ਸ਼ਰਾਬੀ ਨੌਜਵਾਨਾਂ ਦੇ ਹਮਲੇ ’ਚ ਨੌਜਵਾਨ ਜ਼ਖਮੀ
Saturday, Jul 04, 2026 - 02:07 PM (IST)
ਅਬੋਹਰ (ਸੁਨੀਲ) : ਸਥਾਨਕ ਸਰਾਭਾ ਨਗਰ ਵਾਸੀ ਇਕ ਨੌਜਵਾਨ ਨੂੰ ਬੀਤੀ ਰਾਤ ਕੁੱਝ ਸ਼ਰਾਬੀ ਨੌਜਵਾਨਾਂ ਨੇ ਲੁੱਟਣ ਦੇ ਇਰਾਦੇ ਨਾਲ ਅਜੀਤ ਨਗਰ ’ਚ ਫੜ੍ਹ ਲਿਆ। ਜਦੋਂ ਨੌਜਵਾਨਾਂ ਨੂੰ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਉਸ ’ਤੇ ਕਾਪਿਆਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਘਟਨਾ ਸਮੇਂ ਨੌਜਵਾਨ ਅਜੀਤ ਨਗਰ ’ਚ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਦੁੱਧ ਖਰੀਦਣ ਜਾ ਰਿਹਾ ਸੀ ਤਾਂ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਦੋਂ ਕਿ ਉਸ ਦਾ ਦੋਸਤ ਭੱਜ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਰਾਣਾ ਪੁੱਤਰ ਪਰਮਜੀਤ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਪੁੱਤਰ ਰਾਣਾ ਆਪਣੇ ਦੋਸਤ ਸੇਵਕ ਸਿੰਘ ਨਾਲ ਦੁੱਧ ਖਰੀਦਣ ਲਈ ਅਜੀਤ ਨਗਰ ਗਿਆ ਸੀ। ਉਸ ਸਮੇਂ ਉਸ ਦੇ ਦੋਸਤ ਦੀ ਧੀ ਵੀ ਨਾਲ ਸੀ। ਜਦੋਂ ਇਹ ਲੋਕ ਕਾਲਕਾ ਮਾਤਾ ਮੰਦਰ ਨੇੜੇ ਪਹੁੰਚੇ ਤਾਂ ਰਸਤੇ ’ਚ ਤਿੰਨ-ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇਸ ’ਤੇ ਸੇਵਕ ਸਿੰਘ ਮੋਟਰਸਾਈਕਲ ਲੈ ਕੇ ਭੱਜ ਗਿਆ, ਜਦੋਂ ਕਿ ਪਿੱਛੇ ਸਵਾਰ ਰਾਣਾ ਨੂੰ ਮੋਟਰਸਾਈਕਲ ਤੋਂ ਉਤਾਰ ਲਿਆ ਗਿਆ। ਦੋਸ਼ਾਂ ਅਨੁਸਾਰ ਉਕਤ ਲੋਕਾਂ ਨੇ ਰਾਣਾ ਤੋਂ ਮੋਬਾਇਲ ਮੰਗਿਆ। ਜਦੋਂ ਉਸ ਨੇ ਕਿਹਾ ਕਿ ਉਸ ਦੇ ਕੋਲ ਮੋਬਾਇਲ ਨਹੀਂ ਹੈ ਤਾਂ ਉਨ੍ਹਾਂ ਨੇ ਕੁੱਟਮਾਰ ਕਰਦੇ ਹੋਏ ਕਥਿਤ ਤੌਰ ’ਤੇ ਉਸ ਦੀ ਜੇਬ ’ਚੋਂ 500 ਰੁਪਏ ਕੱਢ ਲਏ ਅਤੇ ਕਾਪੇ ਨਾਲ ਹਮਲਾ ਕਰ ਦਿੱਤਾ। ਜਦੋਂ ਉਸ ਨੇ ਆਪਣੇ ਬਚਾਅ ਲਈ ਆਪਣੇ ਹੱਥ ਅੱਗੇ ਕੀਤੇ ਤਾਂ ਕਾਪੇ ਉਸ ਦੀ ਬਾਂਹ ’ਤੇ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਇਸ ਹਮਲੇ ’ਚ ਉਸ ਦੇ ਇਕ ਹੱਥ ਦੀ ਹੱਡੀ ਵੀ ਟੁੱਟ ਗਈ। ਜਦੋਂ ਰਾਣਾ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਅਤੇ ਨੌਜਵਾਨ ਭੱਜ ਗਏ। ਉਸ ਦੇ ਦੋਸਤ ਨੇ ਉਸ ਦੇ ਪਿਤਾ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਸ ਨੂੰ ਰਾਤ 11 ਵਜੇ ਦੇ ਕਰੀਬ ਹਸਪਤਾਲ ’ਚ ਦਾਖਲ ਕਰਵਾਇਆ। ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।
