ਖ਼ਤਰੇ ਦੀ ਘੰਟੀ! ਪਿਆਕੜਾਂ ਲਈ ਵੱਡੀ ਖ਼ਬਰ, ਨਵੇਂ ਹੁਕਮ ਜਾਰੀ, ਸ਼ਰਾਬ ਦੇ ਵੱਡੇ ਬ੍ਰਾਂਡਾਂ ਦੇ ਨਾਂ ''ਤੇ ਹੋ ਰਿਹੈ...
Wednesday, Nov 26, 2025 - 02:31 PM (IST)
ਜਲੰਧਰ (ਖੁਰਾਣਾ)–ਪੰਜਾਬ ਦੇ ਕਈ ਸ਼ਹਿਰਾਂ ਖ਼ਾਸ ਕਰਕੇ ਜਲੰਧਰ ਅਤੇ ਆਲੇ-ਦੁਆਲੇ ਦੇ ਕਸਬਿਆਂ ਵਿਚ ਨਾਜਾਇਜ਼ ਅਤੇ ਨਕਲੀ ਸ਼ਰਾਬ ਦਾ ਧੰਦਾ ਤੇਜ਼ੀ ਨਾਲ ਫੈਲ ਰਿਹਾ ਹੈ। ਵੱਡੇ-ਵੱਡੇ ਬ੍ਰਾਂਡਾਂ ਦੇ ਨਾਂ ’ਤੇ ਮਿਲਾਵਟੀ ਅਤੇ ਘਟੀਆ ਸ਼ਰਾਬ ਖੁੱਲ੍ਹੇਆਮ ਵੇਚੀ ਜਾ ਰਹੀ ਹੈ, ਜਿਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ, ਸਗੋਂ ਸਰਕਾਰ ਨੂੰ ਕਰੋੜਾਂ ਰੁਪਏ ਦੇ ਰੈਵੇਨਿਊ ਘਾਟੇ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਬਠਿੰਡਾ ਅਤੇ ਇਸ ਦੇ ਆਲੇ-ਦੁਆਲੇ ਦੇ ਕਸਬਿਆਂ ਵਿਚ ਨਕਲੀ ਸ਼ਰਾਬ ਦਾ ਨੈੱਟਵਰਕ ਸਰਗਰਮ ਹੈ। ਇਹ ਗਿਰੋਹ ਨਾਮੀ ਕੰਪਨੀਆਂ ਦੀਆਂ ਖਾਲੀ ਬੋਤਲਾਂ ਵਿਚ ਸਸਤੀ ਸਪਿਰਿਟ ਅਤੇ ਕੈਮੀਕਲ ਮਿਲਾ ਕੇ ਨਵੇਂ ਲੇਬਲ ਚਿਪਕਾ ਕੇ ਮਹਿੰਗੇ ਬ੍ਰਾਂਡ ਦੇ ਨਾਂ ’ਤੇ ਬਾਜ਼ਾਰ ਵਿਚ ਸਪਲਾਈ ਕਰ ਰਿਹਾ ਹੈ। ਕਈ ਮਾਮਲਿਆਂ ਵਿਚ ਬੋਤਲਾਂ ’ਤੇ ਬਾਰ ਕੋਡ ਵੀ ਨਕਲੀ ਪਾਏ ਗਏ ਹਨ, ਜਿਨ੍ਹਾਂ ਨੂੰ ਸਕੈਨ ਕਰਨ ’ਤੇ ਅਸਲੀ ਕੰਪਨੀ ਦੀ ਜਾਣਕਾਰੀ ਪ੍ਰਦਰਸ਼ਿਤ ਨਹੀਂ ਹੁੰਦੀ।
ਇਹ ਵੀ ਪੜ੍ਹੋ: Punjab: ਡਿਊਟੀ ਤੋਂ ਘਰ ਜਾ ਰਹੇ ਹੈੱਡ ਕਾਂਸਟੇਬਲ ਨੂੰ ਮੌਤ ਨੇ ਪਾਇਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਦੁਕਾਨਾਂ ’ਤੇ ਅਧਿਕਾਰਕ ਠੇਕਿਆਂ ਦੀ ਆੜ ਵਿਚ ਵੀ ਨਕਲੀ ਸ਼ਰਾਬ ਵੇਚੀ ਜਾ ਰਹੀ ਹੈ। ਪੱਬ, ਬਾਰ ਅਤੇ ਢਾਬਿਆਂ ਵਿਚ ਵੀ ਮਿਲਾਵਟੀ ਸ਼ਰਾਬ ਦੀ ਸਪਲਾਈ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਅਤੇ ਦਰਜਨਾਂ ਦੇ ਬੀਮਾਰ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਕਾਰਵਾਈ ਦੇ ਨਾਂ ’ਤੇ ਸਿਰਫ ਛੋਟੇ ਪੈਮਾਨੇ ’ਤੇ ਛਾਪੇਮਾਰੀ ਕਰ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ। ਐਕਸਾਈਜ਼ ਵਿਭਾਗ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਕਲੀ ਸ਼ਰਾਬ ਦੇ ਵਧ ਰਹੇ ਮਾਮਲੇ ਵਿਭਾਗ ਦੇ ਧਿਆਨ ਵਿਚ ਆ ਰਹੇ ਹਨ।
ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ 'ਚ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ, ਸਿਆਸਤਦਾਨਾਂ ਦੇ ਰੂਪ 'ਚ ਵਿਚਰੇ ਵਿਦਿਆਰਥੀ
ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤਾ ਹੈ ਕਿ ਉਹ ਬਾਰ, ਰੈਸਟੋਰੈਂਟ ਅਤੇ ਸ਼ਰਾਬ ਦੀਆਂ ਦੁਕਾਨਾਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣ ਅਤੇ ਬਿਨਾਂ ਬਿੱਲ, ਬਿਨਾਂ ਐਕਸਾਈਜ਼ ਹੋਲੋਗ੍ਰਾਮ ਜਾਂ ਸ਼ੱਕੀ ਪੈਕਿੰਗ ਵਾਲੇ ਸਟਾਕ ਨੂੰ ਤੁਰੰਤ ਜ਼ਬਤ ਕਰਨ। ਇਧਰ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੱਕੀ ਅਤੇ ਅਣਅਧਿਕਾਰਤ ਵਿਅਕਤੀ ਤੋਂ ਸਸਤੀ ਸ਼ਰਾਬ ਖਰੀਦਣ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਿਸਣ ’ਤੇ ਤੁਰੰਤ ਪੁਲਸ ਜਾਂ ਐਕਸਾਈਜ਼ ਵਿਭਾਗ ਨੂੰ ਸੂਚਨਾ ਦੇਣ। ਆਮ ਜਨਤਾ ਦਾ ਕਹਿਣਾ ਹੈ ਕਿ ਜਦੋਂ ਤਕ ਵੱਡੇ ਸਪਲਾਇਰਾਂ ਅਤੇ ਉਨ੍ਹਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਵਾਲੇ ਗੱਠਜੋੜ ’ਤੇ ਕਾਰਵਾਈ ਨਹੀਂ ਹੋਵੇਗੀ, ਉਦੋਂ ਤਕ ਨਕਲੀ ਸ਼ਰਾਬ ਦਾ ਇਹ ਕਾਰੋਬਾਰ ਨਹੀਂ ਰੁਕੇਗਾ। ਲੋਕਾਂ ਨੇ ਸਰਕਾਰ ਤੋਂ ਇਸ ਮੁੱਦੇ ’ਤੇ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਤਾਂ ਕਿ ਪੰਜਾਬ ਦੇ ਸ਼ਹਿਰ ਨਕਲੀ ਸ਼ਰਾਬ ਦੇ ਜਾਲ ਵਿਚੋਂ ਬਾਹਰ ਆ ਸਕਣ।
ਨੌਜਵਾਨਾਂ ’ਚ ਵਧ ਰਹੀਆਂ ਅਚਾਨਕ ਮੌਤਾਂ ਚਿੰਤਾਜਨਕ
