ਪੰਜਾਬ ਬਾਰੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਹੋ ਗਈ ਚਿੱਠੀ

Friday, Apr 17, 2026 - 02:42 PM (IST)

ਪੰਜਾਬ ਬਾਰੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਹੋ ਗਈ ਚਿੱਠੀ

ਚੰਡੀਗੜ੍ਹ (ਵੈੱਬ ਡੈਸਕ, ਟੱਕਰ): ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਂਦਰ ਵੱਲੋਂ ਕਣਕ ਖ਼ਰੀਦ ਮਾਪਦੰਡਾਂ ’ਚ ਛੋਟ ਦੇ ਦਿੱਤੀ ਗਈ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬਾਕਾਇਦਾ ਇਸ ਦੀ ਚਿੱਠੀ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਕੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਇਸ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਹਾੜ੍ਹੀ ਸੀਜ਼ਨ 2026-27 ਲਈ ਕਣਕ ਦੀ ਖ਼ਰੀਦ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਸੂਬੇ ਵਿਚ ਹੋਈ ਬੇਮੌਸਮੀ ਬਾਰਿਸ਼ ਕਾਰਨ ਪ੍ਰਭਾਵਿਤ ਹੋਈ ਫ਼ਸਲ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਭਾਰਤ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ (ਖੁਰਾਕ ਅਤੇ ਜਨਤਕ ਵੰਡ ਵਿਭਾਗ) ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿਚ ਹੋਈ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਸੀ। ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਫ਼ਸਲ ਨੂੰ ਘੱਟ ਕੀਮਤ 'ਤੇ ਵਿਕਣ ਤੋਂ ਰੋਕਣ ਲਈ ਸਰਕਾਰ ਨੇ ਖ਼ਰੀਦ ਦੇ ਮਾਪਦੰਡਾਂ ਵਿਚ ਤੁਰੰਤ ਪ੍ਰਭਾਵ ਨਾਲ ਢਿੱਲ ਦਿੱਤੀ ਹੈ।

PunjabKesari

ਖ਼ਰੀਦ ਨਿਯਮਾਂ ਵਿਚ ਦਿੱਤੀਆਂ ਗਈਆਂ ਮੁੱਖ ਛੋਟਾਂ:

1.  ਚਮਕ ਵਿਚ ਕਮੀ: ਕਣਕ ਦੀ ਚਮਕ ਘਟਣ ਦੀ ਸੀਮਾ ਨੂੰ ਵਧਾ ਕੇ 70% ਤੱਕ ਕਰ ਦਿੱਤਾ ਗਿਆ ਹੈ।
2.  ਸੁੰਗੜੇ ਅਤੇ ਟੁੱਟੇ ਦਾਣੇ : ਸੁੰਗੜੇ ਅਤੇ ਟੁੱਟੇ ਦਾਣਿਆਂ ਦੀ ਹੱਦ, ਜੋ ਪਹਿਲਾਂ 6% ਸੀ, ਉਸ ਨੂੰ ਵਧਾ ਕੇ ਹੁਣ 15% ਤੱਕ ਕਰ ਦਿੱਤਾ ਗਿਆ ਹੈ।
3.  ਖ਼ਰਾਬ ਦਾਣੇ : ਪੂਰੀ ਤਰ੍ਹਾਂ ਖ਼ਰਾਬ ਅਤੇ ਮਾਮੂਲੀ ਖ਼ਰਾਬ ਹੋਏ ਦਾਣਿਆਂ ਦੀ ਕੁੱਲ ਮਾਤਰਾ 6% ਤੋਂ ਵੱਧ ਨਹੀਂ ਹੋਣੀ ਚਾਹੀਦੀ।

ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਨਰਮ ਕੀਤੇ ਨਿਯਮਾਂ ਤਹਿਤ ਖ਼ਰੀਦੀ ਗਈ ਕਣਕ ਨੂੰ ਵੱਖਰੇ ਤੌਰ 'ਤੇ ਸਟੋਰ ਕੀਤਾ ਜਾਵੇਗਾ ਅਤੇ ਇਸ ਦਾ ਹਿਸਾਬ-ਕਿਤਾਬ ਵੀ ਵੱਖਰਾ ਰੱਖਿਆ ਜਾਵੇਗਾ। ਇਸ ਸਟਾਕ ਨੂੰ ਪਹਿਲ ਦੇ ਅਧਾਰ 'ਤੇ ਜਨਤਕ ਵੰਡ ਪ੍ਰਣਾਲੀ ਲਈ ਭੇਜਿਆ ਜਾਵੇਗਾ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਟੋਰੇਜ ਦੌਰਾਨ ਕਣਕ ਦੀ ਗੁਣਵੱਤਾ ਵਿਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਹੋਵੇਗੀ। ਇਸ ਫੈਸਲੇ ਨਾਲ ਪੰਜਾਬ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਵਿਚ ਤੇਜ਼ੀ ਆਉਣ ਦੀ ਉਮੀਦ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਵੱਡੀ ਮਦਦ ਮਿਲੇਗੀ ਜਿਨ੍ਹਾਂ ਦੀ ਫ਼ਸਲ ਮੀਂਹ ਕਾਰਨ ਖ਼ਰਾਬ ਹੋ ਗਈ ਸੀ।

ਕੇਂਦਰੀ ਟੀਮਾਂ ਨੇ ਲਏ ਸੀ ਨਮੂਨੇ

ਇੱਥੇ ਇਹ ਵੀ ਦੱਸਣਯੋਗ ਹੈ ਕਿ ਕੇਂਦਰੀ ਟੀਮ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀਆਂ ਵੱਖ ਵੱਖ ਮੰਡੀਆਂ ਦੇ ਦੌਰੇ 'ਤੇ ਸਨ ਅਤੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੀਆਂ ਮੰਡੀਆਂ ’ਚੋਂ ਕਣਕ ਦੇ 300 ਦੇ ਕਰੀਬ ਨਮੂਨੇ ਭਰੇ ਗਏ ਸਨ। ਭਾਰਤੀ ਖ਼ੁਰਾਕ ਨਿਗਮ ਦੀ ਚੰਡੀਗੜ੍ਹ ਸਥਿਤ ਲੈਬ ’ਚ ਨਮੂਨਿਆਂ ਦੀ ਟੈਸਟਿੰਗ ਹੋਈ। ਸਮੁੱਚੇ ਨਮੂਨਿਆਂ ਦੀ ਰਿਪੋਰਟ ਮੁਕੰਮਲ ਹੋਣ ਮਗਰੋਂ ਕੇਂਦਰੀ ਟੀਮ ਨੇ ਰਿਪੋਰਟ ਖ਼ੁਰਾਕ ਮੰਤਰਾਲੇ ਨੂੰ ਭੇਜ ਦਿੱਤੀ ਗਈ ਤੇ ਅੱਜ ਕੇਂਦਰ ਵੱਲੋਂ ਰਾਹਤ ਦੇਣ ਬਾਰੇ ਚਿੱਠੀ ਜਾਰੀ ਕਰ ਦਿੱਤੀ ਗਈ ਹੈ। 


author

Anmol Tagra

Content Editor

Related News