ਲੁਧਿਆਣਾ ''ਚ ਗੁੰਡਾਗਰਦੀ: ਆਰਤੀ ਸਿਨੇਮਾ ਕੋਲ ਮਹਿਲਾ ਡਾਕਟਰ ਨੂੰ ਧੱਕਾ ਮਾਰ ਕੇ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫ਼ਰਾਰ
Thursday, Apr 23, 2026 - 09:24 AM (IST)
ਲੁਧਿਆਣਾ (ਗੌਤਮ) : ਫਿਰੋਜ਼ਪੁਰ ਰੋਡ ’ਤੇ ਆਰਤੀ ਸਿਨੇਮਾ ਕੋਲ ਕਾਰ ’ਚ ਬੈਠ ਰਹੀ ਮਹਿਲਾ ਡਾਕਟਰ ਦੇ ਗਲੇ ’ਚੋਂ ਬਾਈਕ ਸਵਾਰ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੂੰ ਫੜਨ ਲਈ ਲੋਕ ਉਨ੍ਹਾਂ ਦੇ ਪਿੱਛੇ ਭੱਜੇ ਪਰ ਦੋਵੇਂ ਲੁਟੇਰੇ ਸਰਾਭਾ ਨਗਰ ਵੱਲ ਭੱਜ ਗਏ। ਲੁਟੇਰਿਆਂ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਪੁਲਸ ਨੇ ਫੁਟੇਜ ਚੈੱਕ ਕਰਕੇ ਮੁਲਜ਼ਮਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਦਾ ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਮੌਕੇ ’ਤੇ ਪੁੱਜ ਗਈ। ਕਾਰਵਾਈ ਕਰਦਿਆਂ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਸਲੇਮ ਟਾਬਰੀ ’ਚ ਸਥਿਤ ਸਿੰਗਲਾ ਹਸਪਤਾਲ ਦੇ ਡਾਕਟਰ ਸ਼ਾਮ ਸੁੰਦਰ ਸਿੰਗਲਾ ਦੇ ਬਿਆਨ ’ਤੇ ਦੋ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ
ਪੁਲਸ ਨੂੰ ਦਿੱਤੇ ਬਿਆਨ ’ਚ ਡਾ. ਸ਼ਾਮ ਸੁੰਦਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਆਰਤੀ ਚੌਕ ’ਚ ਸਥਿਤ ਮਹਾਰਾਜ ਹੋਟਲ ’ਚ ਖਾਣਾ ਖਾਣ ਲਈ ਗਏ ਸਨ ਅਤੇ ਗੱਡੀ ਉਨ੍ਹਾਂ ਨੇ ਹੋਟਲ ਦੇ ਸਾਹਮਣੇ ਪਾਰਕ ਕੀਤੀ ਸੀ। ਜਦੋਂ ਵਾਪਸੀ ’ਤੇ ਉਨ੍ਹਾਂ ਦੀ ਪਤਨੀ ਕਾਰ ’ਚ ਬੈਠਣ ਲੱਗੀ ਤਾਂ ਪਿੱਛਿਓਂ ਆ ਕੇ ਇਕ ਨੌਜਵਾਨ ਨੇ ਉਨ੍ਹਾਂ ਨੂੰ ਧੱਕਾ ਮਾਰਿਆ ਅਤੇ ਉਸ ਦੇ ਗਲੇ ’ਚ ਪਹਿਨੀ ਹੋਈ ਸੋਨੇ ਦੀ ਚੇਨ ਖੋਹ ਕੇ ਭੱਜ ਨਿਕਲਿਆ। ਨੌਜਵਾਨ ਦਾ ਦੂਜਾ ਸਾਥੀ ਮੋਟਰਸਾਈਕਲ ਸਟਾਰਟ ਕਰਕੇ ਪਹਿਲਾਂ ਹੀ ਖੜ੍ਹਾ ਸੀ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਯਸ਼ਪਾਲ ਨੇ ਦੱਸਿਆ ਕਿ ਵਾਰਦਾਤ ਵਾਲੀ ਜਗ੍ਹਾ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਅਤੇ ਅਗਲੇ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਰਾਭਾ ਨਗਰ ਵੱਲੋਂ ਮਲਹਾਰ ਰੋਡ ਤੋਂ ਹੁੰਦੇ ਹੋਏ ਸ਼ੇਰਪੁਰ ਵੱਲ ਭੱਜੇ ਅਤੇ ਅੱਗੇ ਗਲੀਆਂ ’ਚ ਵੜ ਗਏ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਮੌਕੇ ’ਤੇ ਹੀ ਔਰਤ ਨੂੰ ਕੀਤਾ ਟਾਰਗੈੱਟ
ਮੌਕੇ ’ਤੇ ਮਿਲੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਸ਼ਿਕਾਰ ਦੀ ਭਾਲ ’ਚ ਪਹਿਲਾਂ ਹੀ ਉਥੇ ਘੁੰਮ ਰਹੇ ਸਨ। ਜਦੋਂ ਉਨ੍ਹਾਂ ਨੇ ਹੋਟਲ ਤੋਂ ਡਾਕਟਰ ਜੋੜੇ ਨੂੰ ਬਾਹਰ ਨਿਕਲਦੇ ਦੇਖਿਆ ਤਾਂ ਉਹ ਗੇੜੇ ਲਾ ਕੇ ਵਾਪਸ ਆਏ। ਇਕ ਨੌਜਵਾਨ ਮੋਟਰਸਾਈਕਲ ਸਟਾਰਟ ਕਰਕੇ ਸੜਕ ਦੇ ਕੰਢੇ ਖੜ੍ਹਾ ਰਿਹਾ ਅਤੇ ਪਿੱਛੇ ਬੈਠਾ ਨੌਜਵਾਨ ਵਾਰਦਾਤ ਕਰਨ ਲਈ ਚਲਾ ਗਿਆ। ਜਿਵੇਂ ਹੀ ਔਰਤ ਕਾਰ ’ਚ ਬੈਠਣ ਲੱਗੀ ਤਾਂ ਉਸ ਨੇ ਪਹਿਲਾਂ ਉਸ ਨੂੰ ਧੱਕਾ ਮਾਰਿਆ, ਜਿਸ ਕਾਰਨ ਉਹ ਘਬਰਾ ਗਈ ਅਤੇ ਉਹ ਉਸ ਦੇ ਗਲੇ ’ਚੋਂ ਚੇਨ ਖੋਹ ਕੇ ਫ਼ਰਾਰ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
