14 ਲੱਖ ਰੁਪਏ ਦੇ ਕਾਰਡ ਚੋਰੀ ਕਰ ਕੇ 20 ਹਜ਼ਾਰ ਰੁਪਏ ''ਚ ਵੇਚ ਗਏ ਚੋਰ

Friday, Apr 17, 2026 - 11:52 AM (IST)

14 ਲੱਖ ਰੁਪਏ ਦੇ ਕਾਰਡ ਚੋਰੀ ਕਰ ਕੇ 20 ਹਜ਼ਾਰ ਰੁਪਏ ''ਚ ਵੇਚ ਗਏ ਚੋਰ

ਖੰਨਾ (ਵਿਪਨ): ਖੰਨਾ ਪੁਲਸ ਵੱਲੋਂ ਟਾਵਰਾਂ ਤੋਂ ਮਹਿੰਗੇ ਕਾਰਡ ਚੋਰੀ ਕਰਕੇ ਕੌਡੀਆਂ ਦੇ ਭਾਅ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦਕਿ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਕਰੀਬ 70 ਟਾਵਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਲਗਭਗ 14 ਲੱਖ ਰੁਪਏ ਦੇ ਕਾਰਡ ਸਿਰਫ 20 ਹਜ਼ਾਰ ਵਿਚ ਵੇਚ ਦਿੱਤੇ ਗਏ। 

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਰਣਧੀਰ ਸਿੰਘ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਏਅਰਟੈਲ ਕੰਪਨੀ ਦੇ ਟਾਵਰਾਂ ਤੋਂ ਕਾਰਡ ਲਗਾਤਾਰ ਚੋਰੀ ਹੋ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਐੱਸ.ਐੱਚ.ਓ. ਸਦਰ ਸੰਦੀਪ ਕੁਮਾਰ ਅਤੇ ਸਬ-ਇੰਸਪੈਕਟਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਟੈਕਨੀਕਲ ਸੈਲ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ।

ਜਾਂਚ ਦੌਰਾਨ ਪੁਲਸ ਨੇ ਪੰਕਜ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਅਖਲੇਸ਼ (ਨਿਵਾਸੀ ਅੰਬਾਲਾ) ਨੂੰ ਕਾਬੂ ਕੀਤਾ, ਜਦਕਿ ਇਕ ਹੋਰ ਮੁਲਜ਼ਮ ਸਚਿਨ ਦੀ ਭਾਲ ਜਾਰੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਇਸ ਦਾ ਸਾਥੀ ਪਹਿਲਾਂ ਏਅਰਟੈਲ ਕੰਪਨੀ ਵਿਚ ਕੰਮ ਕਰਦੇ ਰਹੇ ਹਨ ਅਤੇ ਅੰਦਰੂਨੀ ਜਾਣਕਾਰੀ ਦੇ ਆਧਾਰ ’ਤੇ ਇਨ੍ਹਾਂ ਵੱਲੋਂ ਕਰੀਬ 70 ਟਾਵਰਾਂ ’ਤੇ ਚੋਰੀਆਂ ਕੀਤੀਆਂ ਗਈਆਂ।

ਪੁਲਸ ਮੁਤਾਬਕ ਚੋਰੀ ਕੀਤੇ ਗਏ ਕਾਰਡਾਂ ਦੀ ਕੁੱਲ ਕੀਮਤ ਕਰੀਬ 14 ਲੱਖ ਰੁਪਏ ਬਣਦੀ ਹੈ, ਜਦਕਿ ਦੋਸ਼ੀ ਇਹ ਕਾਰਡ ਉੱਤਰ ਪ੍ਰਦੇਸ਼ ਦੇ ਇਕ ਕਬਾੜੀਏ ਨੂੰ ਕੇਵਲ ਕਰੀਬ 20 ਹਜ਼ਾਰ ਰੁਪਏ ਵਿਚ ਵੇਚ ਦਿੰਦੇ ਸਨ। ਡੀ.ਐੱਸ.ਪੀ. ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ ਵੱਲੋਂ ਗਿਰੋਹ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ।


author

Anmol Tagra

Content Editor

Related News