ਫੈਕਟਰੀ ''ਚੋਂ ਲੱਖਾਂ ਰੁਪਏ ਦੀ ਚੋਰੀ, ਨੌਕਰ ਹੀ ਨਿਕਲਿਆ ਮਾਸਟਰਮਾਈਂਡ
Thursday, Mar 05, 2026 - 04:19 PM (IST)
ਲੁਧਿਆਣਾ (ਰਾਜ): ਪਿੰਡ ਰਣੀਆਂ ਵਿਚ ਇਕ ਨਟ-ਬੋਲਟ ਫੈਕਟਰੀ ਦੇ ਵਰਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਾਲਕ ਦੇ ਭਰੋਸੇ ਦਾ ਕਤਲ ਕਰਕੇ ਫੈਕਟਰੀ ਵਿਚੋਂ ਭਾਰੀ ਮਾਤਰਾ ਵਿਚ ਤਿਆਰ ਮਾਲ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਫੈਕਟਰੀ ਮਾਲਕ ਦਮਨਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀ 'ਨਟ-ਬੋਲਟ' ਬਣਾਉਣ ਦੀ ਫੈਕਟਰੀ ਜੇ.ਕੇ. ਰਿਜ਼ੋਰਟ ਦੀ ਬੈਕ ਸਾਈਡ, ਪਿੰਡ ਰਣੀਆਂ ਵਿਚ ਸਥਿਤ ਹੈ। ਉਨ੍ਹਾਂ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਵਰਕਰ ਰਵੀ ਕੁਮਾਰ ਪਾਸਵਾਨ ਨੇ ਰਾਤ ਨੂੰ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਰਵੀ ਨੇ ਆਪਣੇ 3-4 ਅਣਪਛਾਤੇ ਸਾਥੀਆਂ ਨਾਲ ਮਿਲ ਕੇ ਇਕ ਚਿੱਟੇ ਰੰਗ ਦੀ ਬੋਲੈਰੋ ਗੱਡੀ ਦਾ ਇੰਤਜ਼ਾਮ ਕੀਤਾ ਅਤੇ ਫੈਕਟਰੀ ਵਿਚ ਰੱਖਿਆ ਤਿਆਰ ਮਾਲ ਗੱਡੀ ਵਿਚ ਲੱਦ ਕੇ ਫਰਾਰ ਹੋ ਗਿਆ।
ਸ਼ਿਕਾਇਤਕਰਤਾ ਅਨੁਸਾਰ, ਜਦੋਂ ਉਨ੍ਹਾਂ ਨੇ ਫੈਕਟਰੀ ਦੇ ਸਟਾਕ ਦੀ ਜਾਂਚ ਕੀਤੀ, ਤਾਂ ਪਤਾ ਲੱਗਿਆ ਕਿ ਨਟ-ਬੋਲਟ ਦੀਆਂ ਕਰੀਬ 165 ਤੋਂ 170 ਬੋਰੀਆਂ ਗਾਇਬ ਹਨ। ਇੰਨੀ ਵੱਡੀ ਮਾਤਰਾ ਵਿਚ ਮਾਲ ਗਾਇਬ ਦੇਖ ਕੇ ਮਾਲਕ ਦੇ ਹੋਸ਼ ਉੱਡ ਗਏ। ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ ਵਿਚ ਇਹ ਸਾਫ਼ ਹੋ ਗਿਆ ਕਿ ਇਸ ਚੋਰੀ ਦੇ ਪਿੱਛੇ ਕੋਈ ਹੋਰ ਨਹੀਂ, ਸਗੋਂ ਉਨ੍ਹਾਂ ਦਾ ਆਪਣਾ ਹੀ ਪੁਰਾਣਾ ਵਰਕਰ ਰਵੀ ਕੁਮਾਰ ਪਾਸਵਾਨ ਅਤੇ ਉਸ ਦੇ ਸਾਥੀ ਹਨ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਡਾਬਾ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸ-ਪਾਸ ਦੇ ਰਸਤਿਆਂ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਉਸ ਚਿੱਟੀ ਬੋਲੈਰੋ ਗੱਡੀ ਦਾ ਨੰਬਰ ਟ੍ਰੇਸ ਕੀਤਾ ਜਾ ਸਕੇ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਵਰਕਰ ਰਵੀ ਕੁਮਾਰ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਚੋਰੀ ਹੋਏ ਮਾਲ ਦੀ ਕੀਮਤ ਲੱਖਾਂ ਰੁਪਏ ਵਿਚ ਹੈ।
