ਘਰਵਾਲੀ ਨੂੰ ਬੇਰਹਿਮੀ ਨਾਲ ਕੁੱਟਣ ਵਾਲਾ ਪਤੀ ਗ੍ਰਿਫ਼ਤਾਰ, ਥਾਣੇ ’ਚ ਲਿਖਤੀ ਤੌਰ ’ਤੇ ਮੰਗੀ ਮੁਆਫ਼ੀ

Thursday, Jul 09, 2026 - 04:48 PM (IST)

ਘਰਵਾਲੀ ਨੂੰ ਬੇਰਹਿਮੀ ਨਾਲ ਕੁੱਟਣ ਵਾਲਾ ਪਤੀ ਗ੍ਰਿਫ਼ਤਾਰ, ਥਾਣੇ ’ਚ ਲਿਖਤੀ ਤੌਰ ’ਤੇ ਮੰਗੀ ਮੁਆਫ਼ੀ

ਅਬੋਹਰ (ਸੁਨੀਲ) : ਸਥਾਨਕ ਮੁਹੱਲਾ ਅਜ਼ੀਮਗੜ੍ਹ 'ਚ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਨਗਰ ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਅਕਤੀ ਨੇ ਆਪਣੀ ਗਲਤੀ ਮੰਨ ਲਈ ਅਤੇ ਲਿਖ਼ਤੀ ਮੁਆਫ਼ੀ ਮੰਗੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਆਪਣੀ ਪਤਨੀ ਨੂੰ ਕਿਉਂ ਕੁੱਟਿਆ ਤਾਂ ਉਸ ਨੇ ਕਿਹਾ ਕਿ ਉਸ ਦਾ ਕੱਲ੍ਹ ਸਵੇਰੇ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ। ਇਸ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਅਤੇ ਉਸ ਨੇ ਉਸ ਨਾਲ ਕੁੱਟਮਾਰ ਕੀਤੀ ਪਰ ਉਹ ਅਜਿਹੀ ਗਲਤੀ ਦੁਬਾਰਾ ਨਹੀਂ ਦੁਹਰਾਏਗਾ। ਜਾਣਕਾਰੀ ਅਨੁਸਾਰ ਬੀਤੇ ਦਿਨ ਅਜ਼ੀਮਗੜ੍ਹ ਵਾਸੀ ਪ੍ਰੇਮ ਕੁਮਾਰ ਆਪਣੀ ਪਤਨੀ ਰੋਹਿਣੀ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ।

ਜਦੋਂ ਕਿਸੇ ਨੇ ਵੀਡੀਓ ਵਾਇਰਲ ਕਰ ਦਿੱਤੀ ਤਾਂ ਮਾਮਲਾ ਹੋਰ ਵੱਧ ਗਿਆ ਅਤੇ ਲੋਕਾਂ ਨੇ ਜ਼ਾਲਮ ਵਿਅਕਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਨਗਰ ਥਾਣਾ ਨੰਬਰ- 2 ਦੇ ਇੰਚਾਰਜ ਰਵਿੰਦਰ ਸਿੰਘ ਭੀਟੀ ਨੇ ਦੱਸਿਆ ਕਿ ਵਿਅਕਤੀ ਦੇ ਸਹੁਰਿਆਂ ਨੇ ਬੀਤੇ ਦਿਨ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਉਸ ਨੂੰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ। ਉਸ ਨੇ ਲਿਖ਼ਤੀ ਤੌਰ ’ਤੇ ਮੁਆਫ਼ੀ ਮੰਗੀ, ਇਹ ਕਹਿੰਦੇ ਹੋਏ ਕਿ ਉਹ ਭਵਿੱਖ 'ਚ ਅਜਿਹਾ ਨਹੀਂ ਦੁਹਰਾਏਗਾ। ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਕੋਲ ਰੱਖੇਗਾ। ਥਾਣਾ ਇੰਚਾਰਜ ਨੇ ਦੱਸਿਆ ਕਿ ਨੌਜਵਾਨ ਦਾ ਮਾਨਸਿਕ ਸੰਤੁਲਨ ਕੁੱਝ ਅਸਥਿਰ ਹੈ। ਜੇਕਰ ਭਵਿੱਖ 'ਚ ਉਸ ਖ਼ਿਲਾਫ਼ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News