ਘਰ ਦੇ ਬਾਹਰ ਲੰਘਦੀ ਕੱਸੀ ’ਚ ਡਿੱਗਣ ਨਾਲ ਕਿਸਾਨ ਦੀ ਮੌਤ

Saturday, Jul 11, 2026 - 05:53 PM (IST)

ਘਰ ਦੇ ਬਾਹਰ ਲੰਘਦੀ ਕੱਸੀ ’ਚ ਡਿੱਗਣ ਨਾਲ ਕਿਸਾਨ ਦੀ ਮੌਤ

ਅਬੋਹਰ (ਸੁਨੀਲ) : ਨੇੜਲੇ ਪਿੰਡ ਸੁਖਚੈਨ ’ਚ ਸਨੀਵਾਰ ਦੁਪਹਿਰ ਇਕ 36 ਸਾਲਾ ਕਿਸਾਨ ਦੀ ਕੱਸੀ ’ਚ ਡਿੱਗਣ ਨਾਲ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰੇਮ ਕੁਮਾਰ ਪੁੱਤਰ ਇਮਿਲਾਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਪਿਛਲੇ ਕਈ ਸਾਲਾਂ ਤੋਂ ਮਿਰਗੀ ਦੇ ਦੌਰੇ ਤੋਂ ਪੀੜਤ ਸੀ ਅਤੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਚਾਨਕ ਦੌਰਾ ਪੈਣ ਕਾਰਨ ਉਹ ਸੰਤੁਲਨ ਗੁਆ ਕੇ ਕੱਸੀ ’ਚ ਡਿੱਗ ਗਿਆ। ਰਿਪੋਰਟਾਂ ਅਨੁਸਾਰ ਪ੍ਰੇਮ ਕੁਮਾਰ ਸ਼ਨੀਵਾਰ ਸਵੇਰੇ ਘਰੋਂ ਨਿਕਲਿਆ ਸੀ ਪਰ ਕਾਫੀ ਦੇਰ ਤੱਕ ਵਾਪਸ ਨਹੀਂ ਪਰਤਿਆ ਜਦੋਂ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ ਤਾਂ ਪਿੰਡ ’ਚੋਂ ਲੰਘਦੀ ਕੱਸੀ ’ਚ ਇਕ ਲਾਸ਼ ਤੈਰਦੀ ਹੋਈ ਦੇਖੀ ਗਈ। ਇਸ ਸਬੰਧੀ ਸਮਾਜ ਸੇਵੀ ਸੰਸਥਾ ‘ਨਰ ਸੇਵਾ ਨਾਰਾਇਣ ਸੇਵਾ ਸਮਿਤੀ’ ਨੂੰ ਤੁਰੰਤ ਸੂਚਿਤ ਕੀਤਾ ਗਿਆ।

ਸਮਿਤੀ ਦੇ ਮੈਂਬਰ ਸੋਨੂੰ ਗਰੋਵਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸੀਤੋ ਗੁਨੋ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਹਾਇਕ ਸਬ-ਇੰਸਪੈਕਟਰ ਲਖਵਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਸ ਅਤੇ ਸਮਿਤੀ ਮੈਂਬਰਾਂ ਨੇ ਸਾਂਝੇ ਯਤਨਾਂ ਨਾਲ ਲਾਸ਼ ਨੂੰ ਕੱਸੀ ’ਚੋਂ ਬਾਹਰ ਕੱਢਿਆ। ਸ਼ਨਾਖ਼ਤ ਹੋਣ ’ਤੇ ਪਤਾ ਲੱਗਾ ਕਿ ਲਾਸ਼ ਪਿੰਡ ਦੇ ਹੀ ਨਿਵਾਸੀ ਪ੍ਰੇਮ ਕੁਮਾਰ ਦੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮ੍ਰਿਤਕ ਦਾ ਪਰਿਵਾਰ ਵੀ ਰੋਂਦਾ-ਕੁਰਲਾਉਂਦਾ ਮੌਕੇ ’ਤੇ ਪਹੁੰਚ ਗਿਆ।

ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਪ੍ਰੇਮ ਕੁਮਾਰ ਕਈ ਸਾਲਾਂ ਤੋਂ ਬੀਮਾਰ ਸੀ ਅਤੇ ਉਸ ਨੂੰ ਦੌਰੇ ਪੈਂਦੇ ਸਨ। ਜਿਸ ਕੱਸੀ ’ਚ ਉਹ ਡਿੱਗਿਆ, ਉਹ ਉਨ੍ਹਾਂ ਦੇ ਘਰ ਦੇ ਬਿਲਕੁਲ ਬਾਹਰੋਂ ਲੰਘਦੀ ਹੈ। ਪਰਿਵਾਰ ਮੁਤਾਬਕ ਹੋ ਸਕਦਾ ਹੈ ਕਿ ਅਚਾਨਕ ਦੌਰਾ ਪੈਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਹੋਵੇ ਅਤੇ ਪਾਣੀ ’ਚ ਡਿੱਗ ਗਿਆ ਹੋਵੇ। ਜਦੋਂ ਤੱਕ ਕਿਸੇ ਦੀ ਨਜ਼ਰ ਉਸ ’ਤੇ ਪੈਂਦੀ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾ ਦਿੱਤਾ ਹੈ।


author

Gurminder Singh

Content Editor

Related News