ਢਾਬੇ ਤੋਂ ਨਕਦੀ, ਮੋਬਾਈਲ ਅਤੇ ਪਰਸ ਚੋਰੀ, ਸੀ.ਸੀ.ਟੀ.ਵੀ. ਵਿਚ ਕੈਦ ਹੋਈ ਘਟਨਾ

Wednesday, Apr 15, 2026 - 01:45 PM (IST)

ਢਾਬੇ ਤੋਂ ਨਕਦੀ, ਮੋਬਾਈਲ ਅਤੇ ਪਰਸ ਚੋਰੀ, ਸੀ.ਸੀ.ਟੀ.ਵੀ. ਵਿਚ ਕੈਦ ਹੋਈ ਘਟਨਾ

ਲੁਧਿਆਣਾ (ਰਾਜ): ਦਰੇਸੀ ਦੇ ਕੋਲ ਸਥਿਤ ਪੁਰਾਣੀ ਸਬਜ਼ੀ ਮੰਡੀ ਵਿਚ ਚੋਰਾਂ ਨੇ ਇਕ ਵਾਰਦਾਤ ਨੂੰ ਅੰਜਾਮ ਦੇ ਕੇ ਪੁਲਸ ਗਸ਼ਤ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇੱਥੇ ਕ੍ਰਿਸ਼ਨਾ ਸਵੀਟ ਸ਼ਾਪ ਦੇ ਕੋਲ ਸਥਿਤ ਮਸ਼ਹੂਰ 'ਅੰਸ਼ੂ ਵੈਜੀਟੇਰੀਅਨ ਢਾਬਾ' ਨੂੰ ਸ਼ਾਤਰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਹਜ਼ਾਰਾਂ ਦੀ ਨਕਦੀ ਸਮੇਤ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਵੇਲੇ ਚੋਰ ਚੋਰੀ ਕਰ ਰਿਹਾ ਸੀ, ਦੁਕਾਨ ਦੇ ਪਿਛਲੇ ਹਿੱਸੇ ਵਿਚ ਕਾਰੀਗਰ ਕੰਮ ਕਰ ਰਹੇ ਸਨ, ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇਹ ਪੂਰੀ ਵਾਰਦਾਤ ਦੁਕਾਨ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ।

ਦੁਕਾਨ ਦੇ ਮਾਲਕ ਸੌਰਭ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਉਸ ਸਮੇਂ ਹੋਈ ਜਦੋਂ ਸਫ਼ਾਈ ਕਰਮਚਾਰੀ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਖ਼ਤਮ ਕਰਕੇ ਅਤੇ ਸ਼ਟਰ ਹੇਠਾਂ ਸੁੱਟ ਕੇ ਬਾਹਰ ਗਿਆ ਸੀ। ਉਸ ਸਮੇਂ ਦੁਕਾਨ ਦੇ ਪਿਛਲੇ ਹਿੱਸੇ ਵਿਚ ਦੋ ਕਾਰੀਗਰ ਭਾਂਡੇ ਮਾਂਝ ਰਹੇ ਸੀ। ਇਸੇ ਦਾ ਫ਼ਾਇਦਾ ਉਠਾ ਕੇ ਇਕ ਅਣਪਛਾਤਾ ਨੌਜਵਾਨ ਬੜੀ ਚਲਾਕੀ ਨਾਲ ਦੁਕਾਨ ਦੇ ਅੰਦਰ ਦਾਖ਼ਲ ਹੋਇਆ। ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਚੋਰ ਕਿੰਨਾ ਸ਼ਾਤਰ ਸੀ; ਉਸ ਨੇ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਰਸੋਈ ਵਿਚ ਜਾ ਕੇ ਗੈਸ ਸਿਲੰਡਰ ਨੂੰ ਚੁੱਲ੍ਹੇ ਤੋਂ ਵੱਖ ਕੀਤਾ ਤਾਂ ਜੋ ਭੱਜਦੇ ਸਮੇਂ ਕੋਈ ਰੁਕਾਵਟ ਨਾ ਆਵੇ।

ਸਿਲੰਡਰ ਹਟਾਉਣ ਤੋਂ ਬਾਅਦ ਮੁਲਜ਼ਮ ਸਿੱਧਾ ਮੇਨ ਕੈਬਿਨ ਯਾਨੀ ਆਫ਼ਿਸ ਵਿਚ ਜਾ ਵੜਿਆ। ਉੱਥੇ ਉਸ ਨੇ ਪਹਿਲਾਂ ਇਕ ਮੋਬਾਈਲ ਚੁੱਕਿਆ ਪਰ ਸ਼ਾਇਦ ਉਸ ਨੂੰ ਪਸੰਦ ਨਹੀਂ ਆਇਆ ਅਤੇ ਉਸ ਨੂੰ ਵਾਪਸ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ ਉੱਥੇ ਰੱਖੇ ਇਕ ਬੈਗ ਅਤੇ ਗੱਲੇ ਵਿਚ ਪਈ ਕਰੀਬ  ਨਕਦੀ 'ਤੇ ਹੱਥ ਸਾਫ਼ ਕੀਤਾ। ਚੋਰ ਆਪਣੇ ਨਾਲ 12 ਹਜ਼ਾਰ ਕੈਸ਼, ਇਕ ਕੀਮਤੀ Oppo ਸਮਾਰਟਫ਼ੋਨ ਅਤੇ ਇਕ ਮਿਨੀ ਪਰਸ ਵੀ ਲੈ ਗਿਆ ਜਿਸ ਵਿਚ ਜ਼ਰੂਰੀ ਕ੍ਰੈਡਿਟ ਅਤੇ ਏ.ਟੀ.ਐੱਮ. ਕਾਰਡ ਮੌਜੂਦ ਸਨ। ਪੀੜਤ ਦੁਕਾਨਦਾਰ ਸੌਰਭ ਨੇ ਚੋਰੀ ਦੀ ਸਾਰੀ ਫੁਟੇਜ ਪੁਲਸ ਦੇ ਹਵਾਲੇ ਕਰਕੇ ਥਾਣਾ ਨੰਬਰ 4 ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਹੁਣ ਸੀ.ਸੀ.ਟੀ.ਵੀ. ਦੇ ਅਧਾਰ 'ਤੇ ਮੁਲਜ਼ਮ ਦੀ ਭਾਲ ਕਰ ਰਹੀ ਹੈ। 


author

Anmol Tagra

Content Editor

Related News