ਸਿੱਧੀ ਬਿਜਾਈ ਵਾਲੀ ਕਣਕ ਤੇ ਸੁੰਡੀ ਦੀ ਮਾਰ, ਵਾਹੁਣ ਲਈ ਮਜਬੂਰ ਕਿਸਾ
Saturday, Dec 16, 2023 - 06:14 PM (IST)
ਬੁਢਲਾਡਾ (ਬਾਂਸਲ) : ਸਿੱਧੀ ਬਿਜਾਈ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਉਥੇ ਸੁੰਡੀ ਦੀ ਮਾਰ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰਦਿਆਂ ਆਰਥਿਕ ਮਾਰ ਝੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇੱਥੋਂ ਨੇੜਲੇ ਪਿੰਡ ਬੱਛੋਆਣਾ ਵਿਖੇ ਇਕ ਕਿਸਾਨ ਦੀ ਸਿੱਧੀ ਬਿਜਾਈ ਕੀਤੀ ਕਣਕ ਦੀ ਫਸਲ ’ਤੇ ਸੁੰਡੀ ਦੀ ਮਾਰ ਪੈ ਗਈ ਜਿਸ ਕਾਰਨ ਕਿਸਾਨ ਮਿਸ਼ਰਾ ਸਿੰਘ ਪੁੱਤਰ ਮਿੱਠੂ ਸਿੰਘ ਨੇ ਆਪਣੀ 5 ਏਕੜ ਫਸਲ ਵਾਹ ਦਿੱਤੀ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਇਹ ਜ਼ਮੀਨ 67 ਹਜ਼ਾਰ ਰੁਪਏ ਠੇਕੇ ’ਤੇ ਲੈਣ ਤੋਂ ਬਾਅਦ 10 ਹਜ਼ਾਰ ਰੁਪਏ ਏਕੜ ਦੀ ਕਣਕ ਦੀ ਬਿਜਾਈ ’ਤੇ ਖਰਚ ਕੀਤਾ ਸੀ। ਪ੍ਰੰਤੂ ਫਸਲ ਬਿਜਾਈ ਤੋਂ 40 ਦਿਨ ਬਾਅਦ ਵੀ ਉਨ੍ਹਾਂ ਦੀ ਫਸਲ ਨੂੰ ਸੁੰਡੀ ਨੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਜਿਸ ਕਾਰਨ ਉਸਨੂੰ ਆਪਣੀ 5 ਏਕੜ ਜ਼ਮੀਨ ਵਾਹੁਣ ਲਈ ਮਜਬੂਰ ਹੋਣਾ ਪਿਆ ਹੈ। ਉਥੇ ਅਗਲੀ ਫਸਲ ਵੀ ਭਾਰੀ ਨੁਕਸਾਨ ਹੋਣ ਦੀ ਚਿੰਤਾ ਸਤਾ ਰਹੀ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਜਗਸੀਰ ਸਿੰਘ ਸੀਰਾ ਦੌਦੜਾ, ਮੇਜਰ ਸਿੰਘ ਬੱਛੋਆਣਾ, ਨਿਹਾਲ ਸਿੰਘ ਬੱਛੋਆਣਾ, ਮੰਗੂ ਸਿੰਘ ਆਦਿ ਨੇ ਕਿਹਾ ਕਿ ਸਿੱਧੀ ਬਿਜਾਈ ਦਾ ਨੁਕਸਾਨ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਕਣਕ ਨੂੰ ਸੁੰਡੀ ਪੈ ਚੁੱਕੀ ਹੈ ਤੇ ਕਈ ਕੀਟਨਾਸ਼ਕਾਂ ਦਵਾਈਆਂ ਦੀ ਸਪ੍ਰੇਅ ਕਰਨ ਦੇ ਬਾਵਜੂਦ ਵੀ ਸੁੰਡੀ ਨੇ ਕਣਕ ਦੀ ਫਸਲ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬਣਦਾ ਮੁਆਵਜ਼ਾ ਦੇਵੇ ਅਗਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਕਿਸਾਨ ਜਥੇਬੰਦੀ ਤੇ ਹੋਰ ਕਿਸਾਨ ਪੱਖੀ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਮਦਦ ਨਾਲ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।