ਜਲੰਧਰ ''ਚ ਜਬਰ-ਜ਼ਨਾਹ ਤੇ ਕਤਲ ਕਾਂਡ ਨਾਲ ਦਹਿਲਿਆ ਪੰਜਾਬ, ਮਾਂਪਿਆਂ ਦੀ ਉਡੀ ਨੀਂਦ
Wednesday, Nov 26, 2025 - 01:03 PM (IST)
ਗੁਰਦਾਸਪੁਰ (ਹਰਮਨ) : ਜਲੰਧਰ ’ਚ 13 ਸਾਲਾ ਬੱਚੀ ਨਾਲ ਉਸਦੇ ਗੁਆਂਢੀ ਵੱਲੋਂ ਕਥਿਤ ਜਬਰ-ਜ਼ਨਾਹ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਦੇ ਘਿਨੌਣੇ ਜੁਰਮ ਨੇ ਨਾ ਸਿਰਫ਼ ਆਮ ਲੋਕਾਂ ਦੇ ਮਨ ਨੂੰ ਝੰਝੋੜ ਦਿੱਤਾ ਹੈ, ਸਗੋਂ ਇਲਾਕੇ ’ਚ ਭਾਰੀ ਰੋਸ ਦੀ ਲਹਿਰ ਦੌੜ ਗਈ ਹੈ। ਖਾਸ ਤੌਰ ’ਤੇ ਛੋਟੀਆਂ ਬੱਚੀਆਂ ਦੇ ਮਾਪਿਆਂ ਅੰਦਰ ਡਰ ਹੋਰ ਵੱਧ ਗਿਆ ਹੈ ਅਤੇ ਕਈ ਲੋਕ ਆਪਣੇ ਘਰਾਂ ਦੇ ਨੇੜੇ ਰਹਿੰਦੇ ਪ੍ਰਵਾਸੀਆਂ ਅਤੇ ਹੋਰ ਗੁਆਂਢੀਆਂ ਕੋਲੋਂ ਹੀ ਅੰਦਰ ਖਾਤੇ ਡਰ ਮਹਿਸੂਸ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਅਜਿਹੇ ਮਾਮਲੇ ਆਮ ਬੰਦਿਆਂ ਦੇ ਅੰਦਰ ਡਰ ਪੈਦਾ ਕਰਦੇ ਹਨ, ਉਥੇ ਹੀ ਬੱਚੀਆਂ ਦੇ ਮਾਪਿਆਂ ਦੀ ਚਿੰਤਾ ਪਹਿਲਾਂ ਨਾਲੋਂ ਕਈ ਗੁਣਾ ਵਧਾ ਦਿੰਦੇ ਹਨ। ਇਸ ਤੋਂ ਪਹਿਲਾਂ ਵੀ ਕਈ ਸਥਾਨਾਂ ’ਤੇ ਛੋਟੇ ਬੱਚਿਆਂ 'ਤੇ ਨਾਬਾਲਿਗ ਲੜਕੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਨ ਕਾਰਨ ਲੋਕ ਪਹਿਲਾਂ ਹੀ ਸਹਿਮੇ ਹੋਏ ਸਨ ਅਤੇ ਹੁਣ ਇਸ ਵਾਕੇ ਨੇ ਡਰ ਨੂੰ ਇਕ ਵਾਰ ਫਿਰ ਜਗਾ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੁੜੀ ਨੂੰ ਜਬਰ-ਜ਼ਿਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼
ਦੇਸ਼ ’ਚ ਹਰ ਦਿਨ ਸਾਹਮਣੇ ਆਉਂਦੇ ਹਨ ਜਬਰ-ਜ਼ਨਾਹ ਦੇ 86 ਮਾਮਲੇ
ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਦੀ 2021 ਦੀ ਰਿਪੋਰਟ ਮੁਤਾਬਕ ਭਾਰਤ ’ਚ ਜਬਰ-ਜ਼ਨਾਹ ਮਹਿਲਾਵਾਂ ਖ਼ਿਲਾਫ਼ ਚੌਥਾ ਸਭ ਤੋਂ ਵੱਧ ਦਰਜ ਕੀਤਾ ਜਾਣ ਵਾਲਾ ਜੁਰਮ ਹੈ। 2021 ’ਚ ਕੁੱਲ 31,677 ਜਬਰ-ਜ਼ਨਾਹ ਦੇ ਮਾਮਲੇ ਦਰਜ ਕੀਤੇ ਗਏ, ਜਿਸ ਦਾ ਮਤਲਬ ਹੈ ਕਿ ਹਰ ਰੋਜ਼ ਔਸਤ 86 ਮਾਮਲੇ ਦਰਜ ਹੋਏ। ਇਹ ਅੰਕੜੇ 2020 ਨਾਲੋਂ ਵੱਧ ਹਨ ਕਿਉਂਕਿ ਉਸ ਸਾਲ 28,046 ਮਾਮਲੇ ਦਰਜ ਹੋਏ ਸਨ, ਜਦਕਿ 2019 ’ਚ ਇਹ ਗਿਣਤੀ 32,033 ਸੀ। ਰਿਪੋਰਟ ਦਾ ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ 31,677 ਮਾਮਲਿਆਂ ’ਚੋਂ 28,147 (ਲਗਭਗ 89 ਫੀਸਦੀ) ਮਾਮਲਿਆਂ ’ਚ ਦੋਸ਼ੀ ਪੀੜਤਾ ਦੇ ਜਾਣਕਾਰ ਸਨ, ਜਿਵੇਂ ਕਿ ਰਿਸ਼ਤੇਦਾਰ, ਗੁਆਂਢੀ ਜਾਂ ਜਾਣ-ਪਛਾਣ ਵਾਲੇ ਸ਼ਖ਼ਸ ਸਨ। ਇਸ ਤੋਂ ਇਲਾਵਾ ਪੀੜਤਾਂ ’ਚੋਂ 10 ਫੀਸਦੀ ਨਾਬਾਲਿਗ ਸਨ, ਜਿਹੜੀਆਂ 18 ਸਾਲ ਤੋਂ ਘੱਟ ਉਮਰ ਦੀਆਂ ਸਨ। ਦਿੱਲੀ ਪੁਲਸ ਦੇ 2019–2020 ਦੇ ਡਾਟਾ ਮੁਤਾਬਕ ਵੀ 44 ਫੀਸਦੀ ਪੀੜਤਾਂ ਨੇ ਦੋਸ਼ੀਆਂ ਨੂੰ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਵਜੋਂ ਪਹਿਚਾਣਿਆ ਸੀ। ਇਨ੍ਹਾਂ ਅੰਕੜਿਆਂ ਕਾਰਨ ਹੀ ਲੋਕਾਂ ਦੇ ਮਨਾਂ ’ਚ ਡਰ ਵਧ ਰਿਹਾ ਹੈ ਕਿ ਉਨ੍ਹਾਂ ਦੇ ਆਪਣੇ ਜਾਣ-ਪਛਾਣ ਵਾਲੇ ਹੀ ਧੀਆਂ ਲਈ ਦਰਿੰਦੇ ਬਣ ਕੇ ਸਾਹਮਣੇ ਆਉਂਦੇ ਹਨ, ਜਿਸ ਕਾਰਨ ਹੁਣ ਧੀਆਂ ਦੇ ਮਾਪਿਆਂ ਲਈ ਕਿਸੇ ’ਤੇ ਵੀ ਵਿਸ਼ਵਾਸ ਕਰਨਾ ਆਸਾਨ ਕੰਮ ਨਹੀਂ ਰਿਹਾ। ਅੰਕੜਿਆਂ ਮੁਤਾਬਕ ਰਾਜਸਥਾਨ ’ਚ 2021 ਵਿਚ ਸਭ ਤੋਂ ਵੱਧ ਜਬਰ-ਜ਼ਨਾਹ ਦੇ ਮਾਮਲੇ ਦਰਜ ਹੋਏ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦਾ ਨਾਂ ਆਉਂਦਾ ਹੈ। ਮਹਾਨਗਰੀ ਸ਼ਹਿਰਾਂ ’ਚ ਦਿੱਲੀ 2021 ’ਚ 1,226 ਮਾਮਲਿਆਂ ਨਾਲ ਸਭ ਤੋਂ ਅੱਗੇ ਰਹੀ।
ਇਹ ਵੀ ਪੜ੍ਹੋ : ਬਠਿੰਡਾ ’ਚ ਫੈਲਿਆ ਖ਼ਤਰਨਾਕ ਵਾਇਰਸ, ਵੱਡੀ ਗਿਣਤੀ 'ਚ ਪ੍ਰਭਾਵਤ ਹੋ ਰਹੇ ਲੋਕ
