇਸ਼ੀ ਕੁੜੀ ਦੀ ਬੇਗ਼ੈਰਤ ਮਾਂ ਨੇ ਆਖਿਆ ਕਿ ਪੰਜਾਬ ਵਿਚ ਰਿਸ਼ਤੇ ਨੂੰ ਨਾਹ ਕਰਨੀ ਕੀ ਔਖੀ ਹੈ? ਮੰਗਣੇ 'ਤੇ ਕੁੜੀ ਵਾਲਿਆਂ ਦੇ ਲੱਗੇ ਪੈਸੇ ਅਦਾ ਕਰੋ ਤੇ ਰਿਸ਼ਤਾ ਤੋੜੋ। ਉਸ ਬੀਬੀ ਨੂੰ ਜਵਾਈ ਦੇ ਰੂਪ 'ਚ ਮਾਲਦਾਰ ਅਸਾਮੀ ਨਜ਼ਰ ਆ ਰਹੀ ਸੀ। ਓਹ ਪਰਿਵਾਰਾਂ ਦੇ ਸਤਿਕਾਰਤ ਸਭਿਆਚਾਰ, ਅਣਖ ਗ਼ੈਰਤ ਤੇ ਸ਼ਰਮ ਹਯਾ ਤੋਂ ਅਣਭਿੱਜ ਸੀ। ਆਖਿਰ ਆਪਣੀ ਵਿਧਵਾ ਮਾਂ ਤੇ ਭੈਣਾਂ ਦੀਆਂ ਸੱਧਰਾਂ ਤੇ ਚਾਅਵਾਂ ਦਾ ਕਤਲ ਕਰ ਕੇ ਓਹ ਨੌਜਵਾਨ ਇੱਕਲਾ ਹੀ ਬਰਾਤ ਚੜਿਆ। 

