ਨੌਜਵਾਨ ਨੂੰ ਗੰਜਾ ਕਰ ਕੇ ਕੁੱਟਮਾਰ ਕਰਨ ਵਾਲੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ
Tuesday, Apr 21, 2026 - 05:48 PM (IST)
ਲੁਧਿਆਣਾ (ਅਨਿਲ)- ਥਾਣਾ ਜੋਧੇਵਾਲ ਦੇ ਇਲਾਕੇ ਨੂਰਵਾਲਾ ਰੋਡ ’ਤੇ ਸ਼ਨੀਵਾਰ ਨੂੰ ਕੁਝ ਲੋਕਾਂ ਵੱਲੋਂ ਇਕ ਨੌਜਵਾਨ ਨੂੰ ਚੋਰੀ ਕਰਨ ਦੇ ਦੋਸ਼ ਵਿਚ ਫੜਿਆ ਗਿਆ ਸੀ ਜਿਸ ਤੋਂ ਬਾਅਦ ਉਕਤ ਲੋਕਾਂ ਨੇ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਸਿਰ ਗੰਜਾ ਕਰਕੇ ਉਸ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ।
ਇਸ ਤੋਂ ਬਾਅਦ ਜਦੋਂ ਉਕਤ ਮਾਮਲਾ ਪੁਲਸ ਦੇ ਧਿਆਨ ਵਿਚ ਆਇਆ ਤਾਂ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦਿਆਂ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਏ.ਸੀ.ਪੀ. ਨਾਰਥ ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੁੰਦੀ ਦਿਖਾਈ ਦਿੱਤੀ ਜਿਸ ਵਿਚ ਇਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਉਸ ਦੇ ਨਾਲ ਕੁਝ ਲੋਕ ਕੁੱਟਮਾਰ ਕਰਕੇ ਉਸ ਦੇ ਸਿਰ ਦੇ ਬਾਲਾਂ ਨੂੰ ਮਸ਼ੀਨ ਨਾਲ ਕੱਟਦੇ ਹੋਏ ਦਿਖਾਈ ਦਿੱਤੇ ਜਿਸÇ ਵਿਚ ਲੋਕ ਨੌਜਵਾਨ ਦੇ ਨਾਲ ਕੁੱਟਮਾਰ ਕਰਦੇ ਵੀ ਦਿਖਾਈ ਦੇ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲੇ ’ਤੇ ਸਖਤ ਕਾਰਵਾਈ ਕਰਦੇ ਏ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦਾ ਰਿਕਾਰਡ ਹਾਸਲ ਕੀਤਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕਾਨੂੰਨ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਚੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਲੋਕਾਂ ਨੂੰ ਉਸ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣੀ ਚਾਹੀਦੀ ਹੈ ਨਾ ਕੀ ਖੁਦ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਕੇ ਕਿਸੇ ਦੇ ਨਾਲ ਕੁੱਟਮਾਰ ਕਰਨੀ ਚਾਹੀਦੀ ਹੈ।