ਜ਼ਿਲ੍ਹੇ ਦੇ ਹਸਪਤਾਲਾਂ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਮੇਂ ਤੋਂ 30 ਤੋਂ 45 ਸਾਲ ਤਕ ਦੀ ਉਮਰ ਵਾਲੇ ਨੌਜਵਾਨਾਂ ਵਿਚ ਅਚਾਨਕ ਮੌਤਾਂ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਨਕਲੀ ਸ਼ਰਾਬ ਵਿਚ ਮੌਜੂਦ ਮੈਥਾਨੋਲ ਅਤੇ ਜ਼ਹਿਰੀਲੇ ਕੈਮੀਕਲ ਸਕਿੰਟਾਂ ਵਿਚ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਅਕਸਰ ਮਰੀਜ਼ਾਂ ਨੂੰ ਬਚਾਉਣ ਦਾ ਮੌਕਾ ਵੀ ਨਹੀਂ ਮਿਲਦਾ। ਕਈ ਮਾਮਲਿਆਂ ਵਿਚ ਪੋਸਟਮਾਰਟਮ ਰਿਪੋਰਟ ਵਿਚ ਸਰੀਰ ਵਿਚ ਜ਼ਹਿਰੀਲੇ ਪਦਾਰਥਾਂ ਦੀ ਵਧੇਰੇ ਮਾਤਰਾ ਪਾਈ ਗਈ ਹੈ। ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਲਿਵਰ ਡੈਮੇਜ, ਫੈਟੀ ਲਿਵਰ (ਜੌਂਡਿਸ) ਦੇ ਮਾਮਲਿਆਂ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਮਿਲਾਵਟੀ ਸ਼ਰਾਬ ਵਿਚ ਮਿਲਾਏ ਗਏ ਰਸਾਇਣਿਕ ਤੱਤ ਸਿੱਧਾ ਲਿਵਰ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਨਾਲ ਜੁੜੀ ਅਹਿਮ ਖ਼ਬਰ, ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
ਡਾਕਟਰਾਂ ਅਨੁਸਾਰ ਕਈ ਨੌਜਵਾਨ ਛਾਤੀ ਵਿਚ ਦਰਦ, ਸਾਹ ਫੁੱਲਣ ਅਤੇ ਦਿਲ ਦੀ ਧੜਕਣ ਤੇਜ਼ ਹੋਣ ਦੀ ਸ਼ਿਕਾਇਤ ਦੇ ਨਾਲ ਹਸਪਤਾਲ ਪਹੁੰਚ ਰਹੇ ਹਨ। ਕਈ ਮਾਮਲਿਆਂ ਵਿਚ ਇਹ ਪਾਇਆ ਗਿਆ ਹੈ ਕਿ ਨਕਲੀ ਸ਼ਰਾਬ ਦੇ ਸੇਵਨ ਨਾਲ ਜ਼ਹਿਰੀਲੇ ਪਦਾਰਥ ਜਮ੍ਹਾ ਹੋ ਜਾਂਦੇ ਹਨ, ਜਿਸ ਨਾਲ ਅਚਾਨਕ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਡੁਪਲੀਕੇਟ ਸ਼ਰਾਬ ਵਿਚ ਮੌਜੂਦ ਮੈਥਾਨੋਲ ਅੰਨ੍ਹਾਪਨ, ਕੋਮਾ, ਲਕਵਾ ਅਤੇ ਮੌਤ ਤਕ ਦਾ ਕਾਰਨ ਬਣ ਸਕਦਾ ਹੈ। ਕੁੱਲ੍ਹ ਮਿਲਾ ਕੇ ਨਾਜਾਇਜ਼ ਸ਼ਰਾਬ ਕਾਰਨ ਵਧਦੀਆਂ ਮੌਤਾਂ ਹੁਣ ਪੂਰੇ ਪੰਜਾਬ ਲਈ ਖ਼ਤਰੇ ਦੀ ਘੰਟੀ ਬਣ ਗਈਆਂ ਹਨ।
ਇਹ ਵੀ ਪੜ੍ਹੋ: ਜਲੰਧਰ ਵਿਚ ਫਿਰ ਸ਼ਰਮਨਾਕ ਘਟਨਾ ! ਹੁਣ ਗੈਂਗਰੇਪ ਦਾ ਸ਼ਿਕਾਰ ਹੋਈ ਔਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