ਮਾਨਸਿਕ ਤਣਾਓ, ਆਤਮਹੱਤਿਆ ਤੇ ਹੋਰ ਕਈ ਸਰੀਰਕ ਰੋਗਾਂ ਦਾ ਮੂਲ ਕਾਰਨ ਰਿਸ਼ਤਿਆਂ ਦੀ ਸੰਭਾਲ ਨਾ ਕਰਨਾ ਹੈ। ਗਵਾਂਢੀਆਂ ਨਾਲ ਕੋਈ ਰਿਸ਼ਤਾ ਨਾ ਹੋਣ ਦੇ ਬਾਵਜੂਦ ਵੀ ਕਈ ਕਈ ਪੀੜ੍ਹੀਆਂ ਤੱਕ ਨਿਭਾਇਆ ਜਾਂਦਾ ਸੀ, ਪਰ ਹੁਣ ਇਕ ਪਰਿਵਾਰ ਵਿਚ ਹੁੰਦਿਆਂ ਵੀ ਇਕ ਦੂਜੇ ਤੋਂ ਅਣਭਿੱਜ ਹਾਂ। ਹਰ ਕੋਈ ਆਪਣੇ ਮੋਬਾਇਲ ਵਿਚ ਵਿਅਸਤ ਹੈ। ਪਹਿਲਾਂ ਘਰ ਦੇ ਕਮਰਿਆਂ ਤੋਂ ਲੈ ਕੇ ਕੱਪੜਿਆਂ ਤਕ ਸਭ ਸਾਂਝੇ ਹੁੰਦੇ ਸਨ, ਪਰ ਹੁਣ ਹਰ ਵਸਤੂ ਨਿੱਜੀ ਹੈ। ਇਸ ਨਿਜ ਨੇ ਵੀ ਰਿਸ਼ਤੇ ਖ਼ਤਮ ਕੀਤੇ ਹਨ। ਪਤਾ ਹੀ ਨਹੀਂ ਲੱਗ ਰਿਹਾ ਕਿ ਇੰਟਰਨੈੱਟ ਦੂਰੋਂ ਨਜ਼ਦੀਕ ਲਿਆਉਣ ਦਾ ਸਾਧਨ ਬਣਿਆ ਜਾਂ ਨੇੜਿਓਂ ਦੂਰ। ਕਹਿੰਦੇ ਨੇ ਕਿ ਦੁਨੀਆਂ ਇਕ ਗਲੋਬਲ ਪਿੰਡ ਬਣ ਗਿਐ ਪਰ ਜਾਪਦਾ ਇੱਦਾਂ ਕਿ ਜਿਵੇਂ ਇਕ ਘਰ ਵਿਚ ਹੁੰਦੇ ਹੋਏ ਵੀ ਵੱਖਰੇ-ਵੱਖਰੇ ਮਹਾਂਦੀਪ ਜਾਂ ਵਿਦੇਸ਼ਾਂ 'ਚ ਰਹਿੰਦੇ ਹੋਈਏ। ਜਿਸਮਾਨੀ ਤੌਰ 'ਤੇ ਭਾਵੇਂ ਮਿਲਦੇ ਹੋਈਏ ਪਰ ਅੰਦਰੂਨੀ ਬਹੁਤ ਲੰਮੀਆਂ ਦੂਰੀਆਂ ਪੈ ਗਈਆਂ ਨੇ। ਭੈਣਾਂ ਭਰਾਵਾਂ ਦੇ ਬੱਚਿਆਂ ਦੀ ਪੜਾਈ, ਯੋਗਤਾ ਅਤੇ ਵਿੱਦਿਅਕ ਜਮਾਤਾਂ ਵਿਚ ਨੰਬਰਾਂ ਦੇ ਮੁਕਾਬਲੇ ਵੀ ਆਪਸੀ ਪਿਆਰ ਨੂੰ ਢਾਅ ਲਾ ਰਹੇ ਨੇ ਅਤੇ ਈਰਖਾ ਉਪਜਾ ਰਹੇ ਨੇ। ਪਹਿਲਾਂ ਜੇਕਰ ਕਿਸੇ ਸਕੇ ਸਬੰਧੀ ਦੇ ਧੀ ਪੁੱਤਰ ਦੇ ਜਮਾਤ ਵਿੱਚੋਂ ਚੰਗੇ ਨੰਬਰ ਆਉਣੇ ਜਾਂ ਕਿਸੇ ਹੋਰ ਖੇਤਰ ਵਿਚ ਤਰੱਕੀ ਕਰਨੀ ਤਾਂ ਜਿੱਥੇ ਮਾਪਿਆਂ ਦੇ ਚਾਅ ਸਾਂਭੇ ਨਾ ਜਾਣੇ ਓਥੇ ਸਕੀਰੀਆਂ ਨੇ ਵੀ ਖੁਸ਼ੀ 'ਚ ਖੀਵੇ ਹੋਣਾ ਤੇ ਮਾਣ ਮਹਿਸੂਸ ਕਰਨਾ ਪਰ ਹੁਣ ਤਾਂ ਆਪਸੀ ਸਾੜੇ ਕਰਕੇ ਬੱਚਿਆਂ ਦੇ ਮਨਾਂ 'ਚ ਵੀ ਨਫ਼ਰਤ ਦਾ ਬੀਅ ਬੋਅ ਦਿੱਤਾ ਜਾਂਦੈ। ਕਿਸੇ ਰਿਸ਼ਤੇਦਾਰੀ ਵਿਚ ਇਕ ਨੌਜਵਾਨ ਦੀ ਸਿਆਣਪ ਤੇ ਦੂਰਅੰਦੇਸ਼ੀ ਦੀ ਉਸ ਦੇ ਨਾਨਕੇ ਦਾਦਕੇ ਇਸ ਕਦਰ ਸਤਿਕਾਰ ਕਰਦੇ ਸਨ ਕਿ ਓਹ ਕਿਸੇ ਵੀ ਕਾਰਜ ਵੇਲੇ ਨੇਕ ਸਲਾਹ ਦਿੰਦਾ ਤੇ ਹਰ ਕਿਸੇ ਦੇ ਕੰਮ ਆਉਂਦਾ। ਸਾਰੇ ਉਸ ਨੂੰ ਪੁੱਛ ਕੇ ਤੁਰਦੇ ਸਨ। ਪਰ ਸਮੇਂ ਨਾਲ ਜਦੋਂ ਰਿਸ਼ਤੇਦਾਰਾਂ ਦੇ ਆਪਣੇ ਬੱਚੇ ਉਡਾਰੂ ਹੋ ਗਏ ਤਾਂ ਓਹਨਾਂ ਉਸ ਭਲੇ ਨੌਜਵਾਨ ਨੂੰ ਟਿੱਚ ਜਾਣਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਜਿਆਦਾ ਸਿਆਣੇ ਮੰਨਣ ਲੱਗ ਪਏ। 

ਪੂੰਜੀਵਾਦ ਨੇ ਰਿਸ਼ਤਿਆਂ 'ਤੇ ਬਹੁਤ ਵੱਡੀ ਸੱਟ ਮਾਰੀ ਹੈ। ਪਦਾਰਥਵਾਦੀ ਸਮਾਜ ਵਿਚ ਲੋਕ ਪੈਸਿਆਂ 'ਚ ਖੁਸ਼ੀਆਂ ਲੱਭਦੇ ਮਤਲਬਪ੍ਰਸਤ ਹੋਈ ਜਾ ਰਹੇ ਨੇ , ਜਦੋਂ ਕਿ ਮੁਸੀਬਤ ਵੇਲੇ ਪੈਸਾ ਨਹੀਂ, ਆਪਣਿਆਂ ਦਾ ਦਿਲਾਸਾ ਅਤੇ ਸਾਥ ਕੰਮ ਆਉਂਦੈ। ਸੋ ਆਓ ਰਿਸ਼ਤਿਆਂ ਦੇ ਨਿੱਘ ਨੂੰ ਮਾਣੀਏ ਤੇ ਇਹਨਾਂ ਦੀ ਕਦਰ ਕਰਨੀ ਸਿੱਖੀਏ।

- ਐਡਵੋਕੇਟ ਗਗਨਦੀਪ ਸਿੰਘ ਗੁਰਾਇਆ


Anmol Tagra

Content Editor

Related News