ਫੈਕਟਰੀ ਦਾ ਸ਼ਟਰ ਤੋੜ ਕੇ ਨਕਦੀ ਅਤੇ 35 ਥਾਨ ਕੱਪੜਾ ਚੋਰੀ
Tuesday, Mar 17, 2026 - 07:02 PM (IST)
ਲੁਧਿਆਣਾ (ਰਾਜ): ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਫੈਕਟਰੀਆਂ ਵੀ ਸੁਰੱਖਿਅਤ ਨਹੀਂ ਰਹੀਆਂ ਹਨ। ਤਾਜ਼ਾ ਮਾਮਲਾ ਬਹਾਦਰ ਕੇ ਰੋਡ ਸਥਿਤ ਮਨਮੋਹਨ ਕਲੋਨੀ ਦਾ ਹੈ, ਜਿੱਥੇ ਜੇ. ਰੂਪ ਓਸਵਾਲ ਨਾਂ ਦੀ ਫੈਕਟਰੀ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਲੱਖਾਂ ਦੇ ਮਾਲ ਅਤੇ ਨਕਦੀ 'ਤੇ ਹੱਥ ਸਾਫ਼ ਕਰ ਦਿੱਤਾ। ਪੁਲਸ ਥਾਣਾ ਬਸਤੀ ਜੋਧੇਵਾਲ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਨ੍ਹਾਂ ਦੇ ਇਕ ਸਾਥੀ ਦੀ ਤਲਾਸ਼ ਵਿਚ ਛਾਪੇਮਾਰੀ ਜਾਰੀ ਹੈ।
ਫੈਕਟਰੀ ਮਾਲਕ ਗਗਨ ਜੈਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ ਮਨਮੋਹਨ ਕਾਲੋਨੀ ਵਿਚ ਫੈਬਰੀਕੇਸ਼ਨ ਦਾ ਕੰਮ ਹੁੰਦਾ ਹੈ। ਬੀਤੀ 20-21 ਫਰਵਰੀ ਦੀ ਦਰਮਿਆਨੀ ਰਾਤ ਅਣਪਛਾਤੇ ਸ਼ਾਤਿਰਾਂ ਨੇ ਫੈਕਟਰੀ ਦੇ ਦਫ਼ਤਰ ਦਾ ਸ਼ਟਰ ਤੋੜ ਕੇ ਅੰਦਰ ਪ੍ਰਵੇਸ਼ ਕੀਤਾ। ਚੋਰਾਂ ਨੇ ਦਫ਼ਤਰ ਵਿੱਚ ਰੱਖੇ ਮੰਦਰ ਵਿੱਚੋਂ ਕਰੀਬ 6-7 ਹਜ਼ਾਰ ਰੁਪਏ ਦੀ ਨਕਦੀ ਅਤੇ ਗੋਦਾਮ ਵਿੱਚੋਂ ਕੱਪੜੇ ਦੇ ਲਗਭਗ 35 ਥਾਨ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਾਰਾ ਸਾਮਾਨ ਇੱਕ 'ਛੋਟਾ ਹਾਥੀ' 'ਤੇ ਲੱਦ ਕੇ ਫਰਾਰ ਹੋ ਗਏ।
ਵਾਰਦਾਤ ਤੋਂ ਬਾਅਦ ਜਦੋਂ ਮਾਲਕ ਨੇ ਆਪਣੇ ਪੱਧਰ 'ਤੇ ਪੜਤਾਲ ਸ਼ੁਰੂ ਕੀਤੀ, ਤਾਂ ਕੜੀਆਂ ਜੁੜਦੀਆਂ ਗਈਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਚੋਰੀ ਦੇ ਪਿੱਛੇ ਆਸ ਮੁਹੰਮਦ ਅਤੇ ਆਸਿਫ਼ ਨਾਮ ਦੇ ਦੋ ਨੌਜਵਾਨਾਂ ਦਾ ਹੱਥ ਹੈ, ਜਿਨ੍ਹਾਂ ਨੇ ਆਪਣੇ ਇੱਕ ਅਣਪਛਾਤੇ ਸਾਥੀ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਮਜ਼ਦ ਮੁਲਜ਼ਮ ਆਸ ਮੁਹੰਮਦ ਅਤੇ ਆਸਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫਰਾਰ ਤੀਜੇ ਸਾਥੀ ਨੂੰ ਵੀ ਜਲਦ ਹੀ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।
