ਚੋਰਾਂ ਨੇ ਗੁਰੂ ਘਰ ਵੀ ਨਹੀਂ ਬਖਸ਼ੇ! 2 ਗੁਰਦੁਆਰਿਆਂ ''ਚੋਂ ਗੋਲਕ ਤੋੜ ਕੇ ਕੀਤੀ ਚੋਰੀ
Thursday, Apr 16, 2026 - 06:28 PM (IST)
ਲੁਧਿਆਣਾ (ਰਾਜ): ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਚੰਡੀਗੜ੍ਹ ਰੋਡ ਸਥਿਤ ਪਿੰਡ ਜੰਡਿਆਲੀ ਵਿਚ ਬੀਤੀ ਰਾਤ ਚੋਰਾਂ ਨੇ ਦੋ ਗੁਰਦੁਆਰਿਆਂ ਵਿਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਅੱਧੀ ਰਾਤ ਨੂੰ ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਦੇ ਤਾਲੇ ਤੋੜ ਕੇ ਗੋਲਕਾਂ ਵਿਚੋਂ ਨਕਦੀ ਉਡਾ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਵਾਰਦਾਤ ਰਾਤ ਕਰੀਬ 1:30 ਤੋਂ 2:00 ਵਜੇ ਦੇ ਵਿਚਕਾਰ ਹੋਈ। ਚੋਰਾਂ ਬੜੀ ਸਫ਼ਾਈ ਦੇ ਨਾਲ ਗੁਰੂ ਘਰਾਂ ਵਿਚ ਦਾਖ਼ਲ ਹੋਏ ਅਤੇ ਗੋਲਕ ਤੋੜ ਕੇ ਲਗਭਗ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ।
ਘਟਨਾ ਦਾ ਖੁਲਾਸਾ ਸਵੇਰੇ ਉਸ ਸਮੇਂ ਹੋਇਆ ਜਦੋਂ ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪਾਠ ਕਰਨ ਲਈ ਪਹੁੰਚੇ। ਜਿਵੇਂ ਹੀ ਉਨ੍ਹਾਂ ਨੇ ਗੋਲਕ ਟੁੱਟੀ ਹੋਈ ਦੇਖੀ, ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਗੁਰਦੁਆਰਾ ਸਾਹਿਬ ਦੇ ਲਾਊਡਸਪੀਕਰ ਤੋਂ ਅਨਾਊਂਸਮੈਂਟ ਕਰਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਉੱਥੇ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਦੇ ਗ੍ਰੰਥੀ ਨੇ ਵੀ ਚੋਰੀ ਦੀ ਜਾਣਕਾਰੀ ਸਾਂਝੀ ਕੀਤੀ।
ਇਲਾਕੇ ਵਿਚ ਭਾਰੀ ਰੋਸ, ਪੁਲਸ ਜਾਂਚ ਵਿਚ ਜੁਟੀ
ਧਾਰਮਿਕ ਸਥਾਨਾਂ 'ਤੇ ਹੋਈ ਇਸ ਚੋਰੀ ਦੀ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿਚ ਭਾਰੀ ਰੋਸ ਅਤੇ ਚਿੰਤਾ ਦਾ ਮਾਹੌਲ ਹੈ। ਸੂਚਨਾ ਮਿਲਦੇ ਹੀ ਥਾਣਾ ਫੋਕਲ ਪੁਆਇੰਟ ਦੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਮੁਆਇਨਾ ਕੀਤਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਲਈ ਇਲਾਕੇ ਵਿਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