ਸੀ. ਸੀ. ਟੀ. ਵੀ. ਕੈਮਰਿਆਂ ਦੀ ਮੰਗ ’ਚ ਜ਼ਬਰਦਸਤ ਵਾਧਾ
ਜਲੰਧਰ ਦੀ ਤਾਜ਼ਾ ਵਾਰਦਾਤ ਤੋਂ ਬਾਅਦ, ਲੋਕਾਂ ਨੇ ਸੁਰੱਖਿਆ ਪ੍ਰਤੀ ਹੋਰ ਜ਼ਿਆਦਾ ਸਜੱਗਤਾ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਸਾਰੇ ਘਰਾਂ, ਗਲੀਆਂ ਅਤੇ ਬਾਜ਼ਾਰਾਂ ’ਚ ਲੋਕ ਹੁਣ ਸੀ. ਸੀ. ਟੀ. ਵੀ. ਕੈਮਰੇ ਲਗਵਾ ਰਹੇ ਹਨ। ਦੁਕਾਨਦਾਰਾਂ ਅਨੁਸਾਰ ਪਿਛਲੇ ਕੁਝ ਦਿਨਾਂ ’ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਮੰਗ ’ਚ ਇੱਕਦਮ ਵਧੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਗਰਾਨੀ ਵਧੇਗੀ ਤਾਂ ਇਨ੍ਹਾਂ ਘਟਨਾਵਾਂ ਨੂੰ ਰੋਕਣ ’ਚ ਮਦਦ ਮਿਲ ਸਕਦੀ ਹੈ ਜੋ ਕਿ ਅੱਜ ਦੇ ਸਮੇਂ ਦੀ ਤੁਰੰਤ ਲੋੜ ਹੈ।
ਇਹ ਵੀ ਪੜ੍ਹੋ : ਰਜਿਸਟਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਮਾਪਿਆਂ ’ਚ ਸਹਿਮ, ਬੱਚੀਆਂ ਨੂੰ ਬਾਹਰ ਭੇਜਣ ਤੋਂ ਡਰ ਰਹੇ
ਇਸ ਘਟਨਾ ਨੇ ਮਾਪਿਆਂ ’ਚ ਇਨ੍ਹਾਂ ਡਰ ਪੈਦਾ ਕਰ ਦਿੱਤਾ ਹੈ ਕਿ ਹੁਣ ਮਾਪੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਖੇਡਣ ਲਈ ਭੇਜਣ ਤੋਂ ਵੀ ਡਰ ਮਹਿਸੂਸ ਕਰਨ ਲੱਗ ਪਏ ਹਨ, ਜਿਨ੍ਹਾਂ ਮਾਪਿਆਂ ਨੇ ਆਪਣੀਆਂ ਬੱਚੀਆਂ ਨੂੰ ਪੜ੍ਹਾਈ, ਕੰਮਕਾਜ ਜਾਂ ਹੋਰ ਗਤੀਵਿਧੀਆਂ ਲਈ ਬਾਹਰ ਭੇਜਿਆ ਹੈ, ਉਨ੍ਹਾਂ ’ਚ ਡਰ ਅਤੇ ਬੇਚੈਨੀ ਹੋਰ ਵਧ ਗਈ ਹੈ। ਜਬਰ-ਜ਼ਨਾਹ ਦੇ ਲਗਾਤਾਰ ਵੱਧ ਰਹੇ ਅੰਕੜਿਆਂ ਨੇ ਲੋਕਾਂ ਦੇ ਮਨ ’ਚ ਇਹ ਸਵਾਲ ਪੈਦਾ ਕਰ ਦਿੱਤਾ ਹੈ ਕਿ ਕੀ ਉਨ੍ਹਾਂ ਦੀਆਂ ਬੱਚੀਆਂ ਸੁਰੱਖਿਅਤ ਹਨ? ਲੋਕ ਕਹਿੰਦੇ ਹਨ ਕਿ ਭਾਵੇਂ ਸਿੱਖਿਆ ਹੋਵੇ ਜਾਂ ਨੌਕਰੀ, ਹਰ ਥਾਂ ਇਕ ਬੇਚੈਨੀ ਹੈ। ਕਈ ਮਾਪੇ ਬੱਚੀਆਂ ਨੂੰ ਸ਼ਾਮ ਤੋਂ ਬਾਅਦ ਬਾਹਰ ਨਾ ਜਾਣ ਦੀ ਸਖ਼ਤ ਹਦਾਇਤ ਦੇ ਰਹੇ ਹਨ। ਇਹ ਡਰ ਸਿਰਫ਼ ਪਰਿਵਾਰਕ ਪੱਧਰ ਤੱਕ ਹੀ ਨਹੀਂ, ਸਗੋਂ ਸਮਾਜਕ ਪੱਧਰ ’ਤੇ ਵੀ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਖ਼ੁਸ਼ੀਆਂ 'ਚ ਪੈ ਗਏ ਕੀਰਣੇ, ਵਿਆਹ ਤੋਂ ਅਗਲੇ ਹੀ ਦਿਨ...
ਕਾਨੂੰਨੀ ਸਖ਼ਤੀ ਅਤੇ ਨੈਤਿਕ ਸਿੱਖਿਆ ਦੀ ਲੋੜ
ਇਹ ਸਾਰੇ ਅੰਕੜੇ, ਘਟਨਾਵਾਂ ਅਤੇ ਲੋਕਾਂ ਦਾ ਸਹਿਮ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਭਾਵੇਂ ਸਰਕਾਰ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਕਈ ਕਾਨੂੰਨੀ ਸੁਧਾਰ ਕੀਤੇ ਹਨ ਪਰ ਅਮਲ ’ਚ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਸਮਾਜ ਸ਼ਾਸਤਰੀਆਂ ਅਤੇ ਕਾਨੂੰਨ ਮਾਹਿਰਾਂ ਦਾ ਮੰਨਣਾ ਹੈ ਕਿ ਮਾਮਲਿਆਂ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਕਾਨੂੰਨੀ ਕਾਰਵਾਈ ਦੀ ਗਤੀ ਤੇਜ਼ ਕਰ ਕੇ ਦੋਸ਼ੀਆਂ ਨੂੰ ਸਖ਼ਤ ਅਤੇ ਅਜਿਹੀਆਂ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਜਿਸ ਨਾਲ ਮੁੜ ਕੋਈ ਵੀ ਅਪਰਾਧੀ ਅਜਿਹੀ ਘਨਾਉਣੀ ਕਾਰਵਾਈ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ। ਇਸਦੇ ਨਾਲ ਹੀ ਬੱਚਿਆਂ ਜਵਾਨਾਂ ਅਤੇ ਹੋਰ ਲੋਕਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਵੀ ਸਖਤ ਲੋੜ ਹੈ ਅਤੇ ਖਾਸ ਤੌਰ ’ਤੇ ਜਿਹੜੇ ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਨੂੰ ਨਾ ਸਿਰਫ ਕਾਨੂੰਨ ਦੇ ਸ਼ਿਕੰਜੇ ’ਚ ਲਿਆ ਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ, ਸਗੋਂ ਅਜਿਹੇ ਲੋਕਾਂ ਦਾ ਪੱਕੇ ਤੌਰ ’ਤੇ ਸਮਾਜਿਕ ਬਾਈਕਾਟ ਵੀ ਕਰਨਾ ਚਾਹੀਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
