ਪ੍ਰਤਾਪ ਨਗਰ ’ਚ ਗੁਪਤ ਅੰਗ ’ਚ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
Tuesday, Dec 02, 2025 - 10:26 PM (IST)
ਬਠਿੰਡਾ (ਵਿਜੈ ਵਰਮਾ) - ਪ੍ਰਤਾਪ ਨਗਰ ’ਚ ਮੰਗਲਵਾਰ ਸ਼ਾਮ ਇਕ 36 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਸ਼ੱਕੀ ਹਾਲਾਤਾਂ ’ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਘਰ ਵਿਚ ਮੌਤ ਦੀ ਸੂਚਨਾ ਮਿਲੀ ਸੀ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਪੁਲਸ ਪਹਿਲਾਂ ਹੀ ਜਾਂਚ ਕਰ ਰਹੀ ਸੀ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇ ਗੁਪਤ ਅੰਗਾਂ ’ਚ ਸਰਿੰਜ ਫਸੀ ਹੋਈ ਸੀ, ਜਿਸ ਨਾਲ ਇਹ ਸ਼ੱਕ ਮਜ਼ਬੂਤ ਹੁੰਦਾ ਹੈ ਕਿ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਸੀ।
ਪੁਲਸ ਅਨੁਸਾਰ ਸੁਖਚੈਨ ਸਿੰਘ ਇਕੱਲਾ ਰਹਿੰਦਾ ਸੀ ਅਤੇ ਆਪਣੇ ਘਰ ਦਾ ਇਕ ਕਮਰਾ ਕਿਰਾਏ ’ਤੇ ਦੇਣ ਦੀ ਤਿਆਰੀ ਕਰ ਰਿਹਾ ਸੀ। ਕਿਰਾਏਦਾਰ ਦੇ ਆਉਣ ’ਤੇ ਹੀ ਇਸਦੀ ਮੌਤ ਬਾਰੇ ਪਤਾ ਲੱਗਿਆ। ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਇਲਾਕੇ ’ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਨੂੰ ਲੈ ਕੇ ਲੋਕਾਂ ’ਚ ਰੋਸ ਅਤੇ ਚਿੰਤਾ ਦਾ ਮਾਹੌਲ ਹੈ।
