ਸਾਵਧਾਨ! Facebook-WhatsApp ਹੈਕ ਕਰ ਕੇ ਠੱਗੀਆਂ ਮਾਰ ਰਹੇ ਸਾਈਬਰ ਠੱਗ
Wednesday, Apr 29, 2026 - 06:43 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਅੱਜ ਕੱਲ ਠੱਗਾਂ ਨੇ ਆਨਲਾਈਨ ਠੱਗੀਆਂ ਮਾਰਨ ਦਾ ਕੰਮ ਜ਼ੋਰਾਂ 'ਤੇ ਆਰੰਭ ਕੀਤਾ ਹੋਇਆ ਹੈ ਅਤੇ ਕਈ ਲੋਕਾਂ ਨੂੰ ਜਾਲ ਵਿਚ ਫਸਾ ਚੁੱਕੇ ਹਨ। ਇਸ ਦੀ ਤਾਜ਼ਾ ਉਦਾਹਰਨ ਉਦੋਂ ਦੇਖਣ ਨੂੰ ਮਿਲੀ ਜਦੋਂ ਠੱਗਾਂ ਨੇ ਸ਼ਹਿਰ ਦੇ ਡਾ. ਭੁਪਿੰਦਰ ਸਿੰਘ ਦੀ ਫੇਸਬੁੱਕ ਆਈ.ਡੀ ਹੈਕ ਕਰਕੇ ਉਸ ਦੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਵਾਉਣ ਲੱਗ ਪਏ। ਜਿਉਂ ਹੀ ਠੱਗ ਪੈਸੇ ਪਵਾਉਣ ਲਈ ਮੈਸੇਜ ਪਾਉਂਦਾ ਤਾਂ ਕਈ ਜਾਣ ਪਛਾਣ ਵਾਲੇ ਬਿਨਾਂ ਇਨਕੁਆਰੀ ਜਾਂ ਪੁੱਛੇ ਬਿਨਾਂ ਹੀ ਭਰਾਤਰੀ ਭਾਈਚਾਰੇ ਨੂੰ ਮੱਦੇਨਜ਼ਰ ਰੱਖਦਿਆਂ ਪੈਸੇ ਪਾ ਦਿੰਦੇ ਸਨ। ਇਸ ਦਾ ਪਤਾ ਜਦੋਂ ਡਾਕਟਰ ਸਾਹਿਬ ਨੂੰ ਲੱਗਾ ਤਾਂ ਉਨ੍ਹਾਂ ਨੇ ਸਾਈਬਰ ਕ੍ਰਾਈਮ ਜਗਰਾਉਂ ਵਿਚ ਦਰਖਾਸਤ ਦੇ ਕੇ ਫੇਸਬੁਕ ਅਕਾਊਂਟ ਹੀ ਬੰਦ ਕਰਵਾ ਦਿੱਤਾ।
ਪਰ ਅੱਜ ਉਦੋਂ ਹੈਰਾਨੀ ਹੋਈ ਜਦੋਂ ਡਾਕਟਰ ਸਾਹਿਬ ਦੀ ਆਈ.ਡੀ ਵਰਤ ਕੇ ਉਨ੍ਹਾਂ ਦੇ ਵਟਸਐਪ 'ਤੇ ਕਿਊ.ਆਰ. ਕੋਡ ਪਾ ਕੇ ਫਿਰ ਠੱਗਾਂ ਨੇ ਪੈਸੇ ਪਾਉਣ ਦੀ ਮੰਗ ਕੀਤੀ ਕਿ ਮੇਰੀ ਦੋਸਤ ਨੂੰ 8000 ਰੁਪਏ ਤੁਰੰਤ ਚਾਹੀਦੇ ਹਨ। ਕਿਊ.ਆਰ.ਵੀ ਕੋਡ 'ਤੇ ਪਾ ਦਿਓ ਮੈਂ ਵਾਪਸ ਕਰ ਦੇਵਾਂਗਾ। ਇਹ ਮੈਸੇਜ ਡਾਕਟਰ ਸਾਹਿਬ ਦੇ ਬਹੁਤ ਨਜਦੀਕੀ ਮਿੱਤਰ ਨੂੰ ਮਿਲ ਗਿਆ ਜੋ ਕਿ ਡਾਕਟਰ ਸਾਹਿਬ ਦੀ ਸ਼ਖਸ਼ੀਅਤ ਬਾਰੇ ਭਲੀ ਭਾਂਤ ਜਾਣੂ ਸੀ। ਉਸ ਨੇ ਡਾਕਟਰ ਸਾਹਿਬ ਨਾਲ ਮੋਬਾਇਲ 'ਤੇ ਰਾਬਤਾ ਕਾਇਮ ਕੀਤਾ ਅਤੇ ਪੈਸੇ ਮੰਗਣ ਦੀ ਗੱਲ ਦੱਸੀ ਤਾਂ ਪੂਰਾ ਖੁਲਾਸਾ ਹੋਇਆ ਕਿ ਇਹ ਠੱਗ ਵਿਅਕਤੀ ਪਹਿਲਾਂ ਫੇਸਬੁਕ ਹੈਕ ਕਰਕੇ ਠੱਗੀਆਂ ਮਾਰਦੇ ਸਨ। ਹੁਣ ਵਟਸਐਪ ਵੀ ਹੈਕ ਕਰਕੇ ਆਪਣੇ ਖਾਤਿਆਂ ਵਿਚ ਪੈਸੇ ਪਵਾ ਕੇ ਜਿੱਥੇ ਆਮ ਲੋਕਾਂ ਨੂੰ ਲੁੱਟ ਰਹੇ ਹਨ, ਉੱਥੇ ਚੰਗੀਆਂ ਸ਼ਖਸ਼ੀਅਤਾਂ ਵਾਲੇ ਲੋਕਾਂ ਨੂੰ ਬਦਨਾਮ ਵੀ ਕਰ ਰਹੇ ਹਨ। ਇਸ ਕਰਕੇ ਇਨ੍ਹਾਂ ਠੱਗਾਂ ਤੋਂ ਬਚੋ ਅਤੇ ਜੇਕਰ ਤੁਹਾਨੂੰ ਕੋਈ ਅਜਿਹਾ ਮੈਸੇਜ ਆਉਂਦਾ ਹੈ ਤਾਂ ਵਟਸਐਪ ਮੈਂਬਰ ਨਾਲ ਜਰੂਰ ਸੰਪਰਕ ਕਰ ਲਵੋ ਨਹੀਂ ਤਾਂ ਤੁਸੀਂ ਵੀ ਇਨ੍ਹਾਂ ਦੇ ਸ਼ਿਕਾਰ ਹੋ ਸਕਦੇ ਹੋ।
