ਦੁਕਾਨਦਾਰ ਪਤੀ-ਪਤਨੀ 'ਤੇ ਗੋਲ਼ੀ ਚਲਾਉਣ ਵਾਲੇ ਫਾਈਨਾਂਸਰ ਦਾ ਬਿਆਨ- 'ਤਾਂ ਉਹ ਮੈਨੂੰ ਜਾਨੋਂ ਮਾਰ ਦਿੰਦੇ...!'
Monday, Nov 18, 2024 - 05:27 AM (IST)
ਮੁੱਲਾਂਪੁਰ ਦਾਖਾ (ਕਾਲੀਆ)- ਬੀਤੇ ਦਿਨੀਂ ਪ੍ਰੇਮ ਨਗਰ ਮੰਡੀ ਮੁੱਲਾਂਪੁਰ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਜੋੜੇ ਰਾਜ ਕੁਮਾਰ ਯਾਦਵ ਅਤੇ ਗੁੜੀਆ ਦੇਵੀ ਯਾਦਵ 'ਤੇ ਗੋਲ਼ੀਆਂ ਚਲਾਉਣ ਵਾਲੇ ਸੁਰਿੰਦਰ ਸਿੰਘ ਛਿੰਦਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੈਂ ਗੋਲੀ ਕਿਸੇ ਸ਼ੌਂਕ ਨੂੰ ਜਾਂ ਪ੍ਰਦਰਸ਼ਨ ਲਈ ਨਹੀਂ ਚਲਾਈ ਸੀ, ਬਲਕਿ ਆਪਣੀ ਆਤਮ-ਰੱਖਿਆ ਲਈ ਚਲਾਈ ਸੀ।
ਉਸ ਨੇ ਅੱਗੇ ਕਿਹਾ ਕਿ ਇਨ੍ਹਾਂ ਪ੍ਰਵਾਸੀਆਂ ਤੋਂ ਉਸ ਨੇ 70,000 ਰੁਪਏ ਲੈਣੇ ਸਨ ਅਤੇ ਉਹ ਉਸ ਦਿਨ ਆਪਣੇ ਪੈਸੇ ਲੈਣ ਲਈ ਇਨ੍ਹਾਂ ਕੋਲ ਗਿਆ ਸੀ। ਇਸ ਦੌਰਾਨ ਇਨ੍ਹਾਂ ਪ੍ਰਵਾਸੀ ਪਤੀ-ਪਤਨੀ ਅਤੇ ਇਨ੍ਹਾਂ ਦੇ ਇੱਕ ਹੋਰ ਸਾਥੀ ਨੇ ਉਸ ਨੂੰ ਪੈਸੇ ਤਾਂ ਕੀ ਮੋੜੇ, ਸਗੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਨ ਆਪਣੇ ਬਚਾਅ ਲਈ ਹੀ ਉਸ ਨੇ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਸਨ, ਜੋ ਕਿ ਉਸ ਨੇ ਆਪਣੇ ਡਿਫੈਂਸ ਲਈ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ
ਸੁਰਿੰਦਰ ਸਿੰਘ ਛਿੰਦਾ ਨੇ ਦੱਸਿਆ ਕਿ ਇਹ ਤਿੰਨੇ ਯੂ.ਪੀ. ਤੋਂ ਆਏ ਹਨ ਤੇ ਇਨ੍ਹਾਂ ਨੇ ਉਸ ਤੋਂ 70 ਹਜ਼ਾਰ ਰੁਪਏ ਲਏ ਹੋਏ ਹਨ, ਜਿਨ੍ਹਾਂ ਨੂੰ 2 ਮਹੀਨੇ ਬਾਅਦ ਮੋੜਨ ਦਾ ਕਰਾਰ ਕੀਤਾ ਗਿਆ ਸੀ। ਪਹਿਲਾਂ ਇਨ੍ਹਾਂ ਕਿਹਾ ਸੀ ਕਿ ਅਸੀਂ 10 ਨਵੰਬਰ ਨੂੰ ਪੈਸੇ ਦੇਵਾਂਗੇ ਅਤੇ ਫਿਰ ਲਾਰਾ ਲਗਾ ਦਿੱਤਾ ਕਿ ਅਸੀਂ 15 ਨੂੰ ਦੇਵਾਂਗੇ, ਜਦੋਂ ਮੈਂ ਸਵੇਰੇ ਪੈਸੇ ਲੈਣ ਗਿਆ ਤਾਂ ਇਨ੍ਹਾਂ ਕਿਹਾ ਕਿ ਅਸੀਂ ਲੁਧਿਆਣੇ ਹਾਂ ਸ਼ਾਮ ਨੂੰ ਆ ਕੇ ਦਿਆਂਗੇ। ਇਸ ਮਗਰੋਂ ਜਦੋਂ ਛਿੰਦਾ ਸ਼ਾਮ ਨੂੰ ਪੈਸੇ ਲੈਣ ਗਿਆ ਤਾਂ ਇਨ੍ਹਾਂ ਨੇ ਉਸ ਨੂੰ ਪੈਸੇ ਦੇਣ ਦੀ ਬਜਾਏ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।
ਉਸ ਨੇ ਦੱਸਿਆ ਕਿ ਉਸ ਸਮੇਂ ਉਹ ਇਕੱਲਾ ਸੀ ਅਤੇ ਇਹ ਤਿੰਨ ਜਣੇ ਸਨ, ਜਿਸ ਕਾਰਨ ਉਸ ਨੇ ਆਪਣੀ ਜਾਨ ਖਤਰੇ ਵਿੱਚ ਪਈ ਵੇਖ ਕੇ ਆਪਣੀ ਆਤਮ ਰੱਖਿਆ ਲਈ ਗੋਲ਼ੀ ਚਲਾਈ ਸੀ ਅਤੇ ਆਪਣਾ ਬਚਾਅ ਕੀਤਾ ਸੀ। ਉਸ ਨੇ ਦੱਸਿਆ ਕਿ ਪੈਸੇ ਦੇ ਲੈਣ ਦੇਣ ਸਬੰਧੀ ਮੇਰੇ ਕੋਲ ਐਫੀਡੇਵਿਟ ਅਤੇ ਕਾਲ ਰਿਕਾਰਡਿੰਗ ਵੀ ਮੌਜੂਦ ਹਨ, ਉਸ ਦਾ ਫਾਇਨਾਂਸ ਦਾ ਕੰਮ ਵੀ ਲੀਗਲ ਹੈ ਅਤੇ ਇਸ ਸਬੰਧੀ ਕਾਰੋਬਾਰ ਕਰਨ ਲਈ ਲਾਇਸੈਂਸ ਵੀ ਮੌਜੂਦ ਹੈ। ਉਸ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਉਹ ਗੋਲ਼ੀ ਨਾ ਚਲਾਉਂਦਾ ਤਾਂ ਇਹ ਲੋਕ ਉਸ ਨੂੰ ਜਾਨੋਂ ਵੀ ਮਾਰ ਸਕਦੇ ਸਨ।
ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e