ਰੇਲ ਗੱਡੀਆਂ ’ਚ ਯਾਤਰੀਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲਾ ਚੋਰ ਕਾਬੂ
Thursday, Jul 16, 2026 - 03:46 PM (IST)
ਫਿਰੋਜ਼ਪੁਰ (ਸੋਨੂੰ) : ਥਾਣਾ ਜੀ. ਆਰ. ਪੀ. ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਸੰਜੀਵ ਕੁਮਾਰ ਅਤੇ ਵਧਵਾ ਸਿੰਘ ਦੀ ਅਗਵਾਈ ’ਚ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਰੇਲ ਗੱਡੀਆਂ ’ਚ ਯਾਤਰੀਆਂ ਦੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਇਕ ਕਥਿਤ ਚੋਰ ਨੂੰ ਕਾਬੂ ਕੀਤਾ ਹੈ ਜਿਸ ਤੋਂ ਚੋਰੀ ਕੀਤੇ ਹੋਏ 3 ਮੋਬਾਈਲ ਫੋਨ ਬਰਾਮਦ ਹੋਏ ਹਨ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨੇ ਦੱਸਿਆ ਕਿ ਚੈਕਿੰਗ ਦੌਰਾਨ ਜੀ. ਆਰ. ਪੀ. ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਅੰਸ਼ਦੀਪ ਉਰਫ ਅੰਸ਼ੂ ਵਾਸੀ ਮਤੋੜਾ ਵਾਲਾ ਵੇਹੜਾ ਮੋਗਾ ਸਿਟੀ ਰੇਲ ਗੱਡੀਆਂ ’ਚ ਸਫਰ ਕਰ ਰਹੇ ਯਾਤਰੀਆਂ ਦੇ ਮੋਬਾਈਲ ਫੋਨ ਚੋਰੀ ਕਰਦਾ ਹੈ ਤਾਂ ਪੁਲਸ ਪਾਰਟੀ ਵੱਲੋਂ ਦੱਸੀ ਗਈ ਜਗ੍ਹਾ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਨਾਮਜ਼ਦ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਚੋਰੀ ਕੀਤੇ ਹੋਏ 3 ਮੋਬਾਈਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਤੋਂ ਪੁੱਛ-ਗਿੱਛ ਕਰ ਕੇ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਹੁਣ ਤੱਕ ਕਿੰਨੀਆਂ ਚੋਰੀਆਂ ਕਰ ਚੁੱਕਾ ਹੈ ਅਤੇ ਉਸ ਨੇ ਚੋਰੀ ਕੀਤਾ ਹੋਇਆ ਸਾਮਾਨ ਕਿਸ-ਕਿਸ ਨੂੰ ਵੇਚਿਆ ਹੈ।
