ਸੇਵਾ ਕੇਂਦਰਾਂ ''ਚ RTA ਨਾਲ ਸਬੰਧਿਤ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ
Monday, Nov 24, 2025 - 04:52 PM (IST)
ਬਠਿੰਡਾ (ਵਰਮਾ) : ਇੱਥੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਮੁੱਖ ਸੇਵਾਵਾਂ ਨੂੰ ਹੁਣ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲੜੀ ਤਹਿਤ ਹੁਣ ਸੇਵਾ ਕੇਂਦਰਾਂ ‘ਤੇ ਡਰਾਈਵਿੰਗ ਲਾਇਸੰਸ, ਆਰ. ਸੀ., ਪਰਮਿੱਟ ਆਦਿ ਨਾਲ ਸਬੰਧਿਤ ਆਰ. ਟੀ. ਏ. ਦੀਆਂ ਅਹਿਮ ਸੇਵਾਵਾਂ ਲਈ ਆਨਲਾਈਨ ਅਰਜ਼ੀ ਭੇਜਣ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੇਵਾ ਕੇਂਦਰਾਂ ‘ਤੇ ਆਰ. ਟੀ. ਏ. ਦਫ਼ਤਰ ਦੀਆਂ 28 ਕਿਸਮਾਂ ਦੀਆਂ ਸੇਵਾਵਾਂ ਤੋਂ ਇਲਾਵਾ ਹੋਰ ਵਿਭਾਗਾਂ ਦੀਆਂ 500 ਤੋਂ ਵੱਧ ਸੇਵਾਵਾਂ ਇੱਕ ਥਾਂ ਉਪਲਬਧ ਹਨ। ਇਸ ਪ੍ਰਕਿਰਿਆ ਨਾਲ ਆਮ ਲੋਕਾਂ ਲਈ ਅਰਜ਼ੀ ਦੇਣਾ ਕਾਫ਼ੀ ਆਸਾਨ ਹੋ ਗਿਆ ਹੈ। ਬਿਨੈਕਾਰ ਸੇਵਾ ਕੇਂਦਰ ਵਿੱਚ ਜਾ ਕੇ ਜਾਂ ਘਰ ਬੈਠੇ ਵੀ ਟੋਲ ਫਰੀ ਨੰਬਰ 1076 ‘ਤੇ ਕਾਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਨੇਜ਼ਰ ਰਾਜਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸੇਵਾ ਕੇਂਦਰਾਂ ‘ਚ ਆਰ. ਟੀ. ਏ. ਸੇਵਾਵਾਂ ਲਈ ਲਗਭਗ 200 ਤੋਂ ਵੱਧ ਅਰਜ਼ੀਆਂ ਜਮ੍ਹਾਂ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਅਰਜ਼ੀ ਦੀ ਸਥਿਤੀ ਬਾਰੇ ਜਾਣਕਾਰੀ ਮੋਬਾਇਲ ਦੇ ਸੁਨੇਹੇ ਰਾਹੀਂ ਪ੍ਰਾਪਤ ਹੋ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਸੇਵਾ ਕੇਂਦਰ ਤੋਂ ਬਿਨੈਕਾਰ ਨਾਲ ਕੋਈ ਦਸਤਾਵੇਜ਼ ਅਪਲੋਡ ਕਰਨ ਜਾਂ ਹੋਰ ਜਾਣਕਾਰੀ ਲਈ ਰਾਬਤਾ ਕਾਇਮ ਕਰਨਾ ਹੋਵੇ ਤਾਂ ਉਸ ਨੂੰ ਸਮੇਂ-ਸਮੇਂ ‘ਤੇ ਦੱਸਿਆ ਜਾਵੇਗਾ। ਜ਼ਿਲ੍ਹਾ ਮੈਨੇਜ਼ਰ ਰਾਜਵੀਰ ਸਿੰਘ ਨੇ ਇਹ ਵੀ ਕਿਹਾ ਕਿ ਜਿੱਥੇ ਆਮ ਲੋਕਾਂ ਦੀ ਸੁਵਿਧਾ ਲਈ ਸੇਵਾਵਾਂ ਨੂੰ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾ ਰਿਹਾ ਹੈ ਉੱਥੇ ਹੀ ਬੱਚਤ ਦੇ ਨਾਲ-ਨਾਲ ਪਾਰਦਰਸ਼ਤਾ ਵੀ ਪੂਰੀ ਤਰ੍ਹਾਂ ਯਕੀਨੀ ਬਣੇਗੀ।
